ਸਿਹਤ ਮੰਤਰੀ ਵੱਲੋਂ ਕਾਇਆਕਲਪ ਸਵੱਛ ਭਾਰਤ ਅਭਿਆਨ ਤਹਿਤ ਪੁਰਸਕਾਰਾਂ ਦੀ ਵੰਡ,ਸਰਕਾਰੀ ਹਸਪਤਾਲਾਂ ਨੂੰ ਸ਼ਾਨਦਾਰ ਮੈਡੀਕਲ ਸੇਵਾਵਾਂ ਬਦਲੇ ਦਿੱਤੇ ਗਏ ਐਵਾਰਡ

ਚੰਡੀਗੜ੍ਹ, 6 ਸਤੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ. ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਇੱਥੇ ਅਹਿਮ ਸਮਾਗਮ ਦੌਰਾਨ ਸਰਕਾਰੀ ਹਸਪਤਾਲਾਂ ਨੂੰ ਬਿਹਤਰੀਨ ਮੈਡੀਕਲ ਸੇਵਾਵਾਂ ਬਦਲੇ ਸਾਲ 2018-19 ਲਈ ਰਾਜ ਪੱੱਧਰੀ ਕਾਇਆ ਕਲਪ ਸਵੱਛ ਭਾਰਤ ਅਭਿਆਨ ਪੁਰਸਕਾਰਾਂ ਦੀ ਵੰਡ ਕੀਤੀ ਗਈ।ਇਸ ਸਮਾਗਮ ਮੌਕੇ ਸੰਬੋਧਨ ਕਰਦੇ ਹੋਏ ਸ. ਬਲਬੀਰ ਸਿੰਘ ਸਿੱਧੂ ਨੇ ਆਖਿਆ ਕਿ ਇਨ੍ਹਾਂ ਪੁਰਸਕਾਰਾਂ ਦਾ ਮਕਸਦ ਸਰਵੋਤਮ ਮੈਡੀਕਲ ਸੇਵਾਵਾਂ ਨੂੰ ਮੈਡੀਕਲ ਖੇਤਰ ਦਾ ਅਟੁੱਟ ਅੰਗ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ ਸਰਕਾਰੀ ਹਸਪਤਾਲਾਂ ਵਿਚ ਸਾਫ-ਸਫਾਈ, ਸਵੱਛਤਾ, ਕੂੂੜੇ ਦਾ ਢੁਕਵਾਂ ਪ੍ਰਬੰਧਨ, ਸਹਾਇਕ ਸੇਵਾਵਾਂ ਤੇ ਹੋਰ ਸ਼ਾਨਦਾਰ ਸੇਵਾਵਾਂ ਜਿਹੇ ਮਾਪਦੰਡਾਂ ਦੇ ਆਧਾਰ ’ਤੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਦਾ ਆਗਾਜ਼ ਕਰ ਕੇ ਸੂਬਾ ਵਾਸੀਆਂ ਦੀ ਸਿਹਤਯਾਬੀ ਲਈ ਵਾਅਦਾ ਨਿਭਾਇਆ ਹੈ। ਉਨ੍ਹਾਂ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਪੰਜਾਬ ਦੀ ਲਗਭਗ 80 ਫੀਸਦੀ ਆਬਾਦੀ ਨੂੰ ਲਿਆਂਦਾ ਗਿਆ ਹੈ, ਇਸ ਤਰ੍ਹਾਂ ਸੂਬੇ ਦੇ 46 ਲੱਖ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਇਸ ਸਕੀਮ ਅਧੀਨ 1396 ਤਰ੍ਹਾਂ ਦੀਆਂ ਬਿਮਾਰੀਆਂ ਨੂੰ ਕਵਰ ਕਰ ਕੇ ਪ੍ਰਤੀ ਪਰਿਵਾਰ ਪੰਜ ਲੱਖ ਸਾਲਾਨਾ ਨਕਦੀ ਰਹਿਤ ਤੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ। ਇਹ ਸਹੂਲਤ ਸਰਕਾਰੀ ਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਤੋਂਂ ਮਿਲ ਰਹੀ ਹੈ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਸਰਕਾਰੀ ਹਸਪਤਾਲਾਂ ਵਿਚ ਮਾਹਿਰ ਡਾਕਟਰਾਂ ਦੀ ਘਾਟ ਦੂਰ ਕਰਨ ਲਈ ਸਰਕਾਰ ਵੱਲੋਂ 81 ਮਾਹਿਰ ਡਾਕਟਰ ਭਰਤੀ ਕੀਤੇ ਜਾ ਚੁੱਕੇ ਹਨ। ਹਰਿਆਣਾ ਦੀ ਤਰਜ਼ ’ਤੇ ਪੰਜਾਬ ਸਰਕਾਰ ਛੇਤੀ ਹੀ 58 ਤੋਂ 62 ਸਾਲ ਤੱਕ ਦੇ ਮਾਹਿਰ ਡਾਕਟਰਾਂ ਦੀਆਂ ਮੁੜ ਸੇਵਾਵਾਂ ਲਿਆ ਕਰੇਗੀ ਤਾਂ ਜੋ ਵੱਧ ਤੋਂ ਵੱੱਧ ਮਰੀਜ਼ਾਂ ਨੂੰ ਮਾਹਿਰਾਂ ਦੀਆਂ ਸੇਵਾਵਾਂ ਲੈ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹੁਣੇ ਜਿਹੇ 118 ਆਯੂਰਵੈਦਿਕ ਮੈਡੀਕਲ ਅਫਸਰ ਲਾਏ ਗਏ ਹਨ ਤਾਂ ਜੋ ਆਯੁਰਵੈਦਿਕ ਸੇਵਾਵਾਂ ਨੂੰ ਹੁਲਾਰਾ ਮਿਲ ਸਕੇ ਅਤੇ ਹੁਣ ਸਰਕਾਰੀ ਆਯੁਰਵੈਦਿਕ ਹਸਪਤਾਲਾਂ ਨੂੰ ਅਪਗਰੇਡ ਕਰਨ ਵੱਲ ਸਰਕਾਰ ਕਦਮ ਵਧਾ ਰਹੀ ਹੈ।ਮੀਡੀਆ ਦੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਨੇ ਪੀਸੀਐਮਐਸ ਡਾਕਟਰਾਂ ਦੇ ਪੋਸਟ ਗ੍ਰੈਜੂਏਸ਼ਨ ਕੋਰਸਾਂ ’ਚ ਦਾਖਲੇ ਦੀਆਂ ਯੋਗਤਾ ਸ਼ਰਤਾਂ ਵਿਚ ਢਿੱਲ ਦਿੱਤੀ ਹੈ। ਪਹਿਲਾਂ ਪੀਸੀਐਮਐਸ ਡਾਕਟਰ, ਜੋ ਪਛੜੇ ਪੇਂਡੂ ਖੇਤਰਾਂ ਵਿਚ ਚਾਰ ਸਾਲ ਦੀਆਂ ਸੇਵਾਵਾਂ ਨਿਭਾਅ ਲੈਂਦੇ ਸਨ ਤੇ ਹੋਰ ਪੇਂਡੂ ਖੇਤਰਾਂ ਵਿਚ 6 ਸਾਲ ਦੀਆਂ ਸੇਵਾਵਾਂ ਪੂਰੀਆਂ ਕਰ ਲੈਂਦੇ ਸਨ, ਉਨ੍ਹਾਂ ਨੂੰ 30 ਫ਼ੀਸਦੀ ਵਾਧੂ ਨੰਬਰ ਮਿਲਦੇ ਸਨ ਤੇ ਪੀਜੀ ਕੋਰਸ ਲਈ ਯੋਗ ਹੁੰਦੇ ਸਨ। ਹੁਣ ਪੇਂਡੂ ਸੇਵਾਵਾਂ ਦੇ ਮਾਮਲੇ ਵਿਚ ਯੋਗਤਾ ਸ਼ਰਤ 4 ਤੇ 6 ਸਾਲ ਤੋਂ ਘਟਾ ਕੇ ਕ੍ਰਮਵਾਰ 2 ਤੇ 3 ਸਾਲ ਕਰ ਦਿੱਤੀ ਹੈ ਤਾਂ ਜੋ ਪੀਸੀਐਮਐਸ ਡਾਕਟਰਆਪਣੀ ਡਿਗਰੀ ਛੇਤੀ ਕਰ ਸਕਣ ਤੇ ਲੰਮਾ ਸਮਾਂ ਸਿਹਤ ਵਿਭਾਗ ਵਿਚ ਸੇਵਾਵਾਂ ਨਿਭਾਅ ਸਕਣ।ਇਸ ਦੌਰਾਨ ਜ਼ਿਲ੍ਹਾ ਹਸਪਤਾਲਾਂ ਦੀ ਸ਼੍ਰੇਣੀ ਵਿਚ ਜ਼ਿਲ੍ਹਾ ਹਸਪਤਾਲ ਪਠਾਨਕੋਟ ਨੂੰ ਪਹਿਲਾ ਇਨਾਮ (25 ਲੱਖ ਰੁਪਏ), ਮਾਤਾ ਕੋਸ਼ੱਲਿਆ ਦੇਵੀ ਹਸਪਤਾਲ ਪਟਿਆਲਾ ਨੂੰ ਦੂਜਾ ਇਨਾਮ (15 ਲੱਖ) ਤੇ ਜ਼ਿਲ੍ਹਾ ਹਸਪਤਾਲ ਮਾਨਸਾ ਨੂੰ ਤੀਜਾ ਇਨਾਮ (10 ਲੱਖ ਰੁਪਏ) ਮਿਲਿਆ। ਇਸ ਤੋਂ ਇਲਾਵਾ ਉਪ ਜ਼ਿਲ੍ਹਾ ਸ੍ਰੇਣੀ ’ਤੇ ਸਬ ਡਿਵੀਜ਼ਨ ਹਸਪਤਾਲ ਗਿੱਦੜਬਾਹਾ (ਸ੍ਰੀ ਮੁਕਤਸਰ ਸਾਹਿਬ) ਨੂੰ ਪਹਿਲਾ ਇਨਾਮ ਅਤੇ ਮੁਢਲੇ ਸਿਹਤ ਕੇਂਦਰ ਦੀ ਸ਼੍ਰੇਣੀ ਵਿਚ ਸੀਐਚਸੀ ਸ਼ੰਕਰ (ਜਲੰਧਰ) ਨੂੰ ਪਹਿਲਾ ਇਨਾਮ ਮਿਲਿਆ।ਇਸ ਤੋਂ ਇਲਾਵਾ ਚਾਰ ਸਰਕਾਰੀ ਹਸਪਤਾਲਾਂ ਨੂੰ ਨੈਸ਼ਨਲ ਐਕਰੀਡੇਸ਼ਨ ਆਫ ਨੈਸ਼ਨਲ ਕੁਆਲਿਟੀ ਅਸ਼ੋਰੈਂਸ ਸਟੈਂਡਰਡ 2018 ਸਰਟੀਫਿਕੇਟ ਨਾਲ ਨਿਵਾਜਿਆ ਗਿਆ। ਇਨ੍ਹਾਂ ਹਸਪਤਾਲਾਂ ਨੇ 3 ਤੋਂ 4 ਸਾਲ ਦੀ ਕਰੜੀ ਮਿਹਨਤ ਸਦਕਾ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਮਾਪਦੰਡਾਂ ’ਤੇ ਖਰਾ ਉਤਰ ਕੇ ਪ੍ਰਾਈਵੇਟ ਹਸਪਤਾਲਾਂ ਦੇ ਮੁਕਾਬਲੇ ਚੰਗੀ ਕਾਰਗੁਜ਼ਾਰੀ ਦਿਖਾਈ ਹੈ। ਇਨ੍ਹਾਂ ਚਾਰ ਹਸਪਤਾਲਾਂ ਵਿਚ ਉਪ ਜ਼ਿਲ੍ਹਾ ਹਸਪਤਾਲ ਦਸੂਹਾ, ਸਬ ਡਿਵੀਜ਼ਨ ਹਸਪਤਾਲ ਮੁਕੇਰੀਆਂ, ਸੀਐਚਸੀ ਗੋਨਿਆਣਾ (ਬਠਿੰਡਾ) ਤੇ ਅਰਬਨ ਪ੍ਰਾਈਮਰੀ ਹੈਲਥ ਸੈਂਟਰ ਬਿਸ਼ਨ ਸਿੰਘ ਨਗਰ (ਪਟਿਆਲਾ) ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਡੀਐਮਸੀ ਕਪੂਰਥਲਾ ਡਾਕਟਰ ਸਾਰਿਕਾ ਦੁੱਗਲ ਨੂੰ ਸਰਵੋਤਮ ਸੇਵਾਵਾਂ ਬਦਲੇ ਪੁਰਸਕਾਰ, ਸਾਬਕਾ ਸਿਵਲ ਸਰਜਨ ਲੁਧਿਆਣਾ ਡਾਕਟਰ ਪਰਵਿੰਦਰ ਸਿੰਘ ਸਿੱਧੂ ਤੇ ਸਾਬਕਾ ਸਿਵਲ ਸਰਜਨ ਪਟਿਆਲਾ ਡਾ. ਮਨਜੀਤ ਸਿੰਘ ਨੂੰ ਚੰਗੀਆਂ ਸੇਵਾਵਾਂ ਦੇਣ ਵਾਲੇ ਸਿਵਲ ਸਰਜਨਾਂ ਦੀ ਸ਼੍ਰੇਣੀ ’ਚ ਪੁਰਸਕਾਰਾਂ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਐਸਐਮਓਜ਼,  ਅਸਿਸਟੈਂਟ ਹਾਸਪੀਟਲ ਐਡਮਿਨਿਸਟ੍ਰੇਟਰ, ਇੰੰਟਰਨਲ ਅਸੈਸਰਜ਼ ਤੇ ਹੋਰ ਹਸਪਤਾਲਾਂ (ਜੋ ਕਾਇਆ ਕਲਪ ਰੈਕਿੰਗ ’ਚ 70 ਫ਼ੀਸਦੀ ਤੋਂ ਉਪਰ ਰਹੇ) ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਐਮ.ਐਲ.ਏ. ਮਾਨਸਾ ਸ੍ਰੀ ਨਾਜਰ ਸਿੰਘ ਮਾਨਸ਼ਾਹੀਆ, ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ, ਐਸ.ਐਸ.ਪੀ. ਡਾ. ਨਰਿੰਦਰ ਭਾਰਗਵ, ਡਾਇਰੈਕਟਰ ਸਿਹਤ ਪੰਜਾਬ ਡਾ. ਮੀਨਾ ਹਰਦੀਪ ਸਿੰਘ, ਸਟੇਟ ਨੋਡਲ ਅਫ਼ਸਰ ਕੁਆਲਿਟੀ ਅਫ਼ਸਰ ਡਾ. ਪਰਵਿੰਦਰ ਕੌਰ, ਸਾਬਕਾ ਐਮ.ਐਲ.ਏ. ਸ੍ਰੀ ਅਜੀਤ ਇੰਦਰ ਸਿੰਘ ਮੋਫ਼ਰ, ਰਾਜਨੀਤਿਕ ਸਕੱਤਰ ਸਿਹਤ ਮੰਤਰੀ, ਸ੍ਰੀ ਹਰਕੇਸ਼ ਚੰਦ ਸ਼ਰਮਾ, ਕਾਂਗਰਸ ਜ਼ਿਲ੍ਹਾ ਪ੍ਰਧਾਨ ਡਾ. ਮਨੋਜ ਬਾਲਾ, ਵਾਈਸ ਚੇਅਰਮੈਨ ਪੰਜਾਬ ਸਫ਼ਾਈ ਕਮਿਸ਼ਨ ਸ੍ਰੀ ਰਾਮ ਸਿੰਘ, ਸ੍ਰੀ ਬਿਕਰਮ ਮੋਫ਼ਰ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ, ਐਸ.ਡੀ.ਐਮ. ਮਾਨਸਾ ਸ੍ਰੀ ਅਭੀਜੀਤ ਕਪਲਿਸ਼, ਐਸ.ਡੀ.ਐਮ. ਬੁਢਲਾਡਾ ਸ੍ਰੀ ਆਦਿੱਤਯ ਡੇਚਲਵਾਲ, ਸਹਾਇਕ ਕਮਿਸ਼ਨਰ ਸ੍ਰੀ ਨਵਦੀਪ ਕੁਮਾਰ, ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ, ਡਾ. ਰਣਜੀਤ ਰਾਏ, ਡਾ. ਜਨਕ ਰਾਜ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਸਿਵਲ ਸਰਜਨ ਅਤੇ ਹੋਰ ਅਧਿਕਾਰੀ ਮੌਜੂਦ ਸਨ।