ਕਰਨ ਦਿਓਲ ਦੀ ਅਭਿਨੇਤਾ ਵਜੋਂ ਬਾਲੀਵੁੱਡ ‘ਚ ਧਮਾਕੇਦਾਰ ਐਂਟਰੀ,20 ਸਤੰਬਰ ਤੋਂ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਫਿਲਮ “ਪਲ ਪਲ ਦਿਲ ਕੇ ਪਾਸ“

Tags: 

 ਮੋਗਾ ,13 ਸਤੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :   ਪੰਜਾਬੀ ਪੁੱਤਰ ਧਰਮਿੰਦਰ ਉਰਫ ਧਰਮ ਭਾਅ ਜੀ ਦੇ ਵੱਡੇ ਫਰਜੰਦ ਸੰਨੀ ਦਿਉਲ (ਅਜੇ ਸਿੰਘ ਦਿਉਲ) ਦੇ ਬੇਟੇ ਕਰਨ ਦਿਉਲ ਨੇ ਬਤੌਰ ਅਭਿਨੇਤਾ ਬਾਲੀਵੁੱਡ ‘ਚ ਕਦਮ ਰੱਖ ਲਿਆ ਹੈ। ਕਰਨ ਦਿਉਲ ਨੇ ਨਾਇਕ ਵਜੋਂ ਬਾਲੀਵੁੱਡ ਦੀ ਫਿਲਮ “ਪਲ ਪਲ ਦਿਲ ਕੇ ਪਾਸ“ ਨਾਲ ਡੈਬਿਊ ਕੀਤਾ ਹੈ।ਇਹ ਫ਼ਿਲਮ ਕਰਨ ਦਿਓਲ ਹੀ ਨਹੀਂ ਸਮੁੱਚੇ ਦਿਓਲ ਫੈਮਲੀ ਲਈ ਵੀ ਵਕਾਰੀ ਹੈ। ਫਿਲਮ ਦੀ ਸਫਲਤਾ ਲਈ ਧਰਮਿੰਦਰ ,ਸੰਨੀ ਦਿਓਲ ਖੁਦ ਪ੍ਰਮੋਸ਼ਨ ਲਈ ਲਗਾਤਾਰ ਜੁਟੇ ਹੋਏ ਹਨ। ਇਸਤੋਂ ਪਹਿਲਾਂ ਕਰਨ ਦਿਉਲ ਨੇ ਵਿਜੇ ਫਿਲਮ ਪ੍ਰਡਕਸ਼ਨ ਦੀ ਫਿਲਮ “ਜੱਟ ਯਮਲਾ ਪਗਲਾ ਦੀਵਾਨਾਂ“ ਵਿਚ ਸਹਿ ਨਿਰਦੇਸ਼ਕ ਵਜੋਂ ਕੰਮ ਕੀਤਾ ਸੀ। ਇਸ ਫਿਲਮ ਵਿਚ ਉਸਨੇ ਪਲੇ ਬੈਕ ਸਿੰਗਰ ਵਜੋਂ ਇਕ ਗੀਤ “ ਮੈ ਏਦਾਂ ਹੀ ਨੱਚਣਾਂ “ ਰਾਹੀਂ ਆਪਣੀ ਗਾਇਨ ਕਲਾ ਦੇ ਜੌਹਰ ਵੀ ਦਿਖਾਏ ਸਨ। 29 ਵਰਿਆਂ ਦਾ ਕਰਨ ਦਿਉਲ ਆਪਣੇ ਪਿਤਾ ਸੰਨੀ ਦਿਓਲ ਵਾਂਗ  ਸ਼ਰਮੀਲਾ ਤੇ ਮਿਹਨਤ ‘ਚ ਵਿਸ਼ਵਾਸ ਰੱਖਣ ਵਾਲੀ ਪ੍ਰਵਿਰਤੀ ਦਾ ਮਾਲਕ ਹੈ। ਕਰਨ ਦਿਓਲ ਦਾ ਜਨਮ ਬਾਲੀਵੁੱਡ ਸਟਾਰ ਸੰਨੀ ਦਿਓਲ ਦੇ ਘਰ ਮਾਤਾ ਪੂਜਾ ਦਿਓਲ ਦੀ ਕੁੱਖੋਂ 27 ਦਸੰਬਰ 1990 ਨੂੰ ਹੋਇਆ।ਕਰਨ ਦਿਉਲ ਦਾ ਪਰਿਵਾਰਕ ਨਾਂ ਰੌਕੀ ਹੈ।ਕਰਨ ਦਿਓਲ ਨੇ ਆਪਣੀ ਮੁੱਢਲੀ ਸਿੱਖਿਆ ਇਕੋਲ ਮੈਡੀਕਲ ਸਕੂਲ ਜਹੂ ਮੁੰਬਈ ਤੋਂ ਪ੍ਰਾਪਤ ਕੀਤੀ।ਉਚੇਰੇ ਸਿੱਖਿਆ ਹਾਸਿਲ ਕਰਨ ਉਪਰੰਤ ਉਸਨੇ ਮੁੰਬਈ ਦੇ ਰਾਹੁਲ ਰਵੈਲ ਅਭਿਨੈ ਵਿਦਿਆਲੇ ਤੋਂ  ਅਭਿਨੈ ਤੇ ਨਿਰਦੇਸ਼ਨ ਵਿਚ ਨਿਪੁੰਨਤਾ ਹਾਸਿਲ ਕੀਤੀ। ਇਕ ਸਟਾਰ ਘਰਾਣੇ ਨਾਲ ਸਬੰਧਤ ਹੋਣ ਦੇ ਬਾਵਜੂਦ ਉਸਨੇ ਆਪਣਾ ਬਚਪਨ ਆਮ ਬੱਚਿਆਂ ਦੀ ਤਰਾਂ ਸਾਦਾ ਬਤੀਤ ਕੀਤਾ। ਉਸਦਾ ਇਕ ਭਰਾ ਰਾਜਵੀਰ ਸਿੰਘ ਦਿਓਲ ਵੀ ਆਪਣੇ ਦਾਦਾ ਧਰਮਿੰਦਰ ਸਿੰਘ ਦਿਓਲ ਤੇ ਪਿਤਾ ਸੰਨੀ ਦਿਉਲ ਵਾਂਗ  ਬਾਲੀਵੁੱਡ ਦਾ ਸੁਪਰ ਸਟਾਰ ਬਣਨ ਦਾ ਸੁਪਨਾ ਰੱਖਦਾ ਹੈ। ਕਰਨ ਦਿਉਲ ਨੂੰ ਫੁੱਟਬਾਲ ਖੇਡਣਾਂ ਬੇਹੱਦ ਪਸੰਦ ਹੈ। ਕਰਨ ਦਿਉਲ ਬਾਲੀਵੁੱਡ ਫਿਲਮ ਇੰਡਸਟਰੀ ‘ਚ ਸਥਾਪਿਤ ਅਦਾਕਾਰ ਤੇ ਨਿਰਦੇਸ਼ਕ ਵਜੋਂ ਨਾਂ ਬਣਾਉਣ ਦੀ ਇੱਛਾ ਰੱਖਦਾ ਹੈ। ਕਰਨ ਦਿਉਲ ਦੇ ਬਹੁਪੱਖੀ ਕਲਾਤਮਿਕ ਹੋਣ ਦਾ ਅਹਿਸਾਸ ਉਸਦੀ ਕਾਰਜਸ਼ੈਲੀ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਉਹ ਇਕ ਰੈਪਰ,ਸੁਰੀਲਾ ਫਨਕਾਰ, ਨਿਰਦੇਸ਼ਕ ਤੇ ਹੁਣ ਬਤੌਰ ਅਭਿਨੇਤਾ ਬਾਲੀਵੁੱਡ ਦੀ ਫਿਲਮ “ਪਲ ਪਲ ਦਿਲ ਕੇ ਪਾਸ “ਰਾਹੀਂ ਡੈਬਿਊ ਕਰਨ ਜਾ ਰਿਹਾ ਹੈ। ਇਸ ਫਿਲਮ ਨੂੰ ਉਸਦੇ ਪਿਤਾ ਸੰਨੀ ਦਿਉਲ ਹੋਰਾਂ ਨੇ ਨਿਰਦੇਸ਼ਨ ਦਿੱਤਾ ਹੈ।ਇਸ ਫਿਲਮ ਦਾ ਟ੍ਰੇਲਰ ਲਾਂਚ ਕੀਤਾ ਜਾ ਚੁੱਕਾ ਹੈ।ਫਿਲਮ “ਪਲ ਪਲ ਦਿਲ ਕੇ ਪਾਸ “ਦੇ ਟ੍ਰੇਲਰ ਨੂੰ ਬਾਲੀਵੁੱਡ ਜਗਤ ਦੀਆਂ ਹਸਤੀਆਂ ਨੇ ਪ੍ਰਮੋਟ ਕੀਤਾ ਹੈ। ਫਿਲਮ ਦੇ ਟ੍ਰੇਲਰ ਰਿਲੀਜ਼ਿੰਗ ਮੌਕੇ ਧਰਮ ਭਾਅ ਜੀ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਕਰਨ ਦਿਉਲ ਲਈ ਸ਼ੁੱਭ ਇੱਛਾਵਾਂ ਭੇਂਟ ਕਰਦਿਆਂ ਆਪਣੇ ਪੋਤੇ ਲਈ  ਆਸ਼ੀਰਵਾਦ ਵੀ ਦਿੱਤਾ ਹੈ।ਧਰਮਿੰਦਰ ਦਾ ਮੰਨਣਾ ਹੈ ਕਿ ਉਸਦਾ ਪੋਤਾ ਉਸਦੇ ਪੁੱਤਰ ਸੰਨੀ ਦਿਓਲ ਵਾਂਗ ਸੁਪਰ ਸਟਾਰ ਅਦਾਕਾਰ ਬਣ ਕੇ ਉਭਰੇਗਾ। ਫਿਲਮ “ਪਲ ਪਲ ਦਿਲ ਕੇ ਪਾਸ “ਦਿਓਲ ਖਾਨਦਾਨ ਦੇ ਚਿਰਾਗ ਕਰਨ ਦੀ ਜ਼ਿੰਦਗੀ ਲਈ ਵਿਸ਼ੇਸ਼ ਨਹੀਂ ਸਗੋਂ ਦਿਓਲ ਪਰਿਵਾਰ ਲਈ ਵੀ ਚਣੌਤੀ ਹੈ। ਫਿਲਮ “ਜੱਟ ਯਮਲਾ ਪਗਲਾ ਦੀਵਾਨਾਂ-2 “ ਦੇ ਫਲਾਪ ਹੋਣ ਮਗਰੋਂ ਦਿਓਲ ਪਰਿਵਾਰ ਕੋਲ ਤੀਜੀ ਪੀੜੀ ਦੇ ਸੰਭਾਵੀ ਤੇ ਨਵੇਂ ਚਿਹਰੇ ਕਰਨ ਦਿਓਲ ‘ਤੇ ਕਿਸਮਤ ਅਜਮਾਉਣ ਤੋਂ ਸਿਵਾਏ ਕੋਈ ਚਾਰਾ ਨਹੀਂ ਸੀ।ਫਿਲਮ ਦੀ ਸ਼ੂਟਿੰਗ ਹਿਮਾਚਲ ਪ੍ਰਦੇਸ਼ ਤੇ ਲਦਾਖ ਦੀਆਂ ਖੂਬਸੂਰਤ ਵਾਦੀਆਂ ਵਿਚ ਕੀਤੀ ਗਈ ਹੈ। ਫਿਲਮ “ਪਲ ਪਲ ਦਿਲ ਕੇ ਪਾਸ“ਇਕ ਰੁਮਾਂਟਿਕ ਤੇ ਰੌਚਿਕ ਸਟੋਰੀ ਹੈ, ਜਿਸ ਵਿਚ ਕਰਨ ਦਿਓਲ ਸ਼ਹਿਰ ਬਾਂਬਾ ਨਾਲ ਰੋਮਾਂਸ ਕਰਦਾ ਨਜ਼ਰ ਆਵੇਗਾ। ਕਰਨ ਤੇ ਸ਼ਹਿਰ ਨੂੰ ਇਕ  ਯਾਤਰਾ ਦੌਰਾਨ ਪਿਆਰ ਹੋ ਜਾਂਦਾ ਹੈ। ਹਾਲਾਂਕਿ ਕਰਨ ਨੂੰ ਪਿਆਰ ਦਾ ਅਹਿਸਾਸ ਕੁਛ ਦੇਰ ਬਾਅਦ ਹੁੰਦਾ ਹੈ। ਜਦੋਂ ਕਰਨ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਹੁੰਦੀ ਹੈ। ਕਰਨ ਆਪਣੇ ਪਿਆਰ ਨੂੰ ਪਾਉਣ ਲਈ ਕਿੰਨਾਂ ਕਠਿਨਾਈਆਂ ਦੇ ਦੌਰ ਵਿਚ ਦੀ ਗੁਜਰਦਾ ਹੈ ,ਇਹ ਸਭ ਤਾਂ ਫਿਲਮ ਦੇਖ ਕੇ ਹੀ ਪਤਾ ਲੱਗੇਗਾ। ਇਹ ਫਿਲਮ 20 ਸਤੰਬਰ ਤੋਂ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।ਵਿਜੇ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਤੋਂ ਪੂਰੇ ਦਿਓਲ ਪਰਿਵਾਰ ਨੂੰ ਢੇਰ ਸਾਰੀਆਂ ਉਮੀਦਾਂ ਹਨ।                              
                                                  ਕੁਲਦੀਪ ਸਿੰਘ ਲੋਹਟ            
                                                   ਪਿੰਡ ਤੇ ਡਾਕ ਅਖਾੜਾ, ਤਹਿਸੀਲ ਜਗਰਾਉਂ ,
                                                    (ਲੁਧਿਆਣਾ) 98764-92410