ਪੰਜਾਬ ਸਰਕਾਰ ਵੱਲੋਂ ਆਈ ਟੀ ਆਈ ਮੋਗਾ ਵਿਖੇ ਲਗਾਇਆ ਜਾ ਰਿਹਾ ‘ਮੈਗਾ ਜੌਬ ਫੇਅਰ’ ਵਿਦਿਆਰਥੀਆਂ ਲਈ ਹੋਵੇਗਾ ਲਾਹੇਵੰਦਾ: ਦਵਿੰਦਰਪਾਲ ਸਿੰਘ ਰਿੰਪੀ

ਮੋਗਾ,18 ਸਤੰਬਰ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਘਰ ਘਰ ਰੋਜ਼ਗਾਰ ’ ਦੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਦੀ ਦੇਖ ਰੇਖ ਵਿਚ 19 ਸਤੰਬਰ ਤੋਂ 30 ਸਤੰਬਰ ਤੱਕ ਲਗਾਇਆ ਜਾ ਰਿਹਾ ਰੋਜ਼ਗਾਰ ਮੇਲਾ ਨੌਜਵਾਨਾਂ ਲਈ ਵਰਦਾਨ ਸਾਬਤ ਹੋਵੇਗਾ ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨ ਦੇ ਕਨਵੀਨਰ ਦਵਿੰਦਰਪਾਲ ਸਿੰਘ ਰਿੰਪੀ ਨੇ ‘ਸਾਡਾ ਮੋੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਵਿਚਾਰ ਸਾਂਝੇ ਕਰਦਿਆਂ ਕੀਤਾ। ਦਵਿੰਦਰਪਾਲ ਸਿੰਘ ਰਿੰਪੀ ਨੇ ਇਲਾਕੇ ਦੇ ਸਰਪੰਚਾਂ ,ਪੰਚਾਂ ,ਜ਼ਿਲਾ ਪ੍ਰੀਸ਼ਦ ਮੈਬਰਾਂ ਅਤੇ ਹੋਰ ਮੋਹਤਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਦੇ ਨੌਜਵਾਨਾਂ ਨੂੰ ਇਸ ਮੈਗਾ ਰੋਜ਼ਗਾਰ ਮੇਲੇ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਤਾਂ ਕਿ ਉਹ ਨੌਜਵਾਨ ਕਾਬਲੀਅਤ ਦੇ ਆਧਾਰ ’ਤੇ ਮੇਲੇ ਵਿਚ ਆ ਰਹੀਆਂ ਕੰਪਨੀਆਂ ਤੋਂ ਵਧੀਆ ਪੈਕਜ ਹਾਸਲ ਕਰਕੇ ਨੌਕਰੀ ਪ੍ਰਾਪਤ ਕਰਨ। ਦਵਿੰਦਰਪਾਲ ਸਿੰਘ ਰਿੰਪੀ ਨੇ ਆਖਿਆ ਕਿ ਮੋਗਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਵੱਲੋਂ ਮੋਗਾ ‘ਚ ਅਜਿਹੀਆਂ ਨਾਮੀ ਕੰਪਨੀਆਂ ਨੂੰ ਆਉਣ ਦਾ ਸੱਦਾ ਦਿੱਤਾ ਗਿਆ ਹੈ ਜੋ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਤਨਖਾਹ ਦੇਣ ਦਾ ਜਿਗਰਾ ਰੱਖਦੀਆਂ ਹਨ ।