‘ਅਨੀਮੀਆ ਮੁਕਤ ਭਾਰਤ ‘ਕੈਂਪ ਨੇ ਹਸਪਤਾਲ ‘ਚ ਬਣਾਇਆ ਮੇਲੇ ਵਰਗਾ ਮਾਹੌਲ,502 ਗਰਭਵਤੀ ਔਰਤਾਂ ਦੇ ਵਿਸ਼ੇਸ਼ ਮਸ਼ੀਨ ਨਾਲ ਕੀਤੇ ਹੀਮੋਗਲੋਬਿਨ ਟੈਸਟ

ਮੋਗਾ,18 ਸਤੰਬਰ (ਜਸ਼ਨ)  ਪੰਜਾਬ ‘ਚ ਚੱਲ ਰਹੇ ਪੋਸ਼ਣ ਅਭਿਆਨ ਤਹਿਤ ਲਾਏ ਗਏ ‘ਅਨੀਮੀਆ ਮੁਕਤ ਭਾਰਤ’ ਕੈਂਪ ਦੌਰਾਨ ਕਮਿਊਨਿਟੀ ਸਿਹਤ ਕੇਂਦਰ ਡਰੋਲੀ ਭਾਈ ਵਿਖੇ ਮੇਲੇ ਵਰਗਾ ਮਾਹੌਲ ਰਿਹਾ ਜਦ ਕਿ ਕੈਂਪ ਦੌਰਾਨ 502 ਗਰਭਵਤੀ ਔਰਤਾਂ ਦਾ ਵਿਸ਼ੇਸ਼ ਮਸ਼ੀਨ ਨਾਲ ਹੀਮੋਗਲੋਬਿਨ ਟੈਸਟ ਕੀਤਾ ਗਿਆ।  ਸਿਹਤ ਵਿਭਾਗ ਦੇ ਬੁਲਾਰੇ ਬੀ.ਈ.ਈ. ਰਛਪਾਲ ਸਿੰਘ ਸੋਸਣ ਕੈਂਪ ਦਾ ਮੁੱਖ ਮਕਸਦ ਖੂਨ ਦੀ ਕਮੀ ਦਾ ਸ਼ਿਕਾਰ ਗਰਭਵਤੀ ਔਰਤਾਂ ਦੀ ਸ਼ਨਾਖਤ ਕਰਕੇ ਉਹਨਾਂ ਦਾ ਸਹੀ ਢੰਗ ਨਾਲ ਇਲਾਜ ਕਰਕੇ ਖੂਨ ਦੀ ਕਮੀ ਦੂਰ ਕਰਕੇ ਸੁਰੱਖਿਅਤ ਜਣੇਪਾ ਕਰਾਉਣਾ ਹੈ ਤਾਂ ਜੋ ਜੱਚਾ-ਬੱਚਾ ਦੋਨੋ ਤੰਦਰੁਸਤ ਰਹਿਣ। ਸਿਵਲ ਸਰਜਨ ਮੋਗਾ ਡਾ ਹਰਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਹੇਠ ਲਾਏ ਗਏ ਕੈਂਪ ਦੌਰਾਨ ਗਰਭਵਤੀ ਔਰਤਾਂ ਤੇ ਉਹਨਾਂ ਦੇ ਨਾਲ ਆਏ ਵਾਰਸਾਂ ਨੂੰ ਸੰਬੋਧਨ ਕਰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ ਇੰਦਰਵੀਰ ਸਿੰਘ ਗਿੱਲ ਨੇ ਕਿਹਾ ਕਿ ਖੂਨ ਦੀ ਕਮੀ ਦੇ ਕਾਰਨ ਜੱਚਾ ਤੇ ਬੱਚਾ ਦੋਨਾਂ ਨੂੰ ਖਤਰਾ ਹੁੰਦਾ ਹੈ ਜਦ ਕਿ ਬੱਚਾਕਮਜ਼ੋਰ ਰਹਿਜਾਂਦਾ ਹੈ ਤੇ ਕੁਪੋਸ਼ਣ ਦਾ ਸ਼ਿਕਾਰ ਹੋ ਕੇ ਬਿਮਾਰੀਆਂ ਸਹੇੜ ਲੈਂਦਾ ਹੈ। ਉਹਨਾਂ ਕਿਹਾ ਕਿ ਖੂਨ ਦੀ ਕਮੀ ਪੂਰੀ ਕਰਨ ਲਈ ਲੋੜ ਅਨੁਸਾਰ ਖੂਨ ਚੜਾਇਆ ਜਾਵੇਗਾ ਜਦ ਕਿ ਘੱਟ ਖਤਰੇ ਵਾਲੀਆਂ ਮਹਿਲਾਵਾਂ ਨੂੰ ਆਇਰਨ ਦਾ ਟੀਕਾ ਦਿੱਤਾ ਜਾਵੇਗਾ ਅਤੇ ਆਇਰਨ ਤੇ ਫੋਲਿਕ ਐਸਿਡ ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ ।ਉਹਨਾਂ ਕਿਹਾ ਕਿ ਡਰੋਲੀ ਭਾਈ ਹਸਪਤਾਲ ਵਿੱਚ ਪ੍ਰਬੰਧ ਪਹਿਲਾਂ ਨਾਲੋਂ ਬਹੁਤ ਸੁਧਾਰੇ ਗਏ ਹਨ ਅਤੇ ਗਰਭਵਤੀ ਔਰਤਾਂ ਆਪਣਾ ਜਣੇਪਾ ਡਰੋਲੀ ਭਾਈ ਹੀ ਕਰਵਾਉਣ। ਉਹਨਾਂ ਅਪੀਲ ਕੀਤੀ ਕਿ ਕਿਸੇ ਵੀ ਸਟਾਫ ਮੈਂਬਰ ਨੂੰ ਵਧਾਈ ਨਾ ਦਿੱਤੀ ਜਾਵੇ। ਉਹਨਾਂ ਇਹ ਵੀ ਅਪੀਲ ਕੀਤੀ ਕਿ ਹਰੇਕ ਗਰਭਵਤੀ (ਜੋ ਵੀ ਯੋਗ ਹਨ) ਆਪਣਾ ਸਰਬੱਤ ਸਿਹਤ ਬੀਮਾ ਯੋਜਨਾ ਦਾ ਕਾਰਡ ਜਰੂਰ ਬਣਵਾਉਣ। ਇਸ ਮੌਕੇ ਲੈਬ ਟੈਕਨੀਸ਼ੀਅਨ ਰਾਮਪਾਲ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਟੈਸਟ ਕੀਤੇ ਗਏ ਜਦ ਕਿਸੀ.ਐਚ.ਓਜ਼ ਨੇ ਸੁਚੱਜੇ ਢੰਗ ਨਾਲ ਗਰਭਵਤੀ ਔਰਤਾਂ ਦੇ ਵੇਰਵਿਆਂ ਦੀਆਂ ਐਂਟਰੀਆਂ ਕੀਤੀ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਏ.ਐਨ.ਐਮ. ਤੇ ਆਸ਼ਾਵੀ ਪੁੱਜੀਆਂ ਹੋਈਆਂ ਸਨ।