ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਵਿਗਿਆਨ ਪ੍ਰਦਰਸ਼ਨੀਆਂ ਲਗਾਉਣ ਦੀ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗੇ : ਡੀ ਐੱਮ ਸਾਇੰਸ ਸ. ਕੁਲਦੀਪ ਸਿੰਘ

ਮੋਗਾ ,20 ਸਤੰਬਰ (ਜਸ਼ਨ):   ‘‘  ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਾਉਣ ਅਤੇ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਵਿਗਿਆਨ ਪ੍ਰਦਰਸ਼ਨੀਆਂ ਲਗਾਉਣ ਦੀ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗੇ ਹਨ । ’’    ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੀ ਐੱਮ ਸਾਇੰਸ ਸ. ਕੁਲਦੀਪ ਸਿੰਘ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕੀਤਾ।ਸ. ਕੁਲਦੀਪ ਸਿੰਘ ਨੇ ਅੱਜ ਸਰਕਾਰੀ ਹਾਈ ਸਕੂਲ ਪੰਜਗਰਾਂਈ ਖੁਰਦ ,ਸਰਕਾਰੀ ਸੀ. ਸੈਕੰਡਰੀ ਸਕੂਲ ਮੱਲ ਕੇ ਅਤੇ ਸਰਕਾਰੀ ਮਿਡਲ ਸਕੂਲ ਜੈਤੋਂ ਖੋਸਾ ਦੇ ਸਕੂਲਾਂ ਵਿੱਚ ਲਗਾਏ ਸਾਇੰਸ ਮੇਲਿਆਂ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮਾਣਯੋਗ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਸਿੰਘ ਔਲਖ ਦੀ ਅਗਵਾਈ ਵਿੱਚ  ਸਰਕਾਰੀ ਸਕੂਲਾਂ ਵਿੱਚ ਅੱਜ ਪ੍ਰਦਰਸ਼ਨੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਡਾਈਟ ਤੋਂ ਸ. ਸੁਖਚੈਨ ਸਿੰਘ ਹੀਰਾ ਦੀ ਅਗਵਾਈ ਵਿੱਚ ਵੱਖ ਵੱਖ ਸਕੂਲਾਂ ਦੇ ਨਿਰੀਖਣ ਕੀਤੇ ਜਾ ਰਹੇ ਹਨ । ਉਨ੍ਹਾਂ ਆਖਿਆ ਕਿ ਅੱਜ ਦੇ ਨਿਰੀਖਣਾਂ ਤੋਂ ਸਪੱਸ਼ਟ ਹੈ ਕਿ  ਵਿਦਿਆਰਥੀਆਂ ਅੰਦਰ ਹੁਣ ਸਵੈ ਭਰੋਸਾ ਜਾਗਿਆ ਹੈ ਅਤੇ ਉਹ ਨਾ ਸਿਰਫ਼ ਵਿਗਿਆਨਕ ਕਿਰਿਆਵਾਂ ਨੂੰ ਆਪਣੇ ਹੱਥੀਂ ਕਰਕੇ ਖੁਸ਼ੀ ਪ੍ਰਾਪਤ ਕਰ ਰਹੇ ਹਨ ਬਲਕਿ ਉਨ੍ਹਾਂ ਕਿਰਿਆਵਾਂ ਬਾਰੇ  ਅੰਗਰੇਜ਼ੀ ਵਿੱਚ ਦੱਸਣ ਦੀ ਸਫ਼ਲ ਕੋਸ਼ਿਸ਼ ਕਰਨ ਕਰ ਰਹੇ ਹਨ । ਇੰਜ ਵਿਦਿਆਰਥੀ ਨਾ ਸਿਰਫ਼ ਵਿਗਿਆਨ ਵਿਸ਼ੇ ਵਿੱਚ ਹੋਰ ਨਿਪੁੰਨ ਹੋ ਰਹੇ ਹਨ ਬਲਕਿ ਉੱਚ ਸਿੱਖਿਆ ਹਾਸਲ ਕਰਨ ਲਈ ਇੰਗਲਿਸ਼ ਮੀਡੀਅਮ ਵਿੱਚ ਸਾਇੰਸ ਦੀ ਸਿੱਖਿਆ ਲੈਣ ਲਈ ਵੀ ਆਪਣੇ ਆਪ ਨੂੰ ਤਿਆਰ ਕਰ ਰਹੇ ਹਨ ।ਇਸ ਮੌਕੇ ਉਨ੍ਹਾਂ ਵੱਖ ਵੱਖ ਸਕੂਲਾਂ ਦੇ ਸਾਇੰਸ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਮੇਲੇ ਵਿੱਚ ਕਿਰਿਆਵਾਂ ਦੀ ਪ੍ਰਦਰਸ਼ਨੀ ਨਾਲ ਨਾਲ 6ਵੀਂ ਤੋਂ 9ਵੀਂ ਜਮਾਤ ਦੇ ਵਿਦਿਆਰਥੀਆਂ ਦਾ ਪ੍ਰਯੋਗੀ ਮੁਲਾਂਕਣ, ਵਿਦਿਆਰਥੀਆਂ ਦੇ ਮਾਤਾ ਪਿਤਾ, ਪੰਚਾਇਤ ਅਤੇ ਸਕੂਲ ਪ੍ਰਬੰਧਕ ਕਮੇਟੀ ਮੈਂਬਰਾਂ ਨੂੰ  ਸੱਦਾ ਦੇਣ , ਮੇਲੇ ਦੀ ਪ੍ਰੈਸ ਕਵਰੇਜ਼ ,ਤਰਕਪੂਰਣ ਵਿਗਿਆਨ ਪ੍ਰਦਰਸ਼ਨੀ ,ਵਿਦਿਆਰਥੀਆਂ ਦੀ ਸੁਰੱਖਿਆ ਦਾ ਖ਼ਿਆਲ  ,ਅੰਗਰੇਜ਼ੀ ਮਾਧਿਅਮ ਵਾਲੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿੱਚ ਪੇਸ਼ਕਾਰੀ ਕਰਨ ,ਉੱਤਮ ਵੀਡੀਓਜ਼  ਭੇਜਣ ਅਤੇ ਵਿਭਾਗ ਦੀਆਂ ਹੋਰਨਾਂ ਹਦਾਇਤਾਂ ਤੇ ਅਮਲ ਕਰਨ ਲਈ ਯਤਨਸ਼ੀਲ ਰਹਿਣ ਤਾਂ ਕਿ ਵਿਗਿਆਨ  ਪ੍ਰਦਰਸ਼ਨੀਆਂ ਦੇ ਮਕਸਦ ਦੀ ਪੂਰਤੀ ਕੀਤੀ ਜਾ ਸਕੇ  ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ