ਸਰਬੱਤ ਸਿਹਤ ਬੀਮਾ ਯੋਜਨਾ ਅਧੀਨ 125 ਹੋਰ ਨਿੱਜੀ ਹਸਪਤਾਲ ਸੂਚੀਬੱਧ,ਲਾਭਪਾਤਰੀਆਂ ਨੂੰ ਲਗਭਗ 32 ਲੱਖ 54 ਹਜ਼ਾਰ ਈ-ਕਾਰਡ ਜਾਰੀ : ਬਲਬੀਰ ਸਿੰਘ ਸਿੱਧੂ

ਚੰਡੀਗੜ, 9 ਅਕਤੂਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਕਾਇਮ ਰੱਖਦਿਆਂ ਸੂਬਾ ਸਰਕਾਰ ਨੇ ਅੱਜ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ 125 ਹੋਰ ਨਿੱਜੀ ਹਸਪਤਾਲਾਂ ਨੂੰ ਸੂਚੀਬੱਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਜਾਣਕਾਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਦਿੱਤੀ। ਇਸ ਸਬੰਧੀ ਵੇਰਵੇ ਦਿੰਦਿਆਂ ਸ. ਸਿੱਧੂ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ 125 ਨਿੱਜੀ ਹਸਪਤਾਲਾਂ ਨੂੰ ਸੂਚੀਬੱਧ ਕਰਨ ਨਾਲ ਹੁਣ ਕੁੱਲ 361 ਨਿੱਜੀ ਹਸਪਤਾਲ ਲਾਭਪਾਤਰੀਆਂ ਨੂੰ ਦੂਜੇ ਅਤੇ ਤੀਜੇ ਦਰਜੇ ਦੀਆਂ ਸਿਹਤ ਸੇਵਾਵਾਂ (ਆਪ੍ਰੇਸ਼ਨ ਅਤੇ ਸਰਜਰੀ) ਮੁਹੱਈਆ ਕਰਵਾ ਰਹੇ ਹਨ। ਉਹਨਾਂ ਦੱਸਿਆ ਕਿ ਮੌਜੂਦਾ ਸਮੇਂ 202 ਸਰਕਾਰੀ ਹਸਪਤਾਲ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਪਹਿਲਾਂ ਹੀ ਸੂਚੀਬੱਧ ਹਨ ਅਤੇ ਇਸ ਅੰਕੜੇ ਨਾਲ ਹੁਣ ਸੂਬੇ ਵਿਚ 563 ਸਰਕਾਰੀ ਅਤੇ ਨਿੱਜੀ ਹਸਪਤਾਲ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਇਸ ਪ੍ਰਮੁੱਖ ਸਕੀਮ ਤਹਿਤ ਅਗਲੇ ਪੜਾਅ ਵਿਚ 45 ਹੋਰ ਨਿੱਜੀ ਹਸਪਤਾਲ ਸੂਚੀਬੱਧ ਕੀਤੇ ਜਾਣਗੇ ਅਤੇ ਨਾਲ ਹੀ ਦੱਸਿਆ ਕਿ 70 ਨਿੱਜੀ ਹਸਪਤਾਲਾਂ ਦੀਆਂ ਅਰਜ਼ੀਆਂ ਪੜਤਾਲ ਅਧੀਨ ਹਨ ਜਿਹਨਾਂ ਦੀ ਸੂਚੀਬੱਧ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਪੁਸ਼ਟੀ ਕਰ ਦਿੱਤੀ ਜਾਵੇਗੀ। ਸੂਬੇ ਭਰ ‘ਚੋਂ ਇਸ ਸਕੀਮ ਨੂੰ ਮਿਲੇ ਭਰਵੇਂ ਹੁੰਗਾਰੇ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਇਸ ਬੀਮਾ ਯੋਜਨਾ ਤਹਿਤ 21,697 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ ਜਿਹਨਾਂ ਵਿਚੋਂ ਹੁਣ ਤੱਕ 13,980 ਮਰੀਜ਼ਾਂ ਨੇ ਸਰਕਾਰੀ ਹਸਪਤਾਲਾਂ ਵਿਚੋਂ ਅਤੇ 7,717 ਮਰੀਜ਼ਾਂ ਨੇ ਨਿੱਜੀ ਹਸਪਤਾਲਾਂ ਤੋਂ ਇਲਾਜ ਕਰਵਾਇਆ ਹੈ ਜਿਸ ਦੀ ਲਾਗਤ 22.28 ਕਰੋੜ ਬਣਦੀ ਹੈ। ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਸਕੀਮ ਵਿਚ ਪਰਿਵਾਰਕ ਮੈਂਬਰਾਂ ਦੀ ਗਿਣਤੀ, ਉਮਰ ਜਾਂ  ਲਿੰਗ ਦੀ ਕੋਈ ਸ਼ਰਤ ਨਹੀਂ ਹੈ ਅਤੇ ਕਿਹਾ ਕਿ ਪਰਿਵਾਰ ਦੇ ਸਾਰੇ ਮੈਂਬਰ ਇਸ ਸਕੀਮ ਅਧੀਨ ਮੁਫ਼ਤ ਸਿਹਤ ਸੇਵਾਵਾਂ ਲੈ ਸਕਦੇ ਹਨ। ਇਸ ਸਕੀਮ ਦਾ ਉਦੇਸ਼ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਤਾਂ ਜੋ  ਲੋਕਾਂ ਦੇ ਇਲਾਜ ‘ਤੇ ਹੋਣ ਵਾਲੇ ਆਰਥਿਕ ਬੋਝ ਨੂੰ ਘਟਾਇਆ ਜਾ ਸਕੇ।ਵਿਭਾਗ ਵੱਲੋਂ ਇੰਨੇ ਘੱਟ ਸਮੇਂ ਵਿਚ ਕੀਤੇ ਉੱਤਮ ਯਤਨਾਂ ਦੀ ਸ਼ਲਾਘਾ ਕਰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਹੁਣ ਉੱਤਰੀ ਭਾਰਤ ਦੇ ਮੋਹਰੀ ਸੂਬਿਆਂ ਵਿਚ ਆਣ ਖੜਾ ਹੈ। ਉਹਨਾਂ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਸਰਬੱਤ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਲਾਭਪਾਤਰੀਆਂ ਨੂੰ ਤਕਰੀਬਨ 32 ਲੱਖ 54 ਹਜ਼ਾਰ 733 ਈ-ਕਾਰਡ ਜਾਰੀ ਕੀਤੇ ਜਾ ਚੁੱਕੇ ਹਨ।