ਮਾਊਂਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਨੇ ‘ਵਰਲਡ ਪੋਸਟ ਡੇ’ ਮੌਕੇ ਕੀਤਾ ਡਾਕਘਰ ਦਾ ਦੌਰਾ

ਮੋਗਾ,9 ਅਕਤੂਬਰ (ਜਸ਼ਨ): ਸੈਰ-ਸਪਾਟਾ ਆਪਣੇ ਆਪ ‘ਚ ਸਿੱਖਣ ਦੀ ਕਲਾ ਹੈ ਵਿਸ਼ੇਸ਼ਕਰ ਇਹ ਜਾਣਨ ਲਈ ਕਿ ਸਾਡੇ ਆਲੇ ਦੁਆਲੇ ਦਾ ਢਾਂਚਾ ਕਿਵੇਂ ਕੰਮ ਕਰ ਰਿਹਾ ਹੈ। ਇਸੇ ਮੰਤਵ ਨਾਲ ਅੱਜ ਮਾਉਂਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਨੇ ਪੋਸਟ ਆਫਿਸ ਜਾ ਕੇ ‘ਵਰਲਡ ਪੋਸਟ ਡੇ’ ਮਨਾਇਆ। ਇਸੇ ਤਰਾਂ ਅੱਜ ਮਾਊਂਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਨੇ ਡਾਕ ਦੀ ਮਹੱਤਤਾ ਜਾਣਨ ਲਈ ਮੋਗਾ ਜ਼ਿਲੇ ਦੇ ਮੁੱਖ ਡਾਕ ਘਰ ‘ਚ ਜਾ ਕੇ ਉੱਥੋਂ ਦੇ ਗੁੰਝਲਦਾਰ ਡਾਕ ਢਾਂਚੇ ਨੂੰ ਖੁਦ ਡਾਕਘਰ ਦੇ ਕਰਮਚਾਰੀਆਂ ਤੋਂ ਸਿੱਖਿਆ। ਇਸ ਮੌਕੇ ਡਾਕਘਰ ਦੇ ਕਰਮਚਾਰੀਆਂ ਨੇ ਮਾਊਂਟ ਲਿਟਰਾ ਜ਼ੀ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ । ਇਸ ਦੌਰਾਨ ਬੱਚਿਆਂ ਨੂੰ ਕਰਮਚਾਰੀਆਂ ਨੇ ਸਮਝਾਉਂਦਿਆਂ ਦੱਸਿਆ ਕਿ ਕਿੰਝ ਡਾਕ ਵਿਚ ਆਏ ਪੱਤਰਾਂ ਨੂੰ ਵੱਖ ਵੱਖ ਪਤਿਆਂ ’ਤੇ ਭੇਜਣ ਲਈ ਛਾਂਟਿਆ ਜਾਂਦਾ ਹੈ। ਬੱਚਿਆਂ ਨੂੰ ਈਮੇਲ ਅਤੇ ਫੈਕਸ ਦੇ ਯੁੱਗ ਵਿਚ ਡਾਕ ਪ੍ਰਣਾਲੀ ਦਾ ਪੁਰਾਤਨ ਢਾਂਚਾ ਸਮਝ ਕੇ ਬਹੁਤ ਹੈਰਾਨੀ ਹੋਈ। ਇਸ ਮੌਕੇ ਬੱਚਿਆਂ ਨੇ ਡਾਕਘਰ ਵਿਚ ਬਣੇ ਵੱਖ ਵੱਖ ਕਾਂਊਂਟਰਾਂ ’ਤੇ ਡਾਕ ਟਿਕਟਾਂ ,ਡਾਕ ਲਿਫ਼ਾਫਿਆਂ ਅਤੇ ਪੋਸਟ ਕਾਰਡ ਵੀ  ਦੇਖੇ। ਬਾਅਦ ਵਿਚ ਬੱਚਿਆਂ ਨੇ ਉਨਾਂ ਲਿਫਾਫਿਆਂ ਨੂੰ ਪੋਸਟ ਕੀਤਾ ਜੋ ਉਨਾਂ ਆਪਣੀਆਂ ਜਮਾਤਾਂ ਵਿਚ ਹੱਥੀਂ ਤਿਆਰ ਕੀਤੇ ਸਨ। ਉਹਨਾਂ ਆਪਣੇ ਆਪ ਡਰਾਇੰਗ ਕਰਕੇ, ਉਹਨਾਂ ਦੇ ਨਾਮ ਲਿਖ ਕੇ ਅਤੇ ਇੱਕ ਮਿਤੀ ਪਾ ਕੇ ਆਪਣੇ ਹੀ ਪਿਆਰੇ ਮਾਊਂਟ ਲਿਟਰਾ ਜ਼ੀ ਸਕੂਲ ਲਈ ਸੰਬੋਧਿਤ ਲਿਫਾਫਿਆਂ ਵਿਚ ਰੱਖੇ  ਪੱਤਰ ਬੰਦ ਕਰਕੇ ਦਿਲਚਸਪ ਸਟੈਂਪਾਂ ਲਗਾ ਕੇ ਪੋਸਟ ਬਾਕਸ ਵਿਚ ਪਾਏ । ਨਿਸ਼ਚੈ ਹੀ ਵਿਦਿਆਰਥੀਆਂ ਲਈ ਇਹ ਅਨੰਦਦਾਇਕ ਪਲ ਸਨ ।