ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ 8ਵਾਂ ਮੇਲਾ ਧੀਆਂ ਰਾਣੀਆਂ ਦਾ,ਸੱਭਿਆਚਾਰ ਦੀ ਝਲਕ ਨੂੰ ਪੇਸ਼ ਕਰਦੇ ਪ੍ਰੋਗਰਾਮ ਕਰਵਾਉਣ ਨਾਲ ਸਾਡੀ ਨਵੀਂ ਪੀੜ੍ਹੀ ਸੱਭਿਆਚਾਰ ਨਾਲ ਰਹੇਗੀ ਜੁੜਕੇ :ਰਿਚਾ ਗੈਂਦ

 ਫ਼ਿਰੋਜ਼ਪੁਰ, ਫਾਜਿਲਕਾ 14 ਸਤੰਬਰ (ਸੰਦੀਪ ਕੰਬੋਜ ਜਈਆ) : ਧੀ-ਪੁੱਤ ਇਕ ਸਮਾਨ ਹੋਣ ਦਾ ਸੰਦੇਸ਼ ਦੇਣ ਅਤੇ ਧੀਆਂ ਨੂੰ ਪੜ੍ਹਾ-ਲਿਖਾ ਕੇ ਬਣਦਾ ਮਾਣ ਸਨਮਾਨ ਦੇਣ ਦਾ ਸੱਦਾ ਦਿੰਦੇ ਹੋਏ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਪੋਸ਼ਣ ਮਾਹ ਅਤੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਨੂੰ ਸਮਰਪਿਤ ਨਿਰੋਲ ਪੰਜਾਬੀ ਵਿਰਸੇ ਅਤੇ ਸੱਭਿਆਚਾਰ 'ਤੇ ਝਾਤ ਪਾਉਂਦਾ ਸਾਲਾਨਾ 8ਵਾਂ ਮੇਲਾ ਧੀਆਂ ਰਾਣੀਆਂ ਦਾ 2019 ਪੂਰੀ ਸ਼ਾਨੋ-ਸ਼ੌਕਤ ਨਾਲ ਡੀ.ਏ.ਵੀ. ਕਾਲਜ ਫ਼ਾਰ ਵੁਮੈਨ ਵਿਚ ਮਨਾਇਆ ਗਿਆ। ਇਸ ਮੇਲੇ ਵਿਚ ਡਿਪਟੀ ਕਮਿਸ਼ਨਰ ਸ੍ਰੀ ਚੰਦਰ ਗੈਂਦ ਜੀ ਦੇ ਪਤਨੀ ਰਿਚਾ ਗੈਂਦ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਨਾਲ ਡੀ.ਸੀ.ਐਮ. ਗਰੁੱਪ ਆਫ਼ ਸਕੂਲਜ਼ ਦੇ ਸੀ.ਈ.ਓ. ਸ੍ਰੀ ਅਨੁਰਿਧ ਗੁਪਤਾ ਦੀ ਪਤਨੀ ਸ੍ਰੀਮਤੀ ਰਾਗਨੀ ਗੁਪਤਾ, ਬੇਟੀ ਬਚਾਓ-ਬੇਟੀ ਪੜ੍ਹਾਓ  ਦੀ ਬ੍ਰਾਂਡ ਅੰਬੈਸਡਰ ਅਨਮੋਲ ਬੇਰੀ  ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਰਤਨਦੀਪ ਸੰਧੂ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਮੁੱਖ ਮਹਿਮਾਨ ਸ੍ਰੀਮਤੀ ਰਿਚਾ ਗੈਂਦ ਨੇ ਕਿਹਾ ਕਿ ਸਭਿਆਚਾਰ ਦੀ ਝਲਕ ਨੂੰ ਪੇਸ਼ ਕਰਦੇ ਪ੍ਰੋਗਰਾਮ ਕਰਵਾਉਣ ਨਾਲ ਸਾਡੀ ਨਵੀਂ ਪੀੜ੍ਹੀ ਸੱਭਿਆਚਾਰ ਨਾਲ ਰਹੇਗੀ ਜੁੜਕੇ ਰਹੇਗੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਸਕਦਾ ਸਾਡੀਆਂ ਧੀਆਂ ਨੂੰ ਸਮਾਜ ਵਿਚ ਅੱਗੇ ਆਉਣ ਦਾ ਮੌਕਾ ਮਿਲੇਗਾ ਅਤੇ ਉਹ ਆਪਣੇ-ਆਪ 'ਤੇ ਮਾਣ ਮਹਿਸੂਸ ਕਰਨਗੀਆਂ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿਚ  ਪੋਸ਼ਣ ਮਾਹ ਨੂੰ ਸਮਰਪਿਤ ਗਰਭਵਤੀ ਔਰਤਾਂ ਨੂੰ ਆਪਣੀ ਸਿਹਤ ਦੀ ਸੰਭਾਲ ਕਰਨ ਹਿੱਤ ਖਾਣ-ਪੀਣ ਦੇ ਸਮਾਨ ਦੀਆਂ ਕਿੱਟਾਂ ਦਿੱਤੀਆਂ ਗਈਆਂ ਹਨ ਤਾਂ ਜੋ ਗਰਭਵਤੀ ਔਰਤਾਂ ਨੂੰ ਕਿਸੇ ਪ੍ਰਕਾਰ ਦੀ ਕਮਜ਼ੋਰੀ ਨਾ ਰਹੇ। ਇਸ ਰੰਗਾਰੰਗ ਸਮਾਗਮ ਵਿਚ ਜਿੱਥੇ ਗਿੱਧਿਆਂ ਦੀ ਰਾਣੀ ਦਾ ਮਹਾਂ ਮੁਕਾਬਲਾ ਕਰਵਾਇਆ ਗਿਆ, ਉੱਥੇ ਮੇਲੇ ਵਿਚ ਚਰਖਾ ਕੱਤਣਾ, ਜਾਗੋ ਸਜਾਉਣਾ, ਮਹਿੰਗੀ ਲਗਾਉਣਾ, ਕਰੋਸ਼ੀਆ ਬੁਣਨਾ, ਫੁੱਲਕਾਰੀ ਕੱਢਣਾ,  ਗੁੱਡੀਆਂ-ਪਟੋਲੇ ਬਣਾਉਣ ਮੁਕਾਬਲੇ ਵੀ ਕਰਵਾਏ ਗਏ। ਦੇਰ ਸ਼ਾਮ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿਚ ਜੇਤੂ ਰਹਿਣ ਵਾਲੀਆਂ ਹੋਣਹਾਰ  ਮੁਟਿਆਰਾਂ ਨੂੰ ਸੋਨੇ ਦੇ ਗਹਿਣਿਆਂ ਨਾਲ  ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੇਲੇ ਵਿਚ ਲੱਗਣ ਵਾਲੇ ਖੁੱਲ੍ਹੇ ਅਖਾੜਾ ਲਗਾਇਆ ਗਿਆ ਜਿਸ ਵਿਚ ਲੋਕ ਗਾਇਕ ਬੁਲੰਦ ਆਵਾਜ਼ ਸੰਧੂ ਸੁਰਜੀਤ,  ਕੁਲਬੀਰ ਗੋਗੀ, ਲੋਕ ਗੀਤਾਂ ਦੀ ਆਵਾਜ਼ ਵੀਰਪਾਲ ਕੌਰ ਅਤੇ ਪਵਨਦੀਪ ਕੌਰ ਆਦਿ ਗਾਇਕਾਵਾਂ ਆਪਣੀ ਬੁਲੰਦ ਆਵਾਜ਼ ਰਾਹੀਂ ਮੇਲੀਆਂ ਦਾ ਮਨੋਰੰਜਨ ਕੀਤਾ।ਇਸ ਮੇਲੇ ਦੌਰਾਨ ਬੇਟੀ ਬਚਾਓ-ਬੇਟੀ ਪੜ੍ਹਾਓ  ਦੀ ਬ੍ਰਾਂਡ ਅੰਬੈਸਡਰ ਅਨਮੋਲ ਬੇਰੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿੱਖਿਆ ਦੇ ਖੇਤਰ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਕੁਲਵਿੰਦਰ ਕੌਰ, ਸਾਹਿਤਕ ਤੇ ਸੱਭਿਆਚਾਰ ਦੇ ਖੇਤਰ ਵਿੱਚ ਡਾ. ਮਨਜੀਤ ਕੌਰ ਆਜ਼ਾਦ, ਸੁਰੱਖਿਆ ਸੇਵਾਵਾਂ ਵਿਚ ਵਿਸ਼ੇਸ਼ ਬਹਾਦਰੀ ਪੁਰਸਕਾਰ ਨਿਧੜਕ ਅਤੇ ਇਮਾਨਦਾਰ ਮਹਿਲਾ ਐਸ.ਐੱਚ.ਓ. ਲਵਮੀਤ ਕੌਰ, ਸਮਾਜ ਸੇਵਾ ਖੇਤਰ ਵਿਚ ਕਰਮਜੀਤ ਕੌਰ ਬਰਾੜ, ਭਿੰਦਰ ਭੁੱਲਰ ਅਤੇ ਖੇਡ ਖੇਤਰ ਵਿੱਚ ਮੱਲ੍ਹਾਂ ਮਾਰਨ ਵਾਲੀ ਖਿਡਾਰਨ ਸਵਰੀਤ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਚਿੰਨ੍ਹਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਆਗੂ ਵਰਿੰਦਰ ਸਿੰਘ ਵੈਰੜ, ਸੰਤੋਖ ਸਿੰਘ ਸੰਧੂ, ਜਸਵਿੰਦਰ ਸਿੰਘ ਸੰਧੂ, ਸੋਹਣ ਸਿੰਘ ਸੋਢੀ, ਸੁਖਬੀਰ ਸਿੰਘ ਹੁੰਦਲ ਸਰਪੰਚ ਸ਼ੂਸ਼ਕ, ਸ਼ੈਰੀ ਸੰਧੂ ਵਸਤੀ ਭਾਗ ਸਿੰਘ, ਸੁਖਵਿੰਦਰ ਸਿੰਘ ਬੁਲੰਦੇਵਾਲੀ ਪ੍ਰਧਾਨ ਜ਼ਿਲ੍ਹਾ ਪੰਚਾਇਤ ਯੂਨੀਅਨ, ਡਾ: ਜੋਬਨ, ਬਖਸ਼ੀਸ਼ ਸਿੰਘ ਬਾਰੇ ਕੇ ਸਾਬਕਾ ਸਰਪੰਚ, ਹਰਦੇਵ ਸਿੰਘ ਸੰਧੂ ਮਹਿਮਾ, ਕੁਲਵੰਤ ਸਿੰਘ, ਈਸ਼ਵਰ ਸ਼ਰਮਾ, ਹਰਜੀਤ ਸਿੰਘ, ਮਨਦੀਪ ਜੌਨ, ਗੁਰਵਿੰਦਰ ਸਿੰਘ ਭੁੱਲਰ, ਭੁਪਿੰਦਰ ਸਿੰਘ ਜੋਸਨ ਪ੍ਰਧਾਨ ਟੀਚਰ ਕਲੱਬ ਆਦਿ ਪ੍ਰਬੰਧਕ ਹਾਜ਼ਰ ਸਨ।