ਡਾ: ਹਰਜੋਤ ਕਮਲ ਸਿੰਘ ਨੇ ਸਮੂਹ ਦੇਸ਼ਵਾਸੀਆਂ ਨੂੰ ਦਿੱਤੀ ਦੁਸ਼ਹਿਰੇ ਮੌਕੇ ਵਧਾਈ ਦਿੰਦਿਆਂ ਕਿਹਾ,‘‘ਦੁਸ਼ਹਿਰਾ ਧਰਮ ਅਤੇ ਨਸਲ ਦੀਆਂ ਸੌੜੀਆਂ ਵਲਗਣਾਂ ਤੋਂ ਉਪਰ ਉਠ ਕੇ ਧਾਰਮਿਕ ਅਕੀਦੇ ਅਤੇ ਸਦਭਾਵਨਾ ਨਾਲ ਮਨਾਉਣ ਦੀ ਲੋੜ ।’’

ਮੋਗਾ,8 ਅਕਤੂਬਰ (ਜਸ਼ਨ): ਮੋਗਾ ਤੋਂ ਵਿਧਾਨਕਾਰ ਡਾ: ਹਰਜੋਤ ਕਮਲ ਸਿੰਘ ਨੇ ਸਮੂਹ ਦੇਸ਼ਵਾਸੀਆਂ ਨੂੰ ਦੁਸ਼ਹਿਰੇ ਮੌਕੇ ਵਧਾਈ ਦਿੱਤੀ ਹੈ।  ਆਪਣੇ ਵਧਾਈ ਸੰਦੇਸ਼ ਵਿੱਚ ਡਾ. ਕਮਲ ਨੇ ਕਿਹਾ ਕਿ ਦੁਸ਼ਹਿਰਾ ਸਾਨੂੰ ਸੱਚ ਦੀ ਬੁਰਾਈ ’ਤੇ ਅਟਲ ਜਿੱਤ ਦੀ ਚਿਰਸਦੀਵੀ ਸੱਚਾਈ ਨੂੰ ਯਾਦ ਕਰਾਂਉਂਦਾ ਹੈ। ਉਨਾਂ ਕਿਹਾ ਕਿ ਇਹ ਤਿਉਹਾਰ ਸਾਰੇ ਧਰਮਾਂ ਤੋਂ ਉਪਰ ਉੱਠ ਕੇ ਲੋਕਾਂ ਨੂੰ ਭਾਈਚਾਰਾ, ਏਕਤਾ ਅਤੇ ਆਪਸੀ ਪਿਆਰ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਹੀ ਇਹ ਤਿਉਹਾਰ ਸਾਨੂੰ ਇਕਸੁਰਤਾ ਅਤੇ ਖੁਸ਼ਹਾਲੀ ਵਾਲਾ ਸਮਾਜ ਸਿਰਜਣ ਵਿੱਚ ਆਦਰਸ਼ਮਈ ਅਤੇ ਨੇਕੀ ਵਾਲਾ ਜੀਵਨ ਬਤੀਤ ਕਰਨ ਦਾ ਮਾਰਗ ਦਿਖਾਉਂਦਾ ਹੈ। ਮੋਗਾ ਦੇ ਵਿਧਾਇਕ ਨੇ ਸੂਬੇ ਦੇ ਲੋਕਾਂ ਨੂੰ ਦੁਸ਼ਹਿਰੇ ਦਾ ਤਿਉਹਾਰ ਰਿਵਾਇਤੀ ਸ਼ਾਨੋ-ਸ਼ੌਕਤ ਅਤੇ ਸ਼ਰਧਾ ਨਾਲ ਮਨਾਉਣ ਦਾ ਸੱਦਾ ਦਿੰਦਿਆਂ ਪੰਜਾਬੀਆਂ ਦੀ ਖੁਸ਼ਹਾਲੀ ਅਤੇ ਉੱਜਲ ਭਵਿੱਖ ਦੀ ਕਾਮਨਾ ਕੀਤੀ । ਉਨਾਂ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਆਖਿਆ ਇਹ ਤਿਉਹਾਰ ਧਰਮ, ਜਾਤ, ਰੰਗ ਅਤੇ ਨਸਲ ਦੀਆਂ ਸੌੜੀਆਂ ਵਲਗਣਾਂ ਤੋਂ ਉਪਰ ਉਠ ਕੇ ਧਾਰਮਿਕ ਅਕੀਦੇ ਅਤੇ ਰਲ ਮਿਲ ਕੇ ਮਨਾਇਆ ਜਾਣਾ ਚਾਹੀਦਾ ਹੈ।