ਹੜ ਪੀੜਤਾਂ ਲਈ ‘ਮਾਈ ਮੋਗਾ ਵੈੱਲਫੇਅਰ ਸੁਸਾਇਟੀ’ ਅਤੇ ਫਿਜ਼ਿਸ਼ੀਅਨ ਫਰੈਂਡਜ਼ ਮੋਗਾ ਆਰਗੇਨਾਈਜੇਸ਼ਨ ’ਨੇ ਲਗਾਇਆ ਮੈਡੀਕਲ ਕੈਂਪ

 ਧਰਮਕੋਟ,10 ਸਤੰਬਰ (ਜਸ਼ਨ):ਪੰਜਾਬ ਵਿੱਚ ਆਏ ਹੜਾਂ ਨੇ ਜਿੱਥੇ ਪੰਜਾਬ ਦੇ ਵੱਖ ਵੱਖ ਪਿੰਡਾਂ ਵਿਚ ਭਾਰੀ ਤਬਾਹੀ ਮਚਾਈ ਹੈ ਉੱਥੇ ਵੱਖ ਵੱਖ ਧਾਰਮਿਕ ਅਤੇ ਸਵੈ ਸੇਵੀ ਜਥੇਬੰਦੀਆਂ ਵੱਲੋਂ ਹੜ ਪੀੜਤਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਲਈ ਵੱਡੇ ਪੱਧਰ ਤੇ ਕੈਂਪ ਲਗਾਏ ਜਾ ਰਹੇ ਹਨ।  ਹੁਣ ਹਾਲਾਤ ਆਮ ਵਰਗੇ ਬਣਦੇ ਜਾ ਰਹੇ ਹਨ, ਪਰ ਹੜ ਪ੍ਰਭਾਵਿਤ ਖੇਤਰਾਂ ਵਿੱਚ ਕਈ ਦਿਨਾਂ ਤੱਕ ਪਾਣੀ ਖੜਾ ਰਹਿਣ ਕਰਕੇ ਨਾ-ਮੁਰਾਦ ਬੀਮਾਰੀਆਂ ਨੇ ਹੜਾਂ ਦੇ ਸ਼ਿਕਾਰ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਪੰਜਾਬ ਦੇ ਲੋਕਾਂ ਨੇ ਹੰਭਲਾ ਮਾਰਦੇ ਹੋਏ ਹੜ ਪ੍ਰਭਾਵਿਤ ਖੇਤਰਾਂ ਵਿੱਚ ਰਾਸ਼ਨ-ਪਾਣੀ ਅਤੇ ਹੋਰ ਸਮੱਗਰੀ ਭਰਪੂਰ ਮਾਤਰਾ ਵਿੱਚ ਪਹੁੰਚਾ ਦਿੱਤੀ ਗਈ ਸੀ, ਪਰ ਇਸ ਸਮੇਂ ਸਭ ਤੋਂ ਜਰੂਰੀ ਸੀ ਲੋਕਾਂ ਨੂੰ ਇਨਾਂ ਨਾ-ਮੁਰਾਦ ਬੀਮਾਰੀਆਂ ਤੋਂ ਬਚਾਉਣਾ ਅਤੇ ਲੋਕਾਂ ਤੱਕ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣਾ । ਲੋਕਾਂ ਦੇ ਇਨਾਂ ਹਲਾਤਾ ਨੂੰ ਸਮਝਦੇ ਹੋਏ ‘ਮਾਈ ਮੋਗਾ ਵੈੱਲਫੇਅਰ ਸੁਸਾਇਟੀ’ ਅਤੇ ਫਿਜ਼ਿਸ਼ੀਅਨ ਫਰੈਂਡਜ਼ ਮੋਗਾ ਆਰਗੇਨਾਈਜੇਸ਼ਨ ’ ਦੇ ਮੈਂਬਰਾਂ ਨੇ ਮੀਟਿੰਗ ਕਰਕੇ ਹੜ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਅਤੇ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਦਾ ਫੈਸਲਾ ਲਿਆ ਅਤੇ ਮੋਗਾ ਜਿਲੇ ਦੇ ਪਿੰਡ ਕੰਬੋ ਕੀ ਖੁਰਦ ਅਤੇ ਸੰਘੇੜਾ ਵਿੱਚ ਹੜਾਂ ਦੀ ਮਾਰ ਕਾਰਨ ਬੀਮਾਰੀਆਂ ਦੀ ਲਪੇਟ ਵਿੱਚ ਆਉਣ ਵਾਲੇ ਲੋਕਾਂ ਦੇ ਘਰ-ਘਰ ਜਾ ਕੇ ਉਨਾਂ ਦਾ ਚੈਕ-ਅੱਪ ਕੀਤਾ ਅਤੇ ਜਰੂਰਤ ਅਨੁਸਾਰ ਦਵਾਈਆਂ ਦਿੱਤੀਆ ਤਾਂ ਕਿ ਉਨਾਂ ਨੂੰ ਸਿਹਤਯਾਬ ਰੱਖਿਆ ਜਾ ਸਕੇ। ਇਸ ਮੌਕੇ ਦੋਨਾਂ ਸੰਸਥਾਵਾਂ ਵੱਲੋਂ ਸੰਯੁਕਤ ਰੂਪ ਵਿਚ ਕੈਂਪ ਵੀ ਲਗਾਇਆ ਗਿਆ । ਮੋਗਾ ਤੋਂ ਮਾਹਿਰ ਡਾਕਟਰਾਂ ਦੀ ਟੀਮ ਨੇ ਹੜ ਪੀੜਤਾਂ ਦੇ ਪਰਿਵਾਰਾਂ ਅਤੇ ਲੋੜਵੰਦਾਂ ਦਾ ਮੈਡੀਕਲ ਚੈੱਕ ਅੱਪ ਕਰਵਾਇਆ। ਇਸ ਮੌਕੇ  ਲੋੜਵੰਦਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਮਾਈ ਮੋਗਾ ਵੈਲਫੇਅਰ ਸੋਸਾਇਟੀ ਦੇ ਚੇਅਰਪਰਸਨ ਡਾ. ਰਜਿੰਦਰ ਕੌਰ ਕਮਲ, ਡਾ. ਪਰਮਿੰਦਰ ਕੌਰ ਜੌਹਲ, ਵਿੱਤੀ ਸਕੱਤਰ, ਡਾ. ਹਰਪ੍ਰੀਤ ਕੌਰ ਮੱਲੀ, ਜੁਆਇੰਟ ਸਕੱਤਰ, ਸ. ਦਰਸ਼ਨ ਸਿੰਘ ਖੇਲਾ, ਜਰਨਲ ਸਕੱਤਰ, ਸ਼੍ਰੀਮਤੀ ਜਸਪ੍ਰੀਤ ਕੌਰ ਢਿੱਲੋਂ ਤੋਂ ਇਲਾਵਾ ਫਿਜੀਸ਼ੀਅਨ ਫਰੈਂਡਜ ਮੋਗਾ ਦੇ ਮੈਂਬਰ ਡਾ. ਗੁਰਕੀਰਤ ਸਿੰਘ ਗਿੱਲ, ਡਾ. ਸੰਜੀਵ ਮਿੱਤਲ, ਡਾ. ਹਰਮੰਦਰ ਸਿੰਘ ਬੀਰ, ਡਾ. ਬਲਜੀਤ ਸਿੰਘ, ਡਾ. ਖੁਸ਼ ਅਰੋੜਾ, ਡਾ. ਪਰਮਿੰਦਰ ਜੌਹਲ, ਡਾ. ਸਚਿਨ ਕਥੂਰੀਆ, ਡਾ. ਸੁਖਦੀਪ ਸਿੰਘ, ਡਾ. ਵਿਜੈ ਗੋਇਲ ਆਦਿ ਹਾਜ਼ਰ ਸਨ।