ਪਰਾਲੀ ਸਾੜਣ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਵਿਆਪਕ ਮੁਹਿੰਮ ਸ਼ੁਰੂ: ਪੰਨੂੰ, 400 ਕਿਸਾਨ ਭਲਕੇ ਨਵੀਂ ਦਿੱਲੀ ਵਿਖੇ ਫਸਲੀ ਰਹਿੰਦ-ਖੂਹੰਦ ਦੇ ਪ੍ਰਬੰਧਨ ’ਤੇ ਹੋਣ ਜਾ ਰਹੀ ਕੌਮੀ ਕਾਨਫਰੰਸ ਵਿੱਚ ਹਿੱਸਾ ਲੈਣਗੇ

ਚੰਡੀਗੜ, 8 ਸਤੰਬਰ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :  ਪੰਜਾਬ ਦੇ ਪ੍ਰਗਤੀਸ਼ੀਲ ਅਤੇ ਨਿਵੇਕਲੀ ਪਹੁੰਚ ਰੱਖਣ ਵਾਲੇ 400 ਕਿਸਾਨ ਭਲਕੇ ਨਵੀਂ ਦਿੱਲੀ ਵਿਖੇ ਫਸਲੀ ਰਹਿੰਦ-ਖੂਹੰਦ ਦੇ ਪ੍ਰਬੰਧਨ ’ਤੇ ਹੋਣ ਜਾ ਰਹੀ ਕੌਮੀ ਕਾਨਫਰੰਸ ਵਿੱਚ ਹਿੱਸਾ ਲੈਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਰੀਬ 1000 ਕਿਸਾਨ ਇਸ ਕਾਨਫਰੰਸ ਦਾ ਹਿੱਸਾ ਹੋਣਗੇ ਅਤੇ ਇਸ ਦੌਰਾਨ ਇਹ ਕਿਸਾਨ ਫਸਲੀ ਰਹਿੰਦ-ਖੂਹੰਦ ਦਾ ਨਿਪਟਾਰਾ ਕਰਨ ਸਬੰਧੀ ਆਪੋ-ਆਪਣੇ ਨਿਵੇਕਲੇ ਸੁਝਾਅ ਵੀ ਬਾਕੀ ਕਿਸਾਨਾਂ ਨਾਲ ਸਾਂਝੇ ਕਰਨਗੇ। ਇਹ ਕਾਨਫਰੰਸ ਭਾਰਤ ਸਰਕਾਰ ਵੱਲੋਂ ਐਨ.ਏ.ਐਸ.ਸੀ ਕੰਪਲੈਕਸ, ਨਵੀਂ ਦਿੱਲੀ ਵਿਖੇ ਕਰਵਾਈ ਜਾ ਰਹੀ ਹੈ ਅਤੇ ਇਸ ਦਾ ਮੰਤਵ ਪਰਾਲੀ ਸਾੜਣ ਦੀਆਂ ਸਮੱਸਿਆਵਾਂ ਨਾਲ ਨਜਿੱਠਣਾ ਅਤੇ ਇਸ ਸਬੰਧੀ ਕਿਸਾਨ ਭਾਈਚਾਰੇ ਨੂੰ ਜਾਗਰੂਕ ਕਰਨਾ ਹੈ।ਕੇਂਦਰੀ ਖੇਤੀਬਾੜੀ ਤੇ ਕਿਸਾਨ  ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਇਸ ਕਾਨਫਰੰਸ ਦੌਰਾਨ ਉਦਾਘਾਟਨੀ ਭਾਸ਼ਣ ਦਿੱਤਾ ਜਾਵੇਗਾ।ਇਸ ਮੌਕੇ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਉਨਾਂ ਪ੍ਰਗਤੀਸ਼ੀਲ ਕਿਸਾਨਾਂ ਦਾ ਸਨਮਾਨ ਵੀ ਕੀਤਾ ਜਾਵੇਗਾ, ਜਿਨਾਂ ਨੇ ਫਸਲੀ ਰਹਿੰਦ-ਖੂਹੰਦ ਦਾ ਮੌਕੇ ’ਤੇ ਹੀ ਨਿਪਟਾਰਾ ਕਰਨ ਲਈ ਵਿਲੱਖਣ ਯਤਨ ਕੀਤੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਸੂਬੇ ਦੇ ਖੇਤੀਬਾੜੀ ਵਿਭਾਗ ਦੇ ਮਾਹਿਰ ਉਨਾਂ ਵੱਲੋਂ ਪੰਜਾਬ ਵਿੱਚ ਪਰਾਲੀ ਦਾ ਮੌਕੇ ’ਤੇ ਹੀ ਨਿਪਟਾਰਾ ਕਰਨ ਲਈ ਅਪਨਾਉਣਯੋਗ ਤਕਨੀਕਾਂ ਸਬੰਧੀ ਕੀਤੇ ਉਪਰਾਲਿਆਂ ’ਤੇ ਅਧਾਰਤ ਪੇਸ਼ਕਾਰੀ ਵੀ ਦੇਣਗੇ।ਇਸ ਦੇ ਨਾਲ ਹੀ ਝੋਨੇ ਦੀ ਪਰਾਲੀ ਸਾੜਣ ਦੀ ਸਮੱਸਿਆ ਨਾਲ ਨਜਿੱਠਣ ਲਈ ਪ੍ਰਗਤੀਸ਼ੀਲ ਕਿਸਾਨਾਂ ਵੱਲੋਂ ਕੀਤੇ ਨਿਵੇਕਲੇ ਯਤਨਾਂ ਦੀ ਸ਼ਲਾਘਾ ਕਰਦਿਆਂ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਫਸਲੀ ਰਹਿੰਦ-ਖੂਹੰਦ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਵਿਆਪਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਤੇ ਹੋਰਨਾਂ ਵਿਭਾਗਾਂ ਦੇ ਯਤਨਾਂ ਸਦਕਾ ਪਿਛਲੇ ਸਾਲਾਂ ਮੁਕਾਬਲੇ ਪਰਾਲੀ ਫੂਕਣ ਦੇ ਰੁਝਾਨ ਵਿੱਚ ਕਾਫੀ ਕਮੀ ਆਈ ਹੈ। ਉਨਾਂ ਕਿਹਾ ਕਿਸਾਨਾਂ ਨੂੰ ਫਸਲੀ ਰਹਿੰਦ-ਖੂਹੰਦ ਸਾੜਨ ਕਾਰਨ ਹੋਣ ਵਾਲੇ ਮਾਰੂ ਪ੍ਰਭਾਵਾਂ ਤੋਂ ਜਾਗਰੂਕ ਕਰਾਉਣ ਲਈ ਇਹ ਢੁਕਵਾਂ ਸਮਾਂ ਹੈ ਤਾਂ ਜੋ ਹਰੇ-ਭਰੇ, ਸਾਫ-ਸੁਥਰੇ ਤੇ ਪ੍ਰਦੂਸ਼ਨ ਮੁਕਤ ਵਾਤਾਵਰਣ ਨੂੰ ਯਕੀਨੀ ਬਣਾਇਆ ਜਾ ਸਕੇ।ਪੰਜਾਬ ਨੂੰ ਝੋਨੇ ਦੀ ਪਰਾਲੀ ਸਾੜਣ ਦੀ ਸਮੱਸਿਆ ਤੋਂ ਮੁਕਤ ਕਰਨ ਦੇ ਉਦੇਸ਼ ਨਾਲ ਸੂਬੇ ਦੇ ਖੇਤੀਬਾੜੀ ਵਿਭਾਗ ਵੱਲੋਂ ਇੱਕ ਵੱਡੀ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਚਾਲੂ ਵਿੱਤੀ ਸਾਲ ਦੌਰਾਨ ਕਿਸਾਨਾਂ ਨੂੰ 28000 ਤੋਂ ਵੱਧ ਖੇਤੀਬਾੜੀ ਮਸ਼ੀਨਾਂ/ਖੇਤੀ ਔਜ਼ਾਰ ਮੁਹੱਈਆ ਕਰਵਾਏ ਜਾਣਗੇ ਅਤੇ ਇਸ ਵਿੱਚ ਕੁੱਲ 274 ਕਰੋੜ ਰੁਪਏ ਦੀ ਸਬਸਿਡੀ ਸ਼ਾਮਲ ਹੈ। ਇਸ ਸਕੀਮ ਤਹਿਤ ਕਿਸਾਨਾਂ ਨੂੰ 50 ਫੀਸਦ ਤੋਂ 80 ਫੀਸਦ ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਪਰਾਲੀ ਸਾੜਣ ਦੇ ਮਾਰੂ ਪ੍ਰਭਾਵਾਂ ਪ੍ਰਤੀ ਸੁਚੇਤ ਤੇ ਸਿੱਖਿਅਤ ਕਰਨ ਲਈ ਸੂਚਨਾ ਸਿੱਖਿਆ ਸੰਚਾਰ (ਆਈ.ਈ.ਸੀ) ਨਾਂ ਦੀ ਮੁਹਿੰਮ ਵੀ ਸ਼ੁਰੂ ਕੀਤੀ ਹੈ। ਇਸ ਜਾਗਰੂਕਤਾ ਮੁਹਿੰਮ ਦਾ ਮੁੱਢਲਾ ਉਦੇਸ਼ ਕਿਸਾਨਾਂ ਨੂੰ ਸਿਖਲਾਈ ਦੇਣਾ, ਮੌਕੇ ’ਤੇ ਪਰਾਲੀ ਦੇ ਨਿਪਟਾਰੇ ਲਈ ਵਰਤੇ ਜਾਂਦੇ ਖੇਤੀ ਸੰਦਾਂ ਨੂੰ ਵਰਤ ਕੇ ਵਿਖਾਉਣਾ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਲਈ ਸੁਚੇਤ ਕਰਨਾ ਹੈ।