ਸਰਕਾਰੀ ਪ੍ਰਾਇਮਰੀ ਸਕੂਲ ਢੁੱਡੀਕੇ ਵਿਖੇ ਜਾਗਰੂਕਤਾ ਪ੍ਰੋਗਰਾਮ ਦੌਰਾਨ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਰਾਣਾ ਗੁਰਬਰਿੰਦਰ ਕੌਰ ਨੇ ਆਖਿਆ ਕਿ ‘‘ਕੁਪੋਸ਼ਣ ਦੀ ਜੜ ਪੁੱਟਣ ਲਈ ਲੋਕ ਲਹਿਰ ਚਲਾਉਣ ਦੀ ਲੋੜ’’

ਮੋਗਾ 06 ਸਤੰਬਰ:(ਜਸ਼ਨ): ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਿਹਤ ਵਿਭਾਗ, ਤੇ ਪੇਂਡੂ ਵਿਕਾਸ ਵਿਭਾਗ, ਸਮੇਤ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਪੋਸ਼ਣ ਮਾਂਹ-2019  ਮਨਾਇਆ ਜਾ ਰਿਹਾ ਹੈ, ਜਿਸ ਅਧੀਨ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਨੂੰ ਪੌਸ਼ਟਿਕ ਆਹਾਰ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸੇ ਕੜੀ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਢੁੱਡੀਕੇ ਵਿਖੇ ਜਾਗਰੂਕਤਾ ਪ੍ਰੋਗਰਾਮ ਆਯੋਜਤ ਕੀਤਾ ਗਿਆ। ਇਸ ਸੇੈਮੀਨਾਰ ਨੂੰ ਸੰਬੋਧਨ ਕਰਦਿਆਂ ਬਾਲ ਵਿਕਾਸ ਤੇ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਰਾਣਾ ਗੁਰਬਰਿੰਦਰ ਕੌਰ ਨੇ ਸਕੂਲੀ ਬੱਚਿਆਂ ਅਤੇ ਗਰਭਵਤੀ ਮਾਵਾਂ ਨੂੰ ਪੌਸ਼ਟਿਕ ਆਹਾਰ ਨਾ ਲੈਣ ਕਾਰਨ ਸਰੀਰ ’ਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨਾਂ  ਦੱਸਿਆ ਕਿ ਇਸ ਮਾਹ ਤਹਿਤ ਵੱਖ ਵੱਖ ਥਾਈਂ ਲੋਕਾਂ ਨੂੰ ਸੰਤੁਲਿਤ ਖੁਰਾਕ, ਜਨਮ ਤੋਂ ਪਹਿਲੇ ਛੇ ਮਹੀਨੇ ਦੌਰਾਨ ਬੱਚੇ ਲਈ ਮਾਂ ਦੇ ਦੁੱਧ ਦੀ ਮਹੱਤਤਾ, ਹਰੀਆਂ ਸਬਜ਼ੀਆਂ ਦਾ ਸੇਵਨ, ਆਇਓਡੀਨ ਨਮਕ ਦੀ ਲੋੜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਲੋਕਾਂ ਨੂੰ ਚੰਗੀ ਖੁਰਾਕ ਤੇ ਸਿਹਤ ਸੰਭਾਲ ਸਬੰਧੀ ਜਾਗਰੂਕ ਕਰਨ ਲਈ ਪੂਰਾ ਮਹੀਨੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣਗੀਆਂ। ਉਨਾਂ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਲਈ ਲੋਕਾਂ ਦਾ ਤੰਦਰੁਸਤ ਹੋਣਾ ਲਾਜ਼ਮੀ ਹੈ, ਜਿਸ ਦੇ ਮੱਦੇਨਜ਼ਰ ਪੋਸ਼ਣ ਮਾਹ ਤਹਿਤ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਜਾਗਰੂਕਤਾ ਗਤੀਵਿਧੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਅਤੇ ਅੱਗੇ ਹੋਰਨਾਂ ਲੋਕਾਂ ਨੂੰ ਵੀ ਚੰਗੀ ਖੁਰਾਕ ਤੇ ਚੰਗੀ ਸਿਹਤ ਬਾਰੇ ਜਾਗਰੂਕ ਕਰਨ। ਇਸ ਮੌਕੇ ਸਵਸਥ ਭਾਰਤ ਪ੍ਰੇਰਕ ਸ੍ਰੀ ਹਸਨਇੰਦਰਜੀਤ ਸਿੰਘ ਪੰਧੇਰ ਨੇ ਸਕੂਲ ਦੇ ਵਿਦਿਆਰਥੀਆਂ ਅਤੇ ਗਰਭਵਤੀੀ ਮਾਵਾਂ ਨੂੰ ਪੌਸ਼ਟਿਕ ਆਹਾਰ ਲੈਣ ਦੇ ਗੁਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੌਸ਼ਟਿਕ ਆਹਾਰ ਲੈਣ ਨਾਲ ਜਿਥੇ ਵਿਦਿਆਰਥੀ ਸਰੀਰਕ ਤੇ ਮਾਨਸਿਕ ਤੌਰ ’ਤੇ ਮਜਬੂਤ ਹੋਣਗੇ ਉਥੇ ਹੀ ਘੱਟ ਮਿਆਰੀ ਆਹਾਰ ਲੈਣ ਨਾਲ ਕਈ ਤਰਾਂ ਦੀਆਂ ਬਿਮਾਰੀਆਂ ਲੱਗਣ ਦਾ ਡਰ ਬਣਿਆਂ ਰਹਿੰਦਾ ਹੈ। ਉਨਾਂ ਕਿਹਾ ਕਿ ਗਰਭਵਤੀ ਔਰਤ ਤਾਂ ਹੀ ਸਿਹਤਮੰਦ ਤੇ ਤੰਦਰੁਸਤ ਬੱਚੇ ਨੂੰ ਜਨਮ ਦੇ ਸਕਦੀ ਹੈ ਜੇਕਰ ਉਸ ਨੂੰ ਪੌਸ਼ਟਿਕ ਆਹਾਰ ਮਿਲੇ। ਉਨਾਂ ਦੱਸਿਆ ਕਿ ਨਵਾਂ ਜੀਵਨ ਪ੍ਰਦਾਨ ਕਰਨ ਵਾਲੀ ਮਾਂ ਨੂੰ ਜੇਕਰ ਸਹੀ ਭੋਜਨ ਨਹੀ ਮਿਲੇਗਾ ਤਾਂ ਜਨਮ ਲੈਣ ਵਾਲਾ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੋ ਸਕਦਾ ਹੈ ਅਤੇ ਆਪਣਾ ਪੂਰੇ ਜੀਵਨ ਦੌਰਾਨ ਹੀਣ ਭਾਵਨਾ ਦਾ ਸ਼ਿਕਾਰ ਰਹਿੰਦਾ ਹੈ। ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੌਸਟਿਕ ਆਹਾਰ ਦੇਣ ਨੂੰ ਤਰਜ਼ੀਹ ਦੇਣ, ਤਾਂ ਜੋ ਬੱਚੇ ਜੋ ਕਿ ਦੇਸ਼ ਦਾ ਭਵਿੱਖ ਹੁੰਦੇ ਹਨ, ਇੱਕ ਤੰਦਰੁਸਤ ਜੀਵਨ ਬਤੀਤ ਕਰ ਸਕਣ। ਇਸ ਮੌਕੇ ਉਨਾ ਅਨੀਮੀਆ ਅਤੇ ਡਾਇਰੀਆ ਵਰਗੀਆਂ ਬਿਮਾਰੀਆਂ ਤੋ ਸਾਵਧਾਨ ਰਹਿਣ ਬਾਰੇ ਵੀ ਜਾਣਕਾਰੀ ਦਿੱਤੀ। ਇਸ  ਮੌਕੇ ਸਰਪੰਚ ਗ੍ਰਾਮ ਪੰਚਾਇਤ ਢੁੱਡੀਕੇ ਜਸਵੀਰ ਸਿੰਘ, ਸਿਹਤ ਵਿਭਾਗ ਤੋ ਡਾ. ਰਜੇਸ਼ ਕੁਮਾਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੇ ਪੈਰਾ ਲੀਗਲ ਵਲੰਟੀਅਰ ਬਿਕਰਮਜੀਤ ਸਿੰਘ ਅਤੇ ਗ੍ਰਾਮ ਪੰਚਾਇਤ ਢੁੱਡੀਕੇ ਦੇ ਪੰਚਾਇਤ ਮੇੈਬਰ ਤੇ ਹੋਰ ਪਤਵੰਤੇ ਵਿਅਕਤੀ ਹਾਜ਼ਰ ਸਨ।