ਡਿਪਟੀ ਕਮਿਸ਼ਨਰ ਨੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਸਾਫ਼-ਸਫ਼ਾਈ ਅਤੇ ਬੂਟੇ ਲਗਾਉਣ ਦੀ ਮੁਹਿੰਮ ਦਾ ਕੀਤਾ ਆਗਾਜ਼

ਮੋਗਾ 9 ਅਕਤੂਬਰ:(ਜਸ਼ਨ): ਮੋਗਾ ਸ਼ਹਿਰ ਦੀ ਸੁੰਦਰਤਾ ‘ਚ ਹੋਰ ਵਾਧਾ ਕਰਨ ਲਈ ਸ਼ਹਿਰ ਦੀਆਂ ਸਮਾਜ-ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇੱਕ ਐਕਸ਼ਨ ਪਲਾਨ ਤਿਆਰ ਕੀਤਾ ਜਾਵੇਗਾ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਸ਼ਹਿਰ ਨੂੰ ਸੁੰਦਰ ਬਣਾਉਣ ਦੀ ਮੁਹਿੰਮ ਦਾ ਆਗਾਜ਼ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਕੀਤਾ। ਉਨਾਂ ਅੱਜ ਸ਼ਹਿਰ ਦੀਆਂ ਸਮਾਜ-ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਜਿੱਥੇ ਬਰਨਾਲਾ ਬਾਈਪਾਸ ਤੋ ਦੁੱਨੇਕੇ ਤੱਕ 7 ਕਿਲੋਮੀਟਰ ਡਿਵਾਈਡਰ ਤੇ ਸਫ਼ਾਈ ਕੀਤੀ, ਉਥੇ ਕਰੀਬ 3000 ਬੂਟੇ ਵੀ ਲਗਾਏ ਗਏ। ਉਨਾਂ ਦੇ ਨਾਲ ਮੈਡਮ ਅਨੀਤਾ ਦਰਸ਼ੀ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਕਮਿਸ਼ਨਰ ਨਗਰ ਨਿਗਮ ਮੋਗਾ, ਐਸ.ਡੀ.ਐਮ. ਮੋਗਾ ਨਰਿੰਦਰ ਸਿੰਘ ਧਾਲੀਵਾਲ, ਡੀ.ਐਸ.ਪੀ. ਸਿਟੀ ਪਰਮਜੀਤ ਸਿੰਘ, ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਰਾਜੇਸ਼ ਕਾਂਸਲ ਤੋ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ 100 ਦੇ ਕਰੀਬ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਅਤੇ ਮੈਬਰ ਸ਼ਾਮਲ ਸਨ। ਇਸ ਮੁਹਿੰਮ ਦੀ ਸ਼ੁਰੂਆਤ ਗੋਧੇਵਾਲਾ ਸਟੇਡੀਅਮ ਤੋ ਕੀਤੀ ਗਈ ਅਤੇ ਡਿਵਾਈਡਰ ਨੂੰ ਗੋਧੇਵਾਲਾ ਤੋ ਬਰਨਾਲਾ ਬਾਈਪਾਸ ਤੇ ਦੁਨੇਕੇ ਲਈ ਦੋ ਭਾਗਾਂ ਵਿੱਚ ਵੰਡ ਕੇ ਇਹ ਮੁਹਿੰਮ ਚਲਾਈ ਗਈ। ਇਸ ਮੁਹਿੰਮ ਵਿੱਚ ਐਨ.ਜੀ.ਓ. ਗੋਪਾਲ ਗਊਸ਼ਾਲਾ ਦੇ ਸਹਿਯੋਗ ਨਾਲ ਚਾਰ ਟ੍ਰੈਕਟਰ-ਟ੍ਰਾਲੀਆਂ ਅਤੇ ਸੇਵਾਦਾਰ ਦਿੱਤੇ ਗਏ, ਜਦਕਿ ਬਾਕੀ ਦਾ ਸਟਾਫ਼ ਅਤੇ ਟ੍ਰੈਕਟਰ ਟਰਾਲੀਆਂ ਨਗਰ ਨਿਗਮ ਵੱਲੋ ਲਗਾਈਆਂ ਗਈਆਂ। ਸਵੇਰੇ 7:00 ਤੋ 9:30 ਤੱਕ ਚੱਲੀ ਇਸ ਮੁਹਿੰਮ ਵਿੱਚ ਐਨ.ਜੀ.ਓ ਐਸ.ਕੇ. ਬਾਂਸਲ, ਦਵਿੰਦਰਪਾਲ ਸਿੰਘ ਰਿੰਪੀ, ਗੁਰਸੇਵਕ ਸਿੰਘ ਸਨਿਆਸੀ, ਚਮਨ ਲਾਲ ਗੋਇਲ, ਰਮਨ ਕੁਮਾਰ, ਭਾਵਨਾ ਬਾਂਸਲ, ਅਲਕਾ ਗੋਇਲ, ਅਨਮੋਲ ਸ਼ਰਮਾ, ਰਵਿੰਦਰ ਸੀ.ਏ., ਅਭਿਨਾਸ਼ ਗੁਪਤਾ, ਸਰਦਾਰੀ ਲਾਲ ਕਾਮਰਾ, ਪ੍ਰਮੋਦ ਗੋਇਲ, ਸਤਪਾਲ ਉਪਲ, ਦੀਪਕ ਸੰਧੂ, ਗੁਰਪ੍ਰੀਤ ਸਚਦੇਵਾ,ਦਰਸ਼ਨ ਗਰਗ, ਜੇ.ਪੀ. ਐਸ. ਖੰਨਾ, ਵੇਦ ਵਿਆਸ ਸੇਠੀ ਸਮੇਤ 100 ਦੇ ਕਰੀਬ ਐਨ.ਜੀ.ਓ. ਮੇਬਰਾਂ ਨੇ ਭਾਗ ਲਿਆ।