ਪੰਜਾਬ ਕੈਬਨਿਟ ਨੇ ਦਸੰਬਰ 2019 ਵਿੱਚ ਨੌਜਵਾਨਾਂ ਨੂੰ ਮੋਬਾਇਲ ਫੋਨ ਦੇਣ ਨੂੰ ਦਿੱਤੀ ਮਨਜ਼ੂਰੀ ,ਪਹਿਲੇ ਪੜਾਅ ਤਹਿਤ ਸਰਕਾਰੀ ਸਕੂਲਾਂ ਦੀਆਂ 11ਵੀਂ ਅਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਦਿੱਤੇ ਜਾਣਗੇ ਮੋਬਾਇਲ ਫੋਨ

ਡੇਰਾ ਬਾਬਾ ਨਾਨਕ (ਬਟਾਲਾ), 19 ਸਤੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਮੰਤਰੀ ਮੰਡਲ ਨੇ ਸੂਬੇ ਦੇ ਨੌਜਵਾਨਾਂ ਨੂੰ ਮੋਬਾਇਲ ਫੋਨ ਵੰਡਣ ਲਈ ਰੂਪਰੇਖਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨਾਲ ਇਸ ਸਾਲ ਦਸੰਬਰ ਵਿੱਚ ਲਾਗੂ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ। ਇਹ ਫੈਸਲਾ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਡੇਰਾ ਬਾਬਾ ਨਾਨਕ ਦੀ ਅਨਾਜ ਮੰਡੀ ਵਿਖੇ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।ਨੌਜਵਾਨਾਂ ਨੂੰ ਮੋਬਾਇਲ ਫੋਨ ਦੇਣ ਦੀ ਯੋਜਨਾ ਪੂਰੀ ਤਰਾਂ ਪਾਰਦਰਸ਼ੀ ਹੋਵੇਗੀ ਅਤੇ ਇਸ ਸਬੰਧੀ ਪੰਜਾਬ ਸੂਚਨਾ ਤਕਨੌਲੋਜੀ ਕਾਰਪੋਰੇਸ਼ਨ ਲਿਮਟਿਡ ਵੱਲੋਂ ਟੈਂਡਰ ਕਾਲ ਕੀਤੇ ਜਾਣਗੇ। 2 ਮਹੀਨਿਆਂ ਦੇ ਅੰਦਰ ਪੂਰੀ ਪ੍ਰੀਕਿ੍ਰਆ ਮੁਕੰਮਲ ਕਰ ਲਈ ਜਾਵੇਗੀ ਅਤੇ ਪਹਿਲੇ ਪੜਾਅ ਤਹਿਤ ਦਸੰਬਰ ਮਹੀਨੇ ਵਿੱਚ ਨੌਜਵਾਨਾਂ ਨੂੰ ਸਮਾਰਟ ਫੋਨ ਵੰਡੇ ਜਾਣਗੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਮੋਬਾਇਲ ਫੋਨ ਉਨਾਂ ਵਿਦਿਆਰਥਣਾਂ ਨੂੰ ਵੰਡੇ ਜਾਣਗੇ ਜਿਨਾਂ ਕੋਲ ਆਪਣਾ ਸਮਾਰਟ ਫੋਨ ਨਹੀਂ ਹੈ ਅਤੇ ਉਹ ਚਾਲੂ ਮਾਲੀ ਵਰੇ ਦੌਰਾਨ ਸਰਕਾਰੀ ਸਕੂਲਾਂ ਵਿੱਚ 11ਵੀਂ ਅਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਹੋਣ। ਬੁਲਾਰੇ ਨੇ ਦੱਸਿਆ ਕਿ ਇਹ ਮੋਬਾਇਲ ਫੋਨ ਟੱਚ ਸਕਰੀਨ ਵਾਲੇ, ਵਧੀਆ ਕੈਮਰੇ, ਸੋਸਲ ਮੀਡੀਆ ਐਪਲੀਕੇਸ਼ਨ ਦੇ ਨਾਲ ਹੋਰ ਕਈ ਸਾਰੇ ਸਮਾਰਟ ਫੀਚਰਾਂ ਵਾਲੇ ਹੋਣਗੇ।ਰਾਜ ਸਰਕਾਰ ਨੇ ਐਲਾਨ ਕੀਤਾ ਹੈ ਕਿ ‘ਨੌਜਵਾਨਾਂ ਨੂੰ ਮੋਬਾਇਲ ਫੋਨ’ ਸਕੀਮ ਉਨਾਂ ਦਾ ਚੋਣ ਵਾਅਦਾ ਸੀ ਅਤੇ ਸਾਲ 2017-18 ਦੇ ਬਜਟ ਅਤੇ ਸਾਲ 2018-19 ਦੇ ਬਜ਼ਟ ਵਿੱਚ ਇਸ ਲਈ ਫੰਡ ਵੀ ਮਨਜ਼ੂਰ ਕੀਤੇ ਗਏ ਹਨ। ਬੁਲਾਰੇ ਨੇ ਦੱਸਿਆ ਕਿ ਇਸ ਯੋਜਨਾ ਦਾ ਮਕਸਦ ਨੌਜਵਾਨਾਂ ਨੂੰ ਸੂਚਨਾ ਤਕਨੌਲੋਜੀ ਨਾਲ ਜੋੜਨਾ, ਸਿੱਖਿਆ, ਰੁਜ਼ਗਾਰ ਦੇ ਮੌਕੇ, ਹੁਨਰ ਵਿਕਾਸ ਅਤੇ ਰੁਜ਼ਗਾਰ ਦੇ ਮੌਕੇ ਅਤੇ ਵੱਖ-ਵੱਖ ਸਰਕਾਰੀ ਭਲਾਈ ਸਕੀਮਾਂ ਜੋ ਕਿ ਆਨ-ਲਾਈਨ ਚਲਦੀਆਂ ਹਨ ਦੀ ਜਾਣਕਾਰੀ ਪ੍ਰਦਾਨ ਕਰਨਾ ਹੈ। ਉਨਾਂ ਕਿਹਾ ਕਿ ਇਹ ਯੋਜਨਾ ਸਮਾਜ ਦੇ ਵਿਕਾਸ ਵਿੱਚ ਨੌਜਵਾਨਾਂ ਦੇ ਡਿਜੀਟਲ ਸਸ਼ਕਤੀਕਰਨ ਅਤੇ ਸ਼ਮੂਲੀਅਤ ਨੂੰ ਉਤਸ਼ਾਹਤ ਕਰੇਗੀ।ਨੌਜਵਾਨ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਡਿਜੀਟਲ ਤਕਨੌਲੋਜੀ ਦੀ ਵਰਤੋਂ ਪ੍ਰਤੀ ਹੋਰ ਉਤਸ਼ਾਹਤ ਹੋਣਗੇ ਅਤੇ ਇਸ ਤਰਾਂ ਉਹ ਡਿਜੀਟਲ ਪੰਜਾਬ ਸਬੰਧੀ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਭਾਈਵਾਲ ਬਣ ਸਕਣਗੇ।