‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ’ ਤਹਿਤ ਮੋਗਾ ਜ਼ਿਲੇ ਦੇ ਵੱਖ ਵੱਖ ਸਕੂਲਾਂ ਵਿਚ ਵਿਗਿਆਨ ਪ੍ਰਦਰਸ਼ਨੀਆਂ ਦਾ ਦੌਰ ਜਾਰੀ

ਮੋਗਾ ,21 ਸਤੰਬਰ (ਜਸ਼ਨ):  ਪੰਜਾਬ ਸਰਕਾਰ ਦੇ ਪ੍ਰੌਜੈਕਟ  ‘‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਤਹਿਤ ਅੱਜ ਮੋਗਾ ਜ਼ਿਲੇ ਦੇ ਵੱਖ ਵੱਖ ਸਕੂਲਾਂ ਵਿਚ ਵਿਗਿਆਨ ਪ੍ਰਦਰਸ਼ਨੀਆਂ ਲਗਾਈਆਂ ਗਈਆਂ । ਇਹਨਾਂ ਵਿਗਿਆਨ ਪ੍ਰਦਰਸ਼ਨੀਆਂ ਦਾ ਮੰਤਵ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਾਉਣਾ ਹੈ ਇਸ ਲਈ ਸਾਇੰਸ ਵਿਸ਼ੇ ਨਾਲ ਸਬੰਧਤ ਕਿਰਿਆਵਾਂ ਰਾਹੀਂ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਕਿ ਵਿਦਿਆਰਥੀ ਦਿਲਚਸਪੀ ਨਾਲ ਵਿਗਿਆਨ ਵਿਸ਼ੇ ’ਤੇ ਆਪਣੀ ਪਕੜ ਮਜਬੂਤ ਕਰ ਸਕਣ। ਅੱਜ ਜ਼ਿਲਾ ਸਾਇੰਸ ਮੈਨਟਰ ਕੁਲਦੀਪ ਸਿੰਘ ਰੌਲੀ ਅਤੇ ਬਲਾਕ ਮੈੈਨਟਰ ਰਾਜੇਸ਼ ਕੁਮਾਰ ਨੇ ਸਰਕਾਰੀ ਹਾਈ ਸਕੂਲ ਚੀਮਾ ,ਸਰਕਾਰੀ ਹਾਈ ਸਕੂਲ ਕੜਿਆਲ ਅਤੇ ਸਰਕਾਰੀ ਹਾਈ ਸਕੂਲ ਜਲਾਲਾਬਾਦ ਦੇ ਸਕੂਲਾਂ ਵਿਚ ਲਗਾਏ ਸਾਇੰਸ ਮੇਲਿਆਂ ਦਾ ਨਿਰੀਖਣ ਕੀਤਾ । ਉਹਨਾਂ ਇਸ ਮੌਕੇ ਵਿਦਿਆਰਥੀਆਂ ਨਾਲ ਮਾਡਲਾਂ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ। ਕਈ ਵਿਦਿਆਰਥੀਆਂ ਵੱਲੋਂ ਆਪਣੇ ਮਾਡਲਾਂ ਦੀ ਪੇਸ਼ਕਾਰੀ ਅੰਗਰੇਜ਼ੀ ਮਾਧਿਅਮ ਵਿਚ ਕੀਤੀ ਗਈ ਜਿਸ ਨਾਲ ਜ਼ਿਲਾ ਸਾਇੰਸ ਮੈਨਟਰ ਬੇਹੱਦ ਪ੍ਰਭਾਵਿਤ ਹੋਏ।  ਇਸ ਮੌਕੇ ਉਹਨਾਂ ਕਿਹਾ ਕਿ ਚਾਹੇ ਕਿਸੇ ਵੀ ਵਿਸ਼ੇ ’ਤੇ ਵਿਦਿਆਰਥੀ ਆਪਣੀ ਮਾਤ ਭਾਸ਼ਾ ਰਾਹੀਂ ਬੇਹਤਰ ਤਰੀਕੇ ਨਾਲ ਪ੍ਰਗਟਾ ਕਰ ਸਕਦਾ ਹੈ ਪਰ ਮੁਕਾਬਲੇ ਦੇ ਯੁੱਗ ਵਿਚ ਜੇ ਕੋਈ ਸਰਕਾਰੀ ਸਕੂਲਾਂ ਵਿਚ ਪੜਦਾ ਵਿਦਿਆਰਥੀ ਅੰਗਰੇਜ਼ੀ ਵਿਚ ਵੀ ਪੇਸ਼ਕਾਰੀ ਦੇਣ ਦੇ ਸਮਰੱਥ ਹੰੁਦਾ ਹੈ ਤਾਂ ਇਹ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੈ। ਉਹਨਾਂ ਆਖਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਾਉਣ ਅਤੇ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਵਿਗਿਆਨ ਪ੍ਰਦਰਸ਼ਨੀਆਂ ਲਗਾਉਣ ਦੀ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗੇ ਹਨ ਕਿਉਂਕਿ ਅੱਜ ਦੇ ਮੇਲਿਆਂ ਵਿਚ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਸ਼ਿਰਕਤ ਕਰਦਿਆਂ ਆਪਣੇ ਬੱਚਿਆਂ ਨੂੰ ਵਿਗਿਆਨ ਕਿਰਿਆਵਾਂ ਕਰਦਿਆਂ ਦੇਖਿਆ । ਜ਼ਿਲਾ ਸਾਇੰਸ ਮੈਨਟਰ ਕੁਲਦੀਪ ਸਿੰਘ ਰੌਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ  ਮਾਣਯੋਗ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਸ੍ਰੀ ਕਿ੍ਰਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲਾ ਸਿੱਖਿਆ ਅਫਸਰ ਜਸਪਾਲ ਸਿੰਘ ਔਲਖ ਦੀ ਅਗਵਾਈ ਵਿੱਚ  ਸਰਕਾਰੀ ਸਕੂਲਾਂ ਵਿੱਚ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ। ਉਨਾਂ ਆਖਿਆ ਕਿ ਅੱਜ ਦੇ ਨਿਰੀਖਣਾਂ ਤੋਂ ਸਪੱਸ਼ਟ ਹੈ ਕਿ  ਵਿਦਿਆਰਥੀਆਂ ਅੰਦਰ ਹੁਣ ਸਵੈ ਭਰੋਸਾ ਜਾਗਿਆ ਹੈ ਅਤੇ ਉਹ ਨਾ ਸਿਰਫ਼ ਵਿਗਿਆਨਕ ਕਿਰਿਆਵਾਂ ਨੂੰ ਆਪਣੇ ਹੱਥੀਂ ਕਰਕੇ ਖੁਸ਼ੀ ਪ੍ਰਾਪਤ ਕਰ ਰਹੇ ਹਨ ਬਲਕਿ ਉਨਾਂ ਕਿਰਿਆਵਾਂ ਬਾਰੇ ਸਾਥੀ ਵਿਦਿਆਰਥੀਆਂ ਨੂੰ ਵੀ ਸਿੱਖਿਅਤ ਕਰ ਰਹੇ ਹਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ