ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਵਿਵਹਾਰਕ ਜੀਵਨ ਵਿੱਚ ਅਪਣਾਉਣਾ ਸਮੇਂ ਦੀ ਲੋੜ - ਡਾ. ਸਰਬਜੀਤ ਕੌਰ ਸੋਹਲ

ਚੰਡੀਗੜ, 17 ਸਤੰਬਰ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਸਾਹਿਤ ਅਕਾਦਮੀ, ਚੰਡੀਗੜ ਵੱਲੋਂ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਰਚਿਤ ਪੰਜਾਬੀ ਸਾਹਿਤ’ ਵਿਸ਼ੇ ‘ਤੇ ਇਕ-ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਸੈਮੀਨਾਰ ਦੇ ਸਵਾਗਤੀ ਭਾਸ਼ਨ ਦੌਰਾਨ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਆਏ ਹੋਏ ਵਿਦਵਾਨਾਂ ਤੇ ਡੈਲੀਗੇਟਾਂ ਨੂੰ ਜੀ ਆਇਆਂ ਕਿਹਾ । 
ਸੈਮੀਨਾਰ ਦੇ ਵਿਸ਼ੇ ਨੂੰ ਸਪੱਸ਼ਟ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਸਾਹਿਤ ਅਕਾਦਮੀ, ਚੰਡੀਗੜ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਤੇੇ ਦਿੱਲੀ ਵਿੱਚ ਵੱਖ-ਵੱਖ ਥਾਵਾਂ ‘ਤੇ ਸੈਮੀਨਾਰ/ਕਵੀ ਦਰਬਾਰ ਤੇ ਹੋਰ ਸਾਹਿਤਕ ਸਮਾਗਮਾਂ ਦਾ ਆਯੋਜਨ ਕੀਤਾ ਗਿਆ । ਉਨਾਂ ਦੱਸਿਆ ਕਿ ਗੁਰੂ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਸਾਨੂੰ ਰੁੱਖ ਲਗਾਉਣੇ ਚਾਹੀਦੇ ਹਨ ਤੇ ਉਨਾਂ ਦੀਆਂ ਸਿੱਖਿਆਵਾਂ ਨੂੰ ਵਿਹਾਰਿਕ ਜੀਵਨ ਵਿੱਚ ਅਪਣਾੳਣਾ ਚਾਹੀਦਾ ਹੈ । ਇਸ ਲੜੀ ਤਹਿਤ ਹੀ ਇਹ ਸੈਮੀਨਾਰ ਕੀਤਾ ਗਿਆ ਹੈ । ਸੈਮੀਨਾਰ ਦਾ ਉਦਘਾਟਨ ਕਰਦਿਆਂ ਸ. ਮਾਲਵਿੰਦਰ ਸਿੰਘ ਜੱਗੀ  (ਡਾਇਰੈਕਟਰ, ਸਭਿਆਚਾਰਕ ਮਾਮਲੇ ਵਿਭਾਗ, ਪੰਜਾਬ) ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਪੰਧ ’ਤੇ ਅਧਾਰਿਤ ਇਹ ਸੈਮੀਨਾਰ ਅਕਾਦਮੀ ਦਾ ਇੱਕ ਸੁਹਿਰਦ ਉਪਰਾਲਾ ਹੈ । ਉਹਨਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਆਤਮਸਾਤ ਕਰਨਾ ਸਮੇਂ ਦੀ ਲੋੜ ਹੈ । ਸੈਮੀਨਾਰ ਦੇ ਪਹਿਲੇ ਅਕਾਦਮਿਕ ਸ਼ੈਸ਼ਨ ਵਿਚ ਸੰਵਾਦ ਦਾ ਆਗਾਜ਼ ਕਰਦਿਆਂ ਡਾ. ਸਤੀਸ਼ ਕੁਮਾਰ ਵਰਮਾ ਨੇ ਸੈਮੀਨਾਰ ਦੇ ਵਿਸ਼ੇ ਦੇ ਬਹੁ-ਭਿੰਨ ਪਸਾਰਾਂ ਨੂੰ ਖੋਲਦਿਆਂ ਵਿਦਵਾਨਾਂ ਲਈ ਸੰਵਾਦ ਦਾ ਘੇਰਾ ਮੋਕਲਾ ਕੀਤਾ । ਉਹਨਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਇਕ ਦੀਵੇ ਵਾਂਗ ਹਨ ਜਿਨਾਂ ਨੂੰ ਅਸੀਂ ਵੱਖ-ਵੱਖ ਸੈਮੀਨਾਰਾਂ/ਕਾਨਫਰੰਸਾਂ ਵਿੱਚ ਲੈ ਕੇ ਜਾਂਦੇ ਹਾਂ ਤੇ ਆਪਣੀ ਜ਼ਿੰਦਗੀ ਦੇ ਸੁੰਨੇ ਰਾਹਾਂ ਨੂੰ ਰੁਸ਼ਨਾ ਰਹੇ ਹਾਂ । 
ਸੈਮੀਨਾਰ ਦਾ ਮੁੱਖ ਭਾਸ਼ਨ ਦਿੰਦਿਆਂ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਪੰਜਾਬੀ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਵਿਚ ਪੇਸ਼ ਹੁੰਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਿੰਬ ਦੇ ਹਵਾਲੇ ਨਾਲ ਸੈਮੀਨਾਰ ਵਿਚਲੇ ਸੰਵਾਦ ਨੂੰ ਨਵੀਂ ਦਿਸ਼ਾ ਦਿੱਤੀ । ਸੈਮੀਨਾਰ ਵਿਚ ਮੁੱਖ-ਮਹਿਮਾਨ ਵਜੋਂ ਪਹੁੰਚੇ ਡਾ. ਸੁਰਜੀਤ ਪਾਤਰ ਨੇ ਗੁਰੂ ਨਾਨਕ ਦੇਵ ਜੀ ਨੂੰ ਸੰਗੀਤ ਅਤੇ ਸਾਹਿਤ ਵਿਚ ਸੰਵਾਦ ਸਿਰਜਣ ਵਾਲੀ ਮਹਾਨ ਸ਼ਖ਼ਸੀਅਤ ਕਿਹਾ । 
ਸੈਮੀਨਾਰ ਦੇ ਦੂਸਰੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਡਾ. ਮਨਜੀਤ ਸਿੰਘ ਵੱਲੋਂ ਕੀਤੀ ਗਈ ।  ਇਸ ਸੈਸ਼ਨ ਵਿਚ ਵਿਸ਼ੇਸ਼ ਮਹਿਮਾਨ ਵੱਜੋਂ ਡਾ. ਜਸਬੀਰ ਕੌਰ ਜੀ ਵੀ ਸ਼ਾਮਲ ਹੋਏ  । ਡਾ. ਦਰਿਆ ਨੇ ਕਿਹਾ ਕਿ ਲੋਕ-ਸਾਹਿਤ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਦੁਨਿਆਵੀ ਰੂਪ ਪੇਸ਼ ਹੋਇਆ ਹੈ ਤੇ ਇਹ ਬਿੰਬ ਲੋਕ-ਮਾਨਸਿਕਤਾ ਵਿੱਚ ਪਾਰਸ ਵਜੋਂ ਕਾਰਜਸ਼ੀਲ ਹੈ । ਡਾ. ਮਨਜਿੰਦਰ ਸਿੰਘ ਨੇ ਮੱਧਕਾਲੀ ਪੰਜਾਬੀ ਸਾਹਿਤ ਦੇ ਹਵਾਲੇ ਨਾਲ ਇਹ ਧਾਰਨਾ ਪ੍ਰਸਤੁਤ ਕੀਤੀ ਕਿ ਮੱਧਕਾਲੀ ਪੰਜਾਬੀ ਸਾਹਿਤ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਬਿੰਬ ਦੈਵੀ ਤੇ ਦੁਨਿਆਵੀ ਦੋਹਾਂ ਰੂਪਾਂ ਵਿਚ ਸਮਾਂਤਰ ਪੇਸ਼ ਹੋਇਆ ਹੈ । ਡਾ. ਕੁਲਦੀਪ ਸਿੰਘ ਦੀਪ ਨੇ ਆਧੁਨਿਕ ਪੰਜਾਬੀ ਕਵਿਤਾ ਦੇ ਹਵਾਲੇ ਨਾਲ ਗੁਰੂ ਨਾਨਕ ਦੇਵ ਜੀ ਦੇ ਬਿੰਬ ਨੂੰ ਆਲੋਚਨਾਤਮਿਕ ਦਿ੍ਰਸ਼ਟੀ ਤੋਂ ਪਰਖਣ ਦਾ ਯਤਨ ਕੀਤਾ । ਡਾ. ਭੀਮ ਇੰਦਰ ਸਿੰਘ ਨੇ ਆਧੁਨਿਕ ਪੰਜਾਬੀ ਗਲਪ ਦੇੇ ਸੰਦਰਭ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਬਿੰਬ ਨੂੰ ਮਾਰਕਸੀ ਦਿ੍ਰਸ਼ਟੀ ਤੋਂ ਸਮਝਣ ਦਾ ਯਤਨ ਕੀਤਾ । ਡਾ. ਗੁਰਸੇਵਕ ਸਿੰਘ ਲੰਬੀ ਨੇ ਆਧੁਨਿਕ ਪੰਜਾਬੀ ਨਾਟਕ ਦੇ ਹਵਾਲੇ ਨਾਲ ਗੁਰੂ ਨਾਨਕ ਦੇਵ ਜੀ ਦੇ ਬਿੰਬ ਨੂੰ ਡੀਕੋਡ ਕਰਨ ਦਾ ਯਤਨ ਕੀਤਾ । ਇਸ ਸਮੇਂ ਪ੍ਰਸਿੱਧ ਚਿੱਤਰਕਾਰ ਜਗਤਾਰ ਸੋਖੀ ਵੱਲੋਂ ਬਣਾਏ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਚਿੱਤਰਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ । 
ਇਸ ਪ੍ਰੋਗਰਾਮ ਦੌਰਾਨ ਸ਼੍ਰੀ ਬਲਕਾਰ ਸਿੰਘ ਸਿੱਧੂ, ਸ਼੍ਰੀ ਸਵਰਨ ਸਿੰਘ, ਗੁਰਬਚਨ ਸਿੰਘ ਬੋਪਾਰਾਏ, ਸਰਦਾਰਾ ਸਿੰਘ ਚੀਮਾ, ਸ਼੍ਰੀ. ਦੀਪਕ ਚਨਾਰਥਲ, ਸ. ਮਨਮੋਹਨ ਸਿੰਘ ਦਾਊ, ਡਾ. ਹਰਜਿੰਦਰ ਸਿੰਘ, ਡਾ. ਸ਼ਾਹਬਾਜ ਸਿੰਘ, ਡਾ. ਦਵਿੰਦਰ ਸਿੰਘ ਤੇ ਹੋਰ ਸ਼ਾਮਲ ਸਨ।