ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨਸਭਾ ਚੋਣਾਂ 21 ਅਕਤੂਬਰ ਨੂੰ

ਨਵੀਂ ਦਿੱਲੀ (ਇੰਟਰਨੈਸ਼ਨਲ ਪੰਜਾਬੀ ਨਿਊਜ਼): ਮਹਾਰਾਸ਼ਟਰ ਅਤੇ ਹਰਿਆਣਾ ‘ਚ 21 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਕਰਵਾਏ ਜਾਣਗੇ ਜਦਕਿ ਦੋਹਾਂ ਰਾਜਾਂ ਦੇ ਚੋਣ ਨਤੀਜੇ  24 ਅਕਤੂਬਰ ਨੂੰ ਘੋਸ਼ਿਤ ਕੀਤੇ ਜਾਣਗੇ। ਮੁੱਖ ਚੋਣ ਅਧਿਕਾਰੀ ਸ਼੍ਰੀ ਸੁਨੀਲ ਅਰੋੜਾ ਨੇ ਸ਼ਨੀਵਾਰ ਨੂੰ ਮੀਡੀਆ ਨਾਲ ਰੂਬਰੂ ਹੁੰਦਿਆਂ ਇਹ ਘੋਸ਼ਣਾ ਕੀਤੀ। ਉਹਨਾਂ ਦੱਸਿਆ ਕਿ ਹਰਿਆਣਾ ‘ਚ 90 ਸੀਟਾਂ ਲਈ ਜਦਕਿ ਮਹਾਰਾਸ਼ਟਰ ‘ਚ 288 ਸੀਟਾਂ ਲਈ ਚੋਣਾਂ ਕਰਵਾਈਆਂ ਜਾਣਗੀਆਂ । ਉਨਾਂ ਦੱਸਿਆ ਕਿ ਚੋਣਾਂ ਲਈ ਅਧਿਸੂਚਨਾ 24 ਸਤੰਬਰ  ਜਾਰੀ ਹੋਵੇਗੀ। ਉਹਨਾਂ ਦੱਸਿਆ ਕਿ ਚੋਣਾਂ ਦੇ ਐਲਾਨ ਦੇ ਨਾਲ ਹੀ ਦੋਹਾਂ ਰਾਜਾਂ ‘ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਅਤੇ ਦੋਹਾਂ ਰਾਜਾਂ ਵਿਚ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ 4 ਅਕਤੂਬਰ ਹੈ ਜਦਕਿ 7 ਅਕਤੂਬਰ ਤੱਕ ਨਾਮ ਵਾਪਸ ਲਏ ਜਾ ਸਕਣਗੇ। ਉਹਨਾਂ ਦੱਸਿਆ ਕਿ 21ਅਕਤੂਬਰ ਨੂੰ ਵੋਟਾਂ ਪੈਣਗੀਆਂ ਜਦਕਿ 24 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ । ਜ਼ਿਕਰਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਦਾ ਕਾਰਜਕਾਲ 2 ਨਵੰਬਰ ਨੂੰ ਅਤੇ ਮਹਾਰਾਸ਼ਟਰ ਵਿਧਾਨ ਸਭਾ ਦਾ ਕਾਰਜਕਾਲ 9 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ । ਚੋਣ ਯੋਗ ਨੇ ਚੋਣ ਪ੍ਰਚਾਰ ਦੌਰਾਨ ਪਲਾਸਟਿਕ ਦੀ ਸਮੱਗਰੀ ਉਪਯੋਗ ਨਾ ਕਰਨ ਅਤੇ ਵਾਤਾਵਰਣ ਅਨੁਕੂਲ ਸਮੱਗਰੀ ਦਾ ਇਸਤੇਮਾਲ ਹੀ ਕੀਤੇ ਜਾਣ ਬਾਰੇ ਆਖਿਆ ਹੈ । ਹਰਿਆਣਾ ਵਿੱਚ 1 ਕਰੋੜ 82 ਲੱਖ ਅਤੇ ਮਹਾਰਾਸ਼ਟਰ ਵਿੱਚ 8 ਕਰੋੜ 94 ਲੱਖ ਮੱਤਦਾਤਾ ਨੇ ਜੋ 21 ਅਕਤੂਬਰ ਨੂੰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਰਾਹੀਂ ਆਪਣੇ ਮੱਤ ਦਾ ਪ੍ਰਯੋਗ ਕਰਨਗੇ।