ਪੋਸ਼ਣ ਅਭਿਆਨ ਤਹਿਤ ਸਿਹਤ ਵਿਭਾਗ ਨੇ ਅਨੀਮੀਆ ਖਿਲਾਫ ਛੇੜੀ ਜੰਗ,ਹਰ ਗਰਭਵਤੀ ਦਾ ਹੀਮੋਗਲੋਬਿਨ ਟੈਸਟ ਕਰਕੇ ਕੀਤਾ ਜਾਵੇਗਾ ‘ਅਨੀਮੀਆ ਮੁਕਤ‘: ਡਾ ਇੰਦਰਵੀਰ ਗਿੱਲ

ਮੋਗਾ, 16 ਸਤੰਬਰ (ਜਸ਼ਨ)   ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਇਸਤਰੀ ਤੇ ਬਾਲ ਭਲਾਈ ਵਿਭਾਗ ਪੰਜਾਬ ਵੱਲੋਂ ਸਾਂਝੇ ਤੌਰ ‘ਤੇ ਚਲਾਏ ਜਾ ਰਹੇ ਪੋਸ਼ਣ ਅਭਿਆਨ ਤਹਿਤ ਸਿਹਤ ਬਲਾਕ ਡਰੋਲੀ ਭਾਈ ਵੱਲੋਂ ਸਿਵਲ ਸਰਜਨ ਮੋਗਾ ਡਾ ਹਰਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫਸਰ ਡਾ. ਇੰਦਰਵੀਰ ਸਿੰਘ ਗਿੱਲ ਦੀ ਅਗਵਾਈ ‘ਚ ਅਨੀਮੀਆ ਮੁਕਤ ਭਾਰਤ ਤਹਿਤ ਅਨੀਮੀਆ ਖਿਲਾਫ ਮੁਹਿੰਮ ਵਿੱਢੀ ਗਈ ਹੈ। ਸਿਹਤ ਵਿਭਾਗ ਦੇ ਬੁਲਾਰੇ ਤੇ ਬੀ.ਈ.ਈ. ਰਛਪਾਲ ਸਿੰਘ ਸੋਸਣ ਅਨੁਸਾਰ ਡਰੋਲੀ ਭਾਈ ਬਲਾਕ ਅਧੀਨ ਹਰ ਗਰਭਵਤੀ ਔਰਤ ਦਾ ਹੀਮੋਗਲੋਬਿਨ ਟੈਸਟ ਕੀਤਾ ਜਾਵੇਗਾ ਅਤੇ ਖੂਨ  ਦੀ ਕਮੀ (ਅਨੀਮੀਆ) ਤੋਂ ਪੀੜਿਤ ਔਰਤਾਂ ਦਾ ਇਲਾਜ ਕਰਕੇ ਉਹਨਾਂ ਨੂੰ ਅਨੀਮੀਆ ਮੁਕਤ ਕੀਤਾ ਜਾਵੇਗਾ। ਡਾ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 18 ਸਤੰਬਰ ਨੂੰ ਡਰੋਲੀ ਭਾਈ ਬਲਾਕ ਵਿਖੇ ਬਲਾਕ ਪੱਧਰੀ ਕੈਂਪ ਰੱਖਿਆ ਗਿਆ ਹੈ, ਜਿਥੇ ਹਰੇਕ ਗਰਭਵਤੀ ਔਰਤ ਦਾ ਵਿਸ਼ੇਸ਼ ਮਸ਼ੀਨ ਨਾਲ ਟੈਸਟ ਕੀਤਾ ਜਾਵੇਗਾ। ਪੀ.ਐਚ.ਸੀ. ਡਰੋਲੀ ਭਾਈ ਵਿਖੇ ‘ਅਨੀਮੀਆ ਮੁਕਤ ਭਾਰਤ‘ ਪ੍ਰੋਗਰਾਮ ਤਹਿਤ ਬਲਾਕ ਦੇ ਸਾਰੇ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਟ੍ਰੇਨਿੰਗ ਦਿੰਦਿਆਂ ਹੋਇਆਂ ਡਾ ਗਿੱਲ ਨੇ ਕਿਹਾ ਕਿ ਹਰੇਕ ਆਸ਼ਾ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਗਰਭਵਤੀ ਔਰਤਾਂ ਨੂੰ ਕੈਂਪ ਵਿੱਚ ਲੈ ਕੇ ਆਉਣ ਤਾਂ ਜੋ ਉਹਨਾਂ ਦਾ ਟੈਸਟ ਹੋ ਸਕੇ। ਇਸ ਮੌਕੇ ਉਹਨਾਂ ਨੇ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਮੁਹਿੰਮ ਨੂੰ ਕਾਮਯਾਬ ਕਰਨ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ। ਉਹਨਾਂ ਨੇ ਪਰਵਾਸੀ ਪਲਸ ਪੋਲੀਉ ਤਹਿਤ ਭੱਠਿਆਂ ਆਦਿ ਤੇ ਜਾਣ ਵਾਲੀਆਂ ਟੀਮਾਂ ਨੂੰ ਪੰਜ ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਬੂੰਦਾਂ ਪਿਲਾਉਣ ਲਈ ਵੀ ਹਦਾਇਤਾਂ ਜਾਰੀ ਕੀਤੀਆਂ। ਇਸ ਤੋਂ ਇਲਾਵਾ ਉਹਨਾਂ ਸਿਹਤ ਅਧਿਕਾਰੀਆਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਵੱਧ ਤੋਂ ਵੱਧ ਕਾਰਡ ਬਣਵਾਉਣ ਅਤੇ ਇਸਦਾ ਹਰ ਘਰ ‘ਚ ਪ੍ਰਚਾਰ ਕਰਨ ਲਈ ਵੀ ਪ੍ਰੇਰਿਆ। ਇਸ ਮੌਕੇ ਵੱਖ-ਵੱਖ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ‘ਚ ਡਾ ਜੋਤੀ, ਡਾ ਅਰਸ਼ਿਕਾ, ਮਲਟੀਪਰਪਜ਼ ਸਿਹਤ ਸੁਪਰਵਾਈਜ਼ਰ, ਸੀ.ਐਚ.ਓਜ਼, ਸਿਹਤ ਵਰਕਰ ਤੇ ਬਲਾਕ ਦੇ ਸਮੂਹ ਕਰਮਚਾਰੀ ਹਾਜ਼ਰ ਸਨ।