ਚੇਅਰਮੈਨ ਵਿਨੋਦ ਬਾਂਸਲ ਨੇ ਨਗਰ ਸੁਧਾਰ ਟਰੱਸਟ ਦੇ ਵੱਖ ਵੱਖ ਪ੍ਰੌਜੈਕਟਾਂ ਦਾ ਕੀਤਾ ਨਿਰੀਖਣ

 * ਵਿਧਾਇਕ  ਡਾ: ਹਰਜੋਤ ਕਮਲ ਵੱਲੋਂ ਮੋਗਾ ਸ਼ਹਿਰ ਦੀ ਕਾਇਆ ਕਲਪ ਦੇ ਸੁਪਨੇ ਨੂੰ ਪੂਰਾ ਕਰਨਾ ਮੇਰਾ ਮੁੱਢਲਾ ਫਰਜ਼: ਚੇਅਰਮੈਨ ਵਿਨੋਦ ਬਾਂਸਲ 

ਮੋਗਾ,17 ਸਤੰਬਰ (ਜਸ਼ਨ): ਪੰਜਾਬ ਸਰਕਾਰ ਵੱਲੋਂ ਮੋਗਾ ਨਗਰ ਸੁਧਾਰ ਟਰੱਸਟ ਦੇ ਨਵ ਨਿਯੁਕਤ ਚੇਅਰਮੈਨ  ਸ਼੍ਰੀ ਵਿਨੋਦ ਬਾਂਸਲ ਨੇ ਰਸਮੀਂ ਤੌਰ ’ਤੇ ਅਹੁਦਾ ਸੰਭਾਲਣ ਉਪਰੰਤ ਟਰੱਸਟ ਅਧੀਨ ਚੱਲ ਰਹੇ ਪ੍ਰੌਜੈਕਟਾਂ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਸੰਦਰਭ ਵਿਚ ਚੇਅਰਮੈਨ ਸ਼੍ਰੀ ਬਾਂਸਲ ਨੇ ਟਰੱਸਟ ਵੱਲੋਂ ਸ਼ੁਰੂ ਕੀਤੇ ਗਏ ਕੰਮਾਂ ਦਾ ਜਾਇਜ਼ਾ ਲਿਆ ਗਿਆ । ਇਸ ਮੌਕੇ ਉਹਨਾਂ ਨਾਲ ਕਾਰਜ ਸਾਧਕ ਅਫ਼ਸਰ ਅਤੇ ਹੋਰ ਸਟਾਫ ਵੀ ਹਾਜ਼ਰ ਸੀ । ਇਸ ਮੌਕੇ ਸ਼੍ਰੀ ਬਾਂਸਲ ਨੇ ਟਰੱਸਟ ਅਧੀਨ ਸ਼ਹੀਦ ਊਧਮ ਸਿੰਘ ਨਗਰ ਅਤੇ ਐਕਸਟੈਂਸ਼ਨ ਦਾ ਮੁਆਇੰਨਾ ਕੀਤਾ । ਉਹਨਾਂ ਸ਼ਹੀਦ ਊਧਮ ਸਿੰਘ ਨਗਰ ‘ਚ ਰਹਿ ਰਹੇ ਲੋਕਾਂ ਨੂੰ ਸਾਫ਼ ਸੁਥਰਾ ਮਾਹੌਲ ਦੇਣ ਲਈ ਸਾਫ-ਸਫਾਈ ਕਰਵਾਉਣ ਸਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ । ਇਸ ਤੋਂ ਇਲਾਵਾ ਉਹਨਾਂ ਸੂਬੇਦਾਰ ਜੋਗਿੰਦਰ ਸਿੰਘ ਕੰਪਲੈਕਸ, ਰਾਜੀਵ ਗਾਂਧੀ ਕੰਪਲੈਕਸ, ਸ਼ਹੀਦ ਭਗਤ ਸਿੰਘ ਮਾਰਕੀਟ ਐਕਸਟੈਂਸ਼ਨ ਦਾ ਵੀ ਮੁਆਇੰਨਾ ਕੀਤਾ । ਸ੍ਰੀ ਵਿਨੋਦ ਬਾਂਸਲ ਚੇਅਰਮੈਨ ਨਗਰ ਸੁਧਾਰ ਟਰੱਸਟ, ਮੋਗਾ ਵੱਲੋ ਲਾਲ ਬਹਾਦਰ ਸ਼ਾਸ਼ਤਰੀ ਕੰਪਲੈਕਸ ਮਾਰਕੀਟ ਦਾ ਮੁਆਇੰਨਾ ਕੀਤਾ ਜਿੱਥੇ ਉਹਨਾਂ ਸੜਕਾਂ ਦੀ ਸਾਫ- ਸਫਾਈ  ਕਰਨ, ਸੀਵਰ ਲਾਈਨਾਂ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਨਵੇਂ ਤਖਮੀਨੇ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਚੇਅਰਮੈਨ ਵਿਨੋਦ ਬਾਂਸਲ ਨੇ ਐਸ.ਸੀ.ਐਫ ਦੇ ਸਾਹਮਣੇ ਬਣੇ ਫੁੱਟਪਾਥਾਂ ਅਤੇ ਪਾਰਕਿੰਗ ਦੀ ਰਿਪੇਅਰ ਕਰਨ ਲਈ ਟਰੱਸਟ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਸ੍ਰੀ ਵਿਨੋਦ ਬਾਂਸਲ ਚੇਅਰਮੈਨ ਨਗਰ ਸੁਧਾਰ ਟਰੱਸਟ, ਮੋਗਾ ਵੱਲੋ ਟਰੱਸਟ ਦੀਆਂ ਨਵੀਆਂ ਸਕੀਮਾਂ ਵਿਕਸਿਤ ਕਰਨ ਲਈ ਵੀ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਬਗਿਆਣਾ ਛੱਪੜ ਨਾਲ ਪਈ ਜ਼ਮੀਨ ਤੋਂ ਇਲਾਵਾ ਟਰੱਸਟ ਦੀਆਂ ਹੋਰ ਪਈਆਂ ਵੱਖ ਵੱਖ ਥਾਵਾਂ ਦਾ ਰਿਕਾਰਡ ਟਰੇਸ ਕਰਨ ਲਈ ਕਿਹਾ ਤਾਂ ਕਿ ਸ਼ਹਿਰ ਦੀ ਖੂਬਸੂਰਤੀ ਲਈ ਨਵੀਆਂ ਸਕੀਮਾਂ ਆਰੰਭ ਕੀਤੀਆਂ ਜਾ ਸਕਣ। ਉਹਨਾਂ ਨਗਰ ਨਿਗਮ ਮੋਗਾ ਵੱਲੋਂ ਪੁਲਿਸ ਥਾਣਾ ਨੰ-1 ਦੇ ਪਿੱਛੇ ਖਾਲੀ ਪਈ ਜਗਾਂ ਵਿੱਚ ਕੂੜਾ ਕਰਕਟ ਸੁੱਟਣ ’ਤੇ ਨੋਟਿਸ ਲੈਂਦਿਆਂ ਇਸ ਨੂੰ ਤੁਰੰਤ ਬੰਦ ਕਰਵਾਉਣ ਅਤੇ ਉੱਥੇ ਤੈਅ ਸਮਾਂ ਸੀਮਾਂ ਅੰਦਰ ਸਾਫ਼ ਸਫ਼ਾਈ ਕਰਵਾਉਣ ਦੀ ਹਦਾਇਤ ਵੀ ਕੀਤੀ ਤਾਂ ਕਿ ਸ਼ਹਿਰ ਵਾਸੀਆਂ ਨੂੰ ਪ੍ਰਦੂਸ਼ਣਮੁਕਤ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ।  ਇਸ ਮੌਕੇ ਚੇਅਰਮੈਨ ਵਿਨੋਦ ਬਾਂਸਲ ਨੇ  ਇਸ ਜਗਾਂ ਵਿੱਚ ਆਰਜੀ ਤੌਰ ਤੇ ਪਾਰਕਿੰਗ ਤਿਆਰ ਕਰਨ ਲਈ ਟਰੱਸਟ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਇਹਨਾਂ ਵੱਖ ਵੱਖ ਥਾਵਾਂ ਦੇ ਨਿਰੀਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ  ਸ਼੍ਰੀ ਵਿਨੋਦ ਬਾਂਸਲ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਦਿੱਤੀ ਇਸ ਵੱਡੀ ਜ਼ਿੰਮੇਵਾਰੀ ਲਈ ਉਹ ਪੂਰੀ ਸੰਜੀਦਗੀ ਨਾਲ ਕੰਮ ਕਰਨਗੇ । ਉਹਨਾਂ ਕਿਹਾ ਕਿ ਉਹ ਵਿਧਾਇਕ  ਡਾ: ਹਰਜੋਤ ਕਮਲ ਨਾਲ ਕਦਮਤਾਲ ਕਰਦਿਆਂ ਉਹਨਾਂ ਵੱਲੋਂ ਸ਼ਹਿਰ ਦੇ ਸੰੁਦਰੀਕਰਨ ਲਈ ਲਏ ਸੁਪਨੇ ਨੂੰ ਤਨਦੇਹੀ ਨਾਲ ਪੂਰਾ ਕਰਨ ਲਈ ਕੰਮ ਕਰਨਗੇ। ਉਹਨਾਂ ਕਿਹਾ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸ਼ਹਿਰਾਂ ਦੀ ਕਾਇਆ ਕਲਪ ਹੋਣ ਲੱਗੀ ਹੈ । ਉਹਨਾਂ ਕਿਹਾ ਕਿ ਉਹ ਮੋਗਾ ਸ਼ਹਿਰ ਵਿਚ ਲੋਕਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖ ਕੇ ਇਸਦੇ ਨਵੀਨੀਕਰਨ ਦੇ ਨਾਲ ਨਾਲ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਪੂਰੀ ਤਰਾਂ ਵਚਨਬੱਧ ਰਹਿਣਗੇ।