ਪਟਾਕਾ ਫੈਕਟਰੀ ‘ਚ ਧਮਾਕਾ,19 ਵਿਅਕਤੀਆਂ ਦੀ ਮੌਤ ,ਕਈ ਲਾਪਤਾ ,ਬਟਾਲਾ ਸ਼ਹਿਰ ਕੰਬਿਆ

Tags: 

ਗੁਰਦਾਸਪੁਰ/ਬਟਾਲਾ ,4 ਸਤੰਬਰ (ਜਸ਼ਨ): ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦੇ ਬਟਾਲਾ ਸ਼ਹਿਰ ਵਿਖੇ ਅੱਜ ਦੁਪਹਿਰ ਸਮੇਂ ਇਕ ਪਟਾਕਾ ਫੈਕਟਰੀ ਵਿਚ ਅਚਾਨਕ ਜ਼ਬਰਦਸਤ ਧਮਾਕਾ ਹੋਣ ਨਾਲ ਸਾਰਾ ਸ਼ਹਿਰ ਕੰਬ ਗਿਆ ਅਤੇ ਇਸ ਧਮਾਕੇ ਵਿਚ 19 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਈ ਵਿਅਕਤੀ ਜ਼ਖਮੀ ਹਨ ਅਤੇ ਕਈ ਹੋਰਾਂ ਦੇ  ਇਮਾਰਤਾਂ ਦੇ ਮਲਬੇ ਹੇਠ ਦੱਬੇ ਜਾਣ ਦਾ ਖਦਸ਼ਾ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਬਟਾਲਾ ਜਲੰਧਰ ਰੋਡ ‘ਤੇ ਹੰਸਲੀ ਨਾਲੇ ਨਜ਼ਦੀਕ ਸਥਿਤ ਇਸ ਧਮਾਕੇ ਵਿਚ ਪਟਾਕਿਆ ਵਾਲੀ ਬਿਲਡਿੰਗ ਵੀ ਉੱਡ ਗਈ ਹੈ। ਇਸ ਬਲਾਸਟ ਨਾਲ ਜਿੱਥੇ ਆਸਪਾਸ ਦੀਆਂ ਅੱਧੀ ਦਰਜਨ ਦੇ ਕਰੀਬ ਇਮਾਰਤਾਂ ਮਲਬੇ ‘ਚ ਤਬਦੀਲ ਹੋ ਗਈਆਂ ਅਤੇ ਨੇੜੇ ਖੜੀਆਂ ਕਈ ਕਾਰਾਂ ਵੀ ਨੁਕਸਾਨੀਆਂ ਗਈਆਂ। ਇਸ ਧਮਾਕੇ ਕਾਰਨ ਫੈਕਟਰੀ ਦਾ ਮਲਬਾ ਕਾਫੀ ਦੂਰ ਜਾ ਕੇ ਡਿੱਗਿਆ। ਇਸ ਤੋਂ ਬਾਅਦ ਵੀ  ਪਟਾਕਾ ਫੈਕਟਰੀ ਵਿਚ ਥੋੜੀ ਥੋੜੀ ਦੇਰ ਬਾਅਦ ਛੋਟੇ-ਮੋਟੇ ਧਮਾਕੇ ਹੰੁਦੇ ਰਹੇ।  ਪੁਲਿਸ ਅਤੇ ਡਿਜ਼ਾਜ਼ਟਰ ਮੈਨੇਜਮੈਂਟ ਦੀਆਂ ਟੀਮਾਂ ਵੱਲੋਂ  ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਆਰੰਭ ਦਿੱਤੇ ਗਏ। ਜ਼ਿਕਰਯੋਗ ਹੈ ਕਿ ਲਗਭਗ ਦੋ ਤਿੰਨ ਸਾਲ ਪਹਿਲਾਂ ਵੀ ਇਸ ਫੈਕਟਰੀ ਵਿਚ ਧਮਾਕਾ ਹੋਇਆ ਸੀ ਪਰ ਪ੍ਰਸ਼ਾਸਨ ਨੇ ਇਸ ਫੈਕਟਰੀ ਨੂੰ ਰਿਹਾਇਸ਼ੀ ਇਲਾਕੇ ਤੋਂ ਬਾਹਰ ਕੱਢਣ ਲਈ ਕੋਈ ਜ਼ਰੂਰੀ ਕਦਮ ਨਹੀਂ ਚੁੱਕੇ, ਜਿਸ ਦਾ ਖਮਿਆਜ਼ਾ ਅੱਜ ਬਟਾਲਾ ਦੇ ਉਹਨਾਂ ਲੋਕਾਂ ਨੂੰ ਵੀ ਭੁਗਤਣਾ ਪਿਆ ਜੋ ਇਸ ਫੈਕਟਰੀ ਦੇ ਨਜ਼ਦੀਕ ਰਹਿੰਦੇ ਸਨ ਤੇ ਜਿਹਨਾਂ ਨੇ ਅੱਜ ਪ੍ਰਸ਼ਾਸ਼ਨ ਦੀ ਅਣਗਹਿਲੀ ਕਾਰਨ ਇਸ ਹਾਦਸੇ ਵਿਚ ਆਪਣਿਆਂ ਨੂੰ ਗੁਆ ਲਿਆ ਹੈ।