ਦਰਿਆਵਾਂ ’ਚ ਪੈ ਰਹੇ ਪ੍ਰਦੂਸ਼ਿਤ ਪਾਣੀਆਂ ਕਾਰਨ ਲੋਕਾਂ ’ਚ ਫੈਲ ਰਹੀਆਂ ਬਿਮਾਰੀਆਂ,ਐਨਜੀਟੀ ਵਲੋਂ ਨਰੋਆ ਪੰਜਾਬ ਮੰਚ ਦੀ ਹਾਜਰੀ ’ਚ ਸਖਤ ਕਾਰਵਾਈ ਦਾ ਐਲਾਨ

ਮੋਗਾ ,12 ਸਤੰਬਰ (ਜਸ਼ਨ):  - ਦਰਿਆਵਾਂ ’ਚ ਪੈ ਰਹੇ ਪ੍ਰਦੂਸ਼ਿਤ ਪਾਣੀਆਂ ਕਾਰਨ ਲੋਕਾਂ ’ਚ ਫੈਲ ਰਹੀਆਂ ਬਿਮਾਰੀਆਂ, ਬੁੱਢੇ ਨਾਲੇ ਰਾਹੀਂ ਦਰਿਆ ਸਤਲੁਜ ਦੇ ਸਾਫ ਪਾਣੀ ਨੂੰ ਜ਼ਹਿਰੀਲਾ ਕਰਨ ਖਿਲਾਫ ਸੰਘਰਸ਼ ਕਰ ਰਹੇ ‘ਨਰੋਆ ਪੰਜਾਬ ਮੰਚ’ ਅਤੇ ਤਪੋਬਣ ਟਰੱਸਟ ਰਾਜਸਥਾਨ ਦੇ ਅਹੁਦੇਦਾਰਾਂ ਵਲੋਂ ਜਸਟਿਸ ਪ੍ਰੀਤਮਪਾਲ ਚੇਅਰਮੈਨ ਨੈਸ਼ਨਲ ਗਰੀਨ ਟਿ੍ਰਬਿਊਨਲ ਮੋਨੀਟੀਅਰਿੰਗ ਕਮੇਟੀ ਫਾਰ ਪੰਜਾਬ, ਸੁਬੋਧ ਅਗਰਵਾਲ ਸੀਨੀਅਰ ਮੈਂਬਰ ਅਤੇ ਡਾ. ਬਾਬੂ ਰਾਮ ਮੈਂਬਰ ਨੂੰ ਮਿਲ ਕੇ ਦਰਿਆਈ ਪ੍ਰਦੂਸ਼ਣ ਖਿਲਾਫ ਇਕੱਤਰ ਕੀਤੇ ਤੱਥ ਤੇ ਰਿਪੋਰਟਾਂ ਸੌਂਪ ਕੇ ਯੋਗ ਕਾਰਵਾਈ ਦੀ ਮੰਗ ਕੀਤੀ ਹੈ, ਨਰੋਆ ਪੰਜਾਬ ਮੰਚ ਦੇ ਕਨਵੀਨਰ ਗੁਰਪ੍ਰੀਤ ਸਿੰਘ ਚੰਦਬਾਜਾ, ਕੁਲਤਾਰ ਸਿੰਘ ਸੰਧਵਾਂ ਸੀਨੀਅਰ ਮੀਤ ਪ੍ਰਧਾਨ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ, ਡਾ. ਅਮਰਜੀਤ ਸਿੰਘ ਮਾਨ, ਡਾ. ਕੁਲਦੀਪ ਸਿੰਘ ਚੁਨਾਗਰਾ,ਮਹੇਸ਼ ਪੈੜੀਵਾਲ ਤੇ ਰਮਜਾਨ ਅਲੀ ਦੋਨੋਂ ਗੰਗਾਨਗਰ, ਡਾ. ਭੀਮਇੰਦਰ ਸਿੰਘ ਪਟਿਆਲਾ ਅਤੇ ਮਹੇਸ਼ ਪੇਡੀਵਾਲ ਦੀ ਅਗਵਾਈ ਹੇਠਲੇ ਵਫਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਸ਼ਹਿਰ ’ਚੋਂ ਲੰਘਦਾ ਹੋਇਆ ਬੁੱਢਾ ਦਰਿਆ ਜੋ ਕਿਸੇ ਸਮੇਂ ਬਰਸਾਤੀ ਮੌਸਮ ’ਚ ਅਨੇਕਾਂ ਪਿੰਡਾਂ ਨੂੰ ਹੜਾਂ ਦੀ ਮਾਰ ਤੋਂ ਬਚਾਉਣ ਲਈ ਲਈ ਵਰਦਾਨ ਮੰਨਿਆ ਜਾਂਦਾ ਸੀ, ਅੱਜ ਸਨਅਤੀ ਇਕਾਈਆਂ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਕਾਰਨ ਗੰਦੇ ਨਾਲੇ ਦੇ ਰੂਪ ’ਚ ਬਦਲ ਚੁੱਕਾ ਹੈ। ਜਿਸ ਬੁੱਢੇ ਦਰਿਆ ’ਚ ਕਦੇ ਬਰਸਾਤ ਦਾ ਸਾਫ ਪਾਣੀ ਚੱਲਦਾ ਸੀ, ਅੱਜ ਉਸ ’ਚ ਨਾਲ ਲੱਗਦੇ ਸੈਂਕੜੇ ਕਾਰਖਾਨਿਆਂ, ਡਾਈਟਾਂ, ਫੈਕਟਰੀਆਂ ਦਾ ਤੇਜ਼ਾਬੀ ਪਾਣੀ ਅਤੇ ਪਸ਼ੂ ਡੇਅਰੀਆਂ ਦਾ ਗੋਬਰ ਤੇ ਹੋਰ ਗੰਦਗੀ ਗੈਰ ਕਾਨੂੰਨੀ ਢੰਗ ਨਾਲ ਪਾਉਣ ਕਾਰਨ ਬੁੱਢਾ ਦਰਿਆ ਬਿਲਕੁੱਲ ਦੂਸ਼ਿਤ ਹੋ ਚੁੱਕਾ ਹੈ, ਜਿਸ ਕਾਰਨ ਨਾਲ ਲੱਗਦੇ ਇਲਾਕਿਆਂ ’ਚ ਪੀਣ ਵਾਲਾ ਪਾਣੀ ਕਾਰਨ ਕਈ ਤਰਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ। ਜਿਸ ਨੂੰ ਰੋਕਣ ਲਈ ਅੱਜ ਤੱਕ ਪ੍ਰਸ਼ਾਸ਼ਨ ਵਲੋਂ ਬੁੱਢੇ ਦਰਿਆ ਨੂੰ ਗੰਧਲਾ ਤੇ ਤੇਜਾਬੀ ਕਰਨ ਤੋਂ ਰੋਕਣ ਲਈ ਕੋਈ ਠੋਸ ਉਪਰਾਲਾ ਨਹੀ ਕੀਤਾ ਗਿਆ, ਖੁਦਗਰਜ ਲੋਕ ਆਪਣੇ ਨਿੱਜੀ ਸਵਾਰਥ ਲਈ ਬੇਖੌਫ ਇਸ ’ਚ ਗੰਦਗੀ ਘੋਲ ਰਹੇ ਹਨ। ਜਸਟਿਸ ਪ੍ਰੀਤਮਪਾਲ ਚੇਅਰਮੈਨ, ਸੁਬੋਧ ਅਗਰਵਾਲ ਅਤੇ ਡਾ. ਬਾਬੂ ਰਾਮ ਨੇ ਕਿਹਾ ਕਿ ਤੁਸੀਂ ਸਮਾਜ ਦੇ ਚੇਤਨ ਲੋਕ ਤਾਂ ਸਾਡੀਆਂ ਅੱਖਾਂ ਤੇ ਕੰਨ ਹੋਂ, ਤੁਸੀਂ ਸਾਨੂੰ ਜੋ ਗਲਤ ਹੋ ਰਿਹਾ, ਉਹਦੇ ਬਾਰੇ ਨਿਰਪੱਖ ਜਾਣਕਾਰੀ ਦੇ ਸਕਦੇ ਹੋਂ, ਅਸੀਂ ਚੈਕਿੰਗ ਵੇਲੇ ਨਰੋਆ ਪੰਜਾਬ ਮੰਚ ਦੇ ਉਸ ਏਰੀਆ ਦੇ ਮੈਂਬਰ ਚੈਕਿੰਗ ਟੀਮ ’ਚ ਸ਼ਾਮਲ ਕਰਿਆ ਕਰਾਂਗੇ, ਲੁਧਿਆਣੇ ਦੀਆਂ ਗੱਤਾ ਫੈਕਟਰੀਆਂ, ਡੇਅਰੀ ਵਾਲਿਆਂ, ਇੰਡਸਟਰੀ ਵਲੋਂ,ਸ਼ਹਿਰ ਦੇ ਸੀਵਰੇਜ ਰਾਹੀਂ, ਬੁੱਢੇ ਨਾਲੇ ਰਾਹੀਂ ਸਤਲੁਜ ਵਿੱਚ  ਪੈ ਰਹੇ ਗੰਦੇ ਪਾਣੀ ਨੂੰ ਸੋਧਣ ਲਈ ਬਣ ਰਹੇ 3 ਈ ਟੀ ਪੀ ਤੇ 3 ਪੁਰਾਣੇ ਐਸ ਟੀ ਪੀ ਨੂੰ ਸਮੇਂ ਸਿਰ ਚਾਲੂ  ਕਰਵਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ, ਜਿਥੇ ਲੋੜ ਪਈ ਪ੍ਰਤੀ ਦਿਨ ਵੀ ਜੁਰਮਾਨੇ ਕੀਤੇ ਜਾਣਗੇ ਅਤੇ ਇਹ ਸਭ ਨਰੋਆ ਪੰਜਾਬ ਮੰਚ ਦੇ ਮੈਂਬਰਾਂ ਦੀ ਹਾਜਰੀ ’ਚ ਹੋਵੇਗਾ। ਨਰੋਆ ਪੰਜਾਬ ਮੰਚ ਦੇ ਆਗੂਆਂ ਨੇ ਯਕੀਨ ਦਿਵਾਇਆ ਕਿ ਅਸੀਂ ਨੈਸ਼ਨਲ ਗਰੀਨ ਟਿ੍ਰਬਿਊਨਲ ਦੇ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਕੰਮ ਕਰਾਂਗੇ। ਇਸ ਮੌਕੇ ਬਲਦੇਵ ਸਿੰਘ ਗੋਸਲ, ਜਗਪਾਲ ਸਿੰਘ ਪਾਤੜਾਂ, ਸੁਖਦੇਵ ਸਿੰਘ, ਸੁਰਿੰਦਰ ਸਿੰਘ ਗੌਸਪੁਰ, ਸੁਖਜੀਤ ਸਿੰਘ ਢਿੱਲਵਾਂ ਸ਼ਾਮਲ ਹੋਏ।