ਕੇਂਦਰ, ਕੌਰੀਡੋਰ ਮਾਮਲੇ ਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰੇ ਅਤੇ ਬਾਦਲਾਂ ਨੂੰ ਕਰਨੀ ਚਾਹੀਦੀ ਸੀ ਸੁਬਰਾਮਨੀਅਮ ਦੇ ਬਿਆਨ ਦੀ ਜਵਾਬ ਤਲਬੀ: ਬੈਂਸ

ਲੁਧਿਆਣਾ, 26 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪਿਛਲੇ ਦਿਨੀਂ ਕਰਤਾਰਪੁਰ ਸਾਹਿਬ ਲਾਂਘੇ ਤੇ ਭਾਜਪਾ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਵਲੋਂ ਕਰਤਾਰਪੁਰ ਲਾਂਘੇ ਤੇ ਚੱਲ ਰਹੇ ਕੰਮ ਨੂੰ ਰੋਕਣ, ਦੀ ਨਿਖੇਧੀ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਸਾਫ ਕਿਹਾ ਹੈ ਕਿ ਕੇਂਦਰ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਤੋਂ ਬਾਜ ਆਵੇ, ਨਹੀਂ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ। ਉਨਾਂ ਇਸ ਸਬੰਧੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਟਿਹਰੇ ਵਿੱਚ ਖੜਾ ਕਰਦਿਆਂ ਸਾਫ ਕਿਹਾ ਕਿ ਕੇਂਦਰ ਦੀ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲੇ ਹੀ ਦਿਨ ਤੋਂ ਇਸ ਕੌਰੀਡੋਰ ਦੇ ਲਾਂਘੇ ਲਈ ਸੁਹਿਰਦ ਨਹੀਂ ਸੀ ਅਤੇ ਚਾਹੁੰਦੇ ਸਨ ਕਿ ਇਹ ਲਾਂਘਾ ਨਾ ਖੋਲਿਆ ਜਾਵੇ।  ਵਿਧਾਇਕ ਬੈਂਸ ਅੱਜ ਕੋਟ ਮੰਗਲ ਸਿੰਘ ਆਪਣੇ ਦਫਤਰ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਵਿਧਾਇਕ ਬੈਂਸ ਨੇ ਕਿਹਾ ਕਿ ਭਾਜਪਾ ਅਤੇੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲੇ ਦਿਨ ਤੋਂਂ ਹੀ ਇਸ ਗੱਲ ਲਈ ਤਿਆਰ ਨਹੀਂ ਸਨ ਕਿ ਕਰਤਾਰਪੁਰ ਕਾਰੀਡੋਰ ਦਾ ਕੰਮ ਨੇਪਰੇ ਚੜੇ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਨਾਨਕ ਨਾਮ ਲੇਵਾ ਸੰਗਤ ਸ਼੍ਰੀ ਕਰਤਾਰ ਪੁਰ ਸਾਹਿਬ ਦੇ ਦਰਸ਼ਨ ਕਰ ਸਕਣ, ਕਿਉਂਕਿ ਜਦੋਂ ਪਿਛਲੇ ਸਾਲ ਕਾਂਗਰਸ ਦੇ ਆਗੂ ਅਤੇ ਉਸ ਮੌਕੇ ਤੇ ਕੈਬਨਿਟ ਵਜੀਰ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਗਏ ਸਨ ਤਾਂ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਕਿੰਤੂ ਪਰੰਤੂ ਕੀਤਾ ਸੀ ਅਤੇ ਭਾਜਪਾ ਸਮੇਤ ਮੁੱਖ ਮੰਤਰੀ ਨਹੀਂ ਚਾਹੁੰਦੇ ਕਿ ਕਰਤਾਰਪੁਰ ਕਾਰੀਡੋਰ ਲਈ ਕੀਤੇ ਗਏ ਉਦਮ ਦਾ ਲਾਹਾ ਕਿਸੇ ਹੋਰ ਨੂੰ ਮਿਲੇ। ਉਨਾਂ ਕਿਹਾ ਕਿ ਸਿੱਖਾਂ ਨੇ ਹਮੇਸ਼ਾਂ ਜਿੱਥੇ ਪਾਕਿਸਤਾਨ ਨਾਲ ਹੋਈਆਂ ਜੰਗਾਂ ਵਿੱਚ ਵੱਧ ਚੜ ਕੇ ਭਾਗ ਲਿਆ ਉੱਥੇ ਅਨੇਕਾਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜਾਦ ਕਰਵਾਇਆ। ਭਾਰਤ ਪਾਕਿਸਤਾਨ ਦੀ ਵੰਡ ਵੇਲੇ ਪਾਕਿਸਤਾਨ ਵਿੱਚ ਰਹਿ ਗਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਦਰਸ਼ਨ ਕਰਨ ਲਈ ਕਰੋੜਾਂ ਸਿੱਖਾਂ ਸਮੇਤ ਨਾਨਕ ਨਾਮ ਲੇਵਾ ਸੰਗਤ ਇਸ ਧਰਤੀ ਦੇ ਦਰਸ਼ਨ ਕਰਨ ਲਈ ਹਰ ਰੋਜ਼ ਅਰਦਾਸਾਂ ਕਰਦੀ ਹੈ, ਪਰ ਆਰਐਸਐਸ ਦਾ ਹੱਥਠੋੋਕਾ ਬਣੀ ਕੇਂਦਰ ਦੀ ਭਾਜਪਾ ਸਰਕਾਰ ਅਜਿਹਾ ਨਹੀਂ ਹੋਣ ਦੇਣਾ ਚਾਹੁੰਦੀ ਤੇ ਸਿੱਖਾਂ ਨਾਲ ਦੋਹਰੀ ਨੀਤੀ ਆਪਣਾ ਰਹੀ ਹੈ। ਇਸ ਦੌਰਾਨ ਵਿਧਾਇਕ ਬੈਂਸ ਨੇ ਸੂਬੇ ਵਿੱਚ ਆਪਣੇ ਆਪ ਨੂੰ ਸਿੱਖਾਂ ਦਾ ਸਭ ਤੋ ਵੱਡਾ ਰਹਿਨੁਮਾ ਅਖਵਾਉਣ ਵਾਲੇ ਬਾਦਲ ਪਰਿਵਾਰ ਨੂੰ ਵੀ ਤਾੜਨਾ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਅੰਦਰ ਪੰਜਾਬ ਵਿੱਚ ਹੋਈਆਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਸਿੱਧੇ ਤੌਰ ਤੇ ਜਿੰਮੇਵਾਰ ਹੈ ਅਤੇ ਅਜੇ ਤੱਕ ਬਾਦਲ ਪਰਿਵਾਰ ਨੇ ਕੇਂਦਰ ਦੇ ਸੀਨੀਅਰ ਆਗੂ ਵਲੋਂ ਦਿੱਤੇ ਗਏ ਬਿਆਨ ਤੇ ਆਪਣਾ ਪੱਖ ਸਪਸ਼ਟ ਨਹੀਂ ਕੀਤਾ। ਜਦੋਂ ਕਿ ਬਾਦਲ ਪਰਿਵਾਰ ਨੂੰ ਇਸ ਤੇ ਆਪਣਾ ਪੱਖ ਸਪਸ਼ਟ ਕਰਨ ਦੇ ਨਾਲ ਨਾਲ ਤੁਰੰਤ ਬਾਦਲ ਪਰਿਵਾਰ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਸੀ। ਇਸ ਬਿਆਨ ਤੇ ਬਾਦਲ ਪਰਿਵਾਰ ਦੀ ਭੂਮਿਕਾ ਨੂੰ ਸਿੱਖਾਂ ਨੂੰ ਗੁਮਰਾਹ ਕਰਨ ਦੀ ਗੱਲ ਕਰਦਿਆਂ ਵਿਧਾਇਕ ਬੈਂਸ ਨੇ ਕਿਹਾ ਕਿ ਸਿਰਫ ਕੁਰਸੀ ਦੀ ਖਾਤਰ ਬਾਦਲ ਪਰਿਵਾਰ ਭਾਜਪਾ ਨਾਲ ਘਿਓ ਖਿਚੜੀ ਹੈ, ਜਿਸ ਨੇ ਪੰਜਾਬ ਅਤੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨਾਂ ਕਿਹਾ ਕਿ ਕਾਰੀਡੋਰ ਦਾ ਕੰਮ ਕਿਸੇ ਵੀ ਤਰਾਂ ਰੋਕਿਆ ਨਹੀਂ ਜਾਣਾ ਚਾਹੀਦਾ ਅਤੇ ਜੇਕਰ ਰੋਕਿਆ ਗਿਆ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ।