ਨਾਬਾਰਡ ਦੇ ਸਹਿਯੋਗ ਨਾਲ ਪਰਾਲੀ ਸੁਰੱਖਿਆ ਅਭਿਆਨ ਤਹਿਤ ਜਾਗਰੂਕਤਾ ਵਾਹਨ ਨੂੰ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦਿੱਤੀ ਹਰੀ ਝੰਡੀ

ਮੋਗਾ 17 ਸਤੰਬਰ:(ਜਸ਼ਨ): ਅਭੀਵਿਅਕਤੀ ਫਾਊਡੇਸ਼ਨ ਵੱਲੋ ਰਾਸ਼ਟਰੀ ਖੇਤੀਬਾੜੀ ਅਤੇ ਪੇਡੂ ਵਿਕਾਸ ਬੈਕ (ਨਾਬਾਰਡ) ਦੇ ਸਹਿਯੋਗ ਨਾਲ ਪਰਾਲੀ ਸੁਰੱਖਿਆ ਅਭਿਆਨ ਤਹਿਤ ਜਾਗਰੂਕਤਾ ਵਾਹਨ ਨੂੰ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਵੱਲੋ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜਿਹੜੀ ਕਿ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਪਰਾਲੀ ਨਾ ਜਲਾਉਣ ਲਈ ਜਾਗਰੂਕ ਕਰੇਗੀ। ਇਸ ਦੌਰਾਨ ਉਨਾਂ ਨੇ ਇਸ ਪਰਾਲੀ ਬਚਾਓ ਫਸਲ ਵਧਾਓ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਸਮੇ ਦੀ ਜਰੂਰਤ ਦੱਸਿਆ ਅਤੇ ਜ਼ਿਲਾ ਪ੍ਰਸ਼ਾਸਨ ਵੱਲੋ ਪੂਰਨ ਸਹਿਯੋਗ ਦੇਣ ਦੀ ਗੱਲ ਕੀਤੀ। ਗੱਲਬਾਤ ਕਰਦਿਆਂ ਉਨਾਂ ਨੇ ਦੱਸਿਆ ਕਿ ਹਵਾ ਪਾਣੀ ਅਤੇ ਧਰਤੀ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਇਸ ਮੁਹਿੰਮ ਨੂੰ ਸਫਲ ਕਰਨ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।  ਡੀ.ਡੀ.ਐਮ. ਨਾਬਾਰਡ ਰਾਸ਼ੀਦ ਲੇਖੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੈਸ਼ਨਲ ਅੱਡੈਪਟੇਸ਼ਨ ਫੰਡ ਫਾਰ ਕਲਾਈਮੇਟ ਚੇਜ ਦੇ ਤਹਿਤ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧ ਸਬੰਧੀ ਜਾਗਰੂਕਤਾ ਪ੍ਰੋਗਰਾਮ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਕੀਤਾ ਜਾ ਰਿਹਾ ਹੈ, ਜਿਸ ਵਿੱਚ ਕਿਸਾਨਾ ਨੂੰ ਪਰਾਲੀ ਨਾ ਜਲਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸੇ ਤਹਿਤ ਮੋਗਾ ਵਿੱਚ 120 ਕਲੱਟਸਟਰਾਂ ਵਿੱਚ ਪਰਾਲੀ ਸੁਰੱਖਿਆ ਅਭਿਆਨ ਤਹਿਤ ਪਰਾਲੀ ਬਚਾਓ ਫਸਲ ਵਧਾਓ ਪ੍ਰੋਗਰਾਮ ਕੀਤੇ ਜਾ ਰਹੇ ਹਨ ਅਤੇ ਇਸੇ ਅਭਿਆਨ ਤਹਿਤ ਸੰਸਥਾ ਵੱਲੋ ਮੋਗਾ ਵਿੱਚ ਇਹ ਕੈਪ ਲਗਾਏ ਜਾ ਰਹੇ ਹਨ ਜਿਸ ਵਿੱਚ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਤੋ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਕਿਸਾਨਾਂ ਨੂੰ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਤੋ ਜਾਣੂੰ ਕਰਵਾਇਆ ਜਾ ਰਿਹਾ ਹੈ ਅਤੇ ਪਰਾਲੀ ਦਾ ਸੁਚੱਜਾ ਪ੍ਰਬੰਧ ਕਰਨ ਲਈ ਸਰਕਾਰ ਦੁਆਰਾ ਮਸ਼ੀਨਾਂ ਉੱਪਰ ਦਿੱਤੀ ਜਾ ਰਹੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।