ਮੋਗਾ ਜ਼ਿਲੇ ਵਿੱਚ ਵਧੇਰੇ ਦੁਰਘਟਨਾ ਪ੍ਰਭਾਵਿਤ 9 ਥਾਵਾਂ ਦੀ ਹੋਈ ਸ਼ਨਾਖਤ, ਜਲਦ ਹੀ ਕੀਤਾ ਜਾਵੇਗਾ ਸੁਧਾਰ

ਮੋਗਾ 20 ਸਤੰਬਰ:(ਜਸ਼ਨ): ਮੋਗਾ ਜ਼ਿਲੇ ਨੂੰ ਦੁਰਘਟਨਾ ਮੁਕਤ ਬਣਾਉਣ ਦੇ ਉਦੇਸ਼ ਨਾਲ ਜ਼ਿਲਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਵੱਲੋਂ ‘ਪੰਜਾਬ ਵਿਜ਼ਨ ਜ਼ੀਰੋ ਐਕਸੀਡੈਂਟ‘ ਮਿਸ਼ਨ ਤਹਿਤ ਜ਼ਿਲੇ ਵਿੱਚ ਸ਼ਨਾਖਤ ਕੀਤੀਆਂ ਗਈਆਂ 9 ਵੱਧ ਦੁਰਘਟਨਾ ਪ੍ਰਭਾਵਿਤ ਥਾਵਾਂ ਦਾ ਜਲਦ ਹੀ ਸੁਧਾਰ ਕੀਤਾ ਜਾਵੇਗਾ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨਾਂ ਦੱਸਿਆ ਕਿ ਜ਼ਿਲਾ ਰੋਡ ਸੇਫ਼ਟੀ ਇੰਜੀਨੀਅਰ (ਡੀਆਰਐਸਈ) ਵੱਲੋਂ  ਜ਼ਿਲੇ ਵਿੱਚ ਵਧੇਰੇ ਦੁਰਘਟਨਾਵਾਂ ਪ੍ਰਭਾਵਿਤ 9 ਥਾਵਾਂ ਦੀ ਪਛਾਣ ਕਰ ਲਈ ਗਈ ਹੈ, ਜਿਸ ਨੂੰ ਜਲਦੀ ਹੀ ਠੀਕ ਕਰ ਦਿੱਤਾ ਜਾਵੇਗਾ।  ਉਨਾਂ ਦੱਸਿਆ ਕਿ ਇਨਾਂ ਵਿੱਚੋਂ ਮੋਗਾ ਸ਼ਹਿਰੀ ਖੇਤਰ ਵਿੱਚ ਚਾਰ, ਸਮਾਲਸਰ  ਤੇ ਅਜੀਤਵਾਲ ਵਿੱਚ ਦੋ-ਦੋ ਜਦੋਂਕਿ ਬਾਘਾਪੁਰਾਣਾ ਵਿੱਚ ਇੱਕ ਅਜਿਹੀ ਜਗਾ ਦੀ ਪਛਾਣ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਸਬੰਧਤ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਭਵਿੱਖ ਵਿੱਚ ਕਿਸੇ ਘਾਤਕ ਹਾਦਸੇ ਤੋਂ ਬਚਾਅ ਲਈ ਇਨਾਂ ਥਾਵਾਂ ਨੂੰ ਜਲਦ ਠੀਕ ਕੀਤਾ ਜਾਵੇ। ਉਨਾਂ ਪੁਲਿਸ ਅਧਿਕਾਰੀਆਂ ਨੂੰ ਅਜਿਹੇ ਹਾਦਸੇ ਪ੍ਰਭਾਵਿਤ ਇਲਾਕਿਆਂ ਵਿੱਚ ਨਾਕੇ ਲਗਾਉਣ ਦੀ ਵੀ ਹਦਾਇਤ ਕੀਤੀ। ਉਨਾਂ ਲੁਧਿਆਣਾ ਤੋਂ ਤਲਵੰਡੀ ਭਾਈ ਸੜਕ ਦੇ ਚਹੁੰ-ਮਾਰਗੀ ਪ੍ਰਾਜੈਕਟ ਦੇ ਨਿਰਮਾਣ ਲਈ ਸੌਂਪੀ ਗਈ ਫਰਮ ਦੇ ਨੁਮਾਇੰਦਿਆਂ ਨੂੰ ਸੜਕ ਦੀ ਮਾੜੀ ਹਾਲਤ ਅਤੇ ਉਸ ‘ਤੇ ਕੋਈ ਸਾਈਨ ਬੋਰਡ ਨਾ ਹੋਣ ‘ਤੇ ਚਿਤਾਵਨੀ ਦਿੰਦਿਆਂ ਇਹ ਸਾਰੀਆਂ ਖਾਮੀਆਂ ਜਲਦੀ ਦੂਰ ਕਰਨ ਦੀ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੜਕਾਂ ‘ਤੇ ਘੁੰਮ ਰਹੇ ਅਵਾਰਾ ਪਸ਼ੂਆਂ ਨੂੰ ਫੜਨ ਲਈ ਆਪਣੀ ਮੁਹਿੰਮ ਨੂੰ ਤੇਜ ਕਰਨ। ਡਿਪਟੀ ਕਮਿਸ਼ਨਰ ਨੇ ਸਬੰਧਤ ਸਬ-ਡਵੀਜਨਲ ਮੈਜਿਸਟਰੇਟਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਜ਼ਿਲੇ ਅੰਦਰ ਪੈਂਦੇ ਸਕੂਲਾਂ ਦੀਆਂ ਸਾਰੀਆਂ ਸਕੂਲ ਬੱਸਾਂ ਦੇ ਚਾਲਕ ਸੇਫ਼ ਸਕੂਲ ਵਾਹਨ ਅਧੀਨ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਅਨੀਤਾ ਦਰਸ਼ੀ, ਸਹਾਇਕ ਕਮਿਸ਼ਨਰ (ਜ) ਲਾਲ ਵਿਸ਼ਵਾਸ ਬੈਂਸ, ਐਸ.ਪੀ. (ਹੈੱਡਕੁਆਰਟਰ) ਰਤਨ ਸਿੰਘ ਬਰਾੜ, ਉਪ ਮੰਡਲ ਮੈਜਿਸਟ੍ਰੇਟ ਮੋਗਾ ਗੁਰਵਿੰਦਰ ਸਿੰਘ ਜੌਹਲ, ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਨਰਿੰਦਰ ਸਿੰਘ ਧਾਲੀਵਾਲ, ਉਪ ਮੰਡਲ ਮੈਜਿਸਟ੍ਰੇਟ ਬਾਘਾਪੁਰਾਣਾ ਸਵਰਨਜੀਤ ਕੌਰ ਅਤੇ ਡੀਆਰਐਸਈ ਓਮ ਪ੍ਰਕਾਸ਼ ਸਮੇਤ ਹੋਰ ਅਧਿਕਾਰੀ ਮੌਜੂਦ ਸਨ।