ਪੰਜਾਬ ਵਿੱਚ ਹੜਾਂ ਦੀ ਭਾਰੀ ਤਬਾਹੀ ਨੂੰ ਕੇਂਦਰ ਵੱਲੋਂ ਅੱਖੋਂ ਉਹਲੇ ਕਰਨਾਂ ਮੰਦ ਭਾਗਾ: ਨਸੀਬ ਬਾਵਾ ਪ੍ਰਧਾਨ ਆਪ ਜ਼ਿਲ੍ਹਾ ਮੋਗਾ

ਮੋਗਾ 26 ਅਗਸਤ (ਜਸ਼ਨ): ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੇ ਦਿਨੀਂ ਪੰਜਾਬ ਵਿੱਚ ਮੀਂਹ ਕਾਰਨ ਪੰਜਾਬ ਦੇ ਬਹੁਤ ਸਾਰੇ ਜਿਲ੍ਹਿਆਂ ਵਿੱਚ ਪਾਣੀ ਨੇ ਇਤਨੀ ਤਬਾਹੀ ਮਚਾਈ ਹੈ, ਜਿਸ ਨਾਲ ਬਹੁਤ ਵੱਡੀ ਮਾਤਰਾ ਵਿੱਚ ਕਿਸਾਨੀ ਬਰਬਾਦ ਹੋ ਗਈ ਅਤੇ ਉਨ੍ਹਾਂ ਕਿਸਾਲਾਂ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਮਜਦੂਰ ਵੀ ਆਰਥਿਕ ਤੌਰ ਤੇ ਖਤਮ ਹੋ ਗਏ। ਪੰਜਾਬ ਦੇ ਨਾਲ ਨਾਲ ਹਿੰਦੋਸਤਾਨ ਦੇ ਵੱਖੋ ਵੱਖ ਸੂਬਿਆ ਵਿੱਚ ਵੀ ਮੀਂਹ ਪੈਣ ਨਾਲ ਕਾਫੀ ਨੁਕਸਾਨ ਹੋਇਆ ਹੈ। ਸ਼੍ਰੀ ਬਾਵਾ ਨੇ ਇਸ ਸਬੰਧੀ ਪ੍ਰਧਾਨ ਮੰਤਰੀ ਅਤੇ ਮਾਣਯੋਗ ਰਾਸ਼ਟਰਪਤੀ ਨੂੰ ਵੀ ਪੱਤਰ ਲਿਖ ਕੇ ਮੰਗੀ ਕੀਤੀ ਕਿ ਕੇਂਦਰ ਸਰਕਾਰ ਨੇ ਦੂਸਰੇ ਸੂਬਿਆਂ ਵਿੱਚ ਗੁਰਦਾਵਰੀ ਦੇ ਹੁਕਮ ਦਿੱਤੇ ਅਤੇ ਉਨ੍ਹਾਂ ਸੂਬਿਆਂ ਵਿੱਚ ਕਿਸਾਨਾਂ ਦੀ ਮਦਦ ਦਾ ਐਲਾਨ ਕਰ ਦਿੱਤਾ ਪ੍ਰੰਤੂ ਪੰਜਾਬ ਅਜਿਹਾ ਇੱਕੋ ਇੱਕ ਸੂਬਾ ਹੈ ਜਿਥੇ ਕੇਂਦਰ ਸਰਕਾਰ ਨੇ ਕਿਸਾਨੀ ਅਤੇ ਕਿਸਾਨ ਮਜਦੂਰਾਂ ਨੂੰ ਅੱਖੋਂ ਉਹਲੇ ਕਰ ਦਿੱਤਾ ਜੋ ਪੰਜਾਬ ਨਾਲ ਬਹੁਤ ਵੱਡਾ ਅਨਿਆ ਹੈ। ਸ਼੍ਰੀ ਬਾਵਾ ਨੇ ਕਿਹਾ ਕਿ ਪੰਜਾਬ ਇੱਕ ਅਜਿਹਾ ਸੂੁਬਾ ਹੈ ਜੋ ਪੂਰੇ ਹਿੰਦੋਸਤਾਨ ਦੀ ਪੇਟ ਦੀ ਅੱਗ ਬੁਝਾਉਣ ਲਈ ਸਿਰ ਤੋੜ ਮਿਹਨਤ ਕਰਦਾ ਹੈ ਅਤੇ ਕੇਂਦਰ ਦੇ ਅਨਾਜ਼ ਭੰਡਾਰ ਵਿੱਚ ਆਪਣਾ ਵੱਡਾ ਹਿੱਸਾ ਪਾਉਂਦਾ ਹੈ ਪ੍ਰੰਤੂ ਜਦੋਂ ਕਦੇ ਕੁਦਰਤੀ ਆਫਤ ਦਾ ਸ਼ਾਹਮਣਾਂ ਪੰਜਾਬ ਦੇ ਕਿਸਾਨ ਨੂੰ ਕਰਨਾਂ ਪੈਂਦਾ ਹੈ ਤਾਂ ਕੇਂਦਰ ਭੁਲ ਜਾਂਦਾ ਹੈ ਕਿ ਹਿੰਦੋਸਤਾਨ ਵਿੱਚ ਪੰਜਾਬ ਵੀ ਕੋਈ ਸੂਬਾ ਹੈ ਜਿਥੋਂ ਦੇ ਕਿਸਾਨ ਅੱਜ ਕੁਦਰਤ ਅੱਗੇ ਬੇਬੱਸ ਹੋਏ ਪਏ ਹਨ। ਸ਼੍ਰੀ ਬਾਵਾ ਨੇ ਦੱਸਿਆ ਕਿ ਉਨ੍ਹਾਂ ਨੇ ਧਰਮਕੋਟ ਸਬ-ਡਿਵੀਜਨ ਦੇ ਬਹੁਤ ਸਾਰੇ ਪਿੰਡਾਂ ਦਾ ਪਾਰਟੀ ਪ੍ਰਧਾਨ ਸ਼੍ਰੀ ਭਗਵੰਤ ਸਿੰਘ ਮਾਨ ਐਮ.ਪੀ. ਅਤੇ ਪੂਰੇ ਜ਼ਿਲ੍ਹੇ ਦੀ ਟੀਮ ਨਾਲ ਦੌਰਾ ਕੀਤਾ ਅਤੇ ਦੇਖਿਆ ਕਿ ਇਸ ਏਰੀਏ ਦੀ ਕਰੀਬ 12 ਹਜਾਰ ਏਕੜ ਫਸਲ ਪੂਰਨ ਤੌਰ ਤੇ ਬਰਬਾਦ ਹੋ ਗਈ ਹੈ ਅਤੇ ਝੋਨੇ ਦੇ ਖੇਤਾਂ ਵਿੱਚ 5-6 ਫੁੱਟ ਪਾਣੀ ਫਿਰ ਰਿਹਾ ਹੈ ਇਥੋਂ ਦੇ ਕਿਸਾਨਾਂ ਦੀ ਫਸਲ ਦੀ ਗੁਰਦਾਵਰੀ ਦੀ ਵੀ ਕੋਈ ਲੋੜ ਨਹੀਂ ਕਿਉਂਕਿ ਗੁਰਦਾਵਰੀ ਕਿਸੇ ਜਮੀਨ ਵਿੱਚ ਕਿੰਨੇ ਪ੍ਰਤੀਸ਼ਤ ਨੁਕਸਾਨ ਹੋਇਆ ਹੈ, ਜਾਨਣ ਬਾਰੇ ਹੁੰਦੀ ਹੈ ਪ੍ਰੰਤੂ ਇਸ ਏਰੀਏ ਵਿੱਚ ਤਾਂ 100% (ਸੌ ਪ੍ਰਤੀਸ਼ਤ) ਨੁਕਸਾਨ ਹੋਇਆ ਹੈ। ਇਸ ਲਈ ਇਨ੍ਹਾਂ ਕਿਸਾਨਾਂ ਅਤੇ ਖੇਤ ਮਜਦੂਰਾਂ ਨੂੰ ਘੱਟੋ ਘੱਟ 25 ਹਜਾਰ ਰੁਪਏ ਪ੍ਰਤੀ ਏਕੜ ਦਾ ਮੁਆਵਜਾ ਫੌਰਨ ਨਗਦ ਦੇਣਾ ਚਾਹੀਦਾ ਹੈ। ਉਹ ਪੈਸਾ ਭਾਵੇਂ ਰਾਜ ਸਰਕਾਰ ਜਾਂ ਕੇਂਦਰ ਸਰਕਾਰ ਦੇਵੇ, ਨਹੀਂ ਤਾਂ ਕਿਸਾਨਾਂ ਦੀ ਖੁਦਕੁਸ਼ੀ ਦੀ ਗਿਣਤੀ ਹੋਰ ਵੀ ਵਧਨ ਦੀ ਸੰਭਾਵਨਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਹੁਣ ਸਰਕਾਰਾਂ ਦੇ ਵੱਸ ਹੈ ਕਿ ਕਿੰਨੀ ਕੁ ਮਦਦ ਕਰਦੇ ਹਨ।