ਪੰਜਾਬ ਰਾਜ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਵੱਲੋਂ ਕੁਪੋਸ਼ਨ ਤੋਂ ਮੁਕਤੀ ਲਈ ਜਨ-ਅੰਦੋਲਨ ਚਲਾਉਣ ਦੀ ਜ਼ਰੂਰਤ ’ਤੇ ਜ਼ੋਰ

ਚੰਡੀਗੜ, 18 ਸਤੰਬਰ:  ਪੰਜਾਬ ਰਾਜ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਨੇ ਪੰਜਾਬ ਨੂੰ ਕੁਪੋਸ਼ਨ ਤੋਂ ਮੁਕਤ ਕਰਨ ਲਈ ਜਨ-ਅੰਦੋਲਨ ਚਲਾਉਣ ਦੀ ਜ਼ਰੂਰਤ ਹੈ।ਅੱਜ ਪੋਸ਼ਣ ਅਭਿਆਨ ਦੇ ਸਬੰਧ ਵਿੱਚ ਹਰਸ਼ਾ ਛੀਨਾ ਖੇਤਰ ਦੇ ਚੇਤਨ ਪੁਰਾ ਨਰਸਿੰਗ ਕਾਲਜ ਵਿਖੇ ਇੱਕ ਸਮਾਗਮ ਦੌਰਾਨ ਉਨਾਂ ਨੇ ਆਪਣੇ ਭਾਸ਼ਣ ਦੌਰਾਨ ਜਨਮ ਲੈਣ ਵਾਲੇ ਬੱਚੇ ਅਤੇ ਮਾਂ ਨੂੰ ਪੌਸ਼ਟਿਕ ਖੁਰਾਕ ਦੇਣ ਸਬੰਧੀ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਸ੍ਰੀਮਤੀ ਰੰਧਾਵਾ ਨੇ ਕਿਹਾ ਕਿ ਗਰਭਵਤੀ ਔਰਤ ਤਾਂ ਹੀ ਸਿਹਤਮੰਦ ਤੇ ਤੰਦਰੁਸਤ ਬੱਚੇ ਨੂੰ ਜਨਮ ਦੇ ਸਕਦੀ ਹੈ, ਜੇਕਰ ਉਸਨੂੰ ਪੌਸ਼ਟਿਕ ਆਹਾਰ ਮਿਲੇ। ਉਨਾਂ ਕਿਹਾ ਕਿ ਨਵਾਂ ਜੀਵਨ ਪ੍ਰਦਾਨ ਕਰਨ ਵਾਲੀ ਮਾਂ ਨੂੰ ਜੇਕਰ ਸਹੀ ਭੋਜਨ ਨਹੀਂ ਮਿਲੇਗਾ ਤਾਂ ਜਨਮ ਲੈਣ ਵਾਲਾ ਬੱਚਾ ਕੁਪੋਸ਼ਨ ਦਾ ਸ਼ਿਕਾਰ ਹੋ ਸਕਦਾ ਹੈ। ਉਨਾਂ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਦੇ ਵਾਸਤੇ ਪੋਸ਼ਟਿਕ ਭੋਜਨ ਦੀ ਬਹੁਤ ਜ਼ਰੂਰਤ ਹੈ। ਉਨਾਂ ਨੇ ਪੌਸ਼ਟਿਕ ਆਹਾਰ ਸਬੰਧੀ ਜਾਗਰੂਕਤਾ ਫੈਲਾਉਣ ਲਈ ਮੀਡੀਆ ਦੇ ਵੱਖੋ-ਵੱਖ ਸਾਧਨਾਂ ਰਾਹੀਂ ਪ੍ਰਚਾਰ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਇਸ ਤੋਂ ਪਹਿਲਾਂ ਸ੍ਰੀਮਤੀ ਰੰਧਾਵਾ ਨੇ ਦੀਪ ਜਲਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੋਰਡ ਦੇ ਸਕੱਤਰ ਸ੍ਰੀ ਅਭਿਸ਼ੇਕ ਵੀ ਹਾਜ਼ਰ ਸਨ। ਸ੍ਰੀਮਤੀ ਰੰਧਾਵਾਂ ਤੋਂ ਇਲਾਵਾ ਐਸ.ਐਮ.ਓ. ਰਾਮਦਾਸ ਸ੍ਰੀਮਤੀ ਸੰਤੋਸ਼ ਕੁਮਾਰੀ, ਸ੍ਰੀਮਤੀ ਅਲਕਾ ਅਤੇ ਸਮਾਜ ਸੇਵੀ ਮਹਾਂਵੀਰ ਨੇ ਵੀ ਸੰਬੋਧਨ ਕੀਤਾ।