ਹੜ੍ਹ ਪੀੜਤਾਂ ਲਈ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਅਤੇ ਕੌਂਸਲਰ ‘ਖਾਲਸਾ ਏਡ ’ ਨੂੰ ਦੇਣਗੇ ਇੱਕ ਮਹੀਨੇ ਦੀ ਤਨਖਾਹ

ਲੁਧਿਆਣਾ, 26 ਅਗਸਤ ():ਪਿਛਲੇ ਦਿਨਾਂ ਦੌਰਾਨ ਪਾਣੀ ਨਾਲ ਹੋਈ ਬਰਬਾਦੀ ਲਈ ਜਿੰਮੇਵਾਰ ਲੋਕਾਂ ਦੇ ਚਿਹਰੇ ਨੰਗੇ ਕਰਨ ਦੀ ਬਜਾਏ ਮੁੱਖ ਮੰਤਰੀ ਕੇਂਦਰ ਸਰਕਾਰ ਤੇ ਲੋਕਾਂ ਦੇ ਮੁੜ ਵਸੇਬੇ ਦੀ ਜਿੰਮੇਵਾਰੀ ਸੁੱਟ ਆਪਣਾ ਪੱਲਾ ਝਾੜ ਰਹੇ ਹਨ ਜਦ ਕਿ ਜੇ ਪੰਜਾਬ ਦੇ 117 ਵਿਧਾਇਕ ਸਮੇਤ ਮੁੱਖ ਮੰਤਰੀ ਆਪਣਾ ਇੱਕ ਮਹੀਨੇ ਦਾ ਮਾਣ ਭੱਤਾ (ਤਨਖਾਹ) ਹੜ ਪੀੜਤਾਂ ਨੂੰ ਦੇਣ ਤਾਂ ਪੰਜਾਬ ਵਿੱਚ ਆਏ ਹੜਾਂ ਦੀ ਮਾਰ ਹੇਠਲੇ ਪੰਜਾਬੀਆਂ ਦਾ ਮੁੜ ਵਸੇਬਾ ਹੋ ਸਕਦਾ ਹੈ। ਇਸ ਕੰਮ ਲਈ ਲੋਕ ਇਨਸਾਫ ਪਾਰਟੀ ਨੇ ਆਪਣੇ ਦੋ ਵਿਧਾਇਕਾਂ ਅਤੇ ਲੁਧਿਆਣਾ ਦੇ ਕੌਂਸਲਰਾਂ ਦਾ ਇੱਕ ਮਹੀਨੇ ਦਾ ਮਾਣ ਭੱਤਾ ਖਾਲਸਾ ਏਡ ਦੀ ਜਰੀਏ ਹੜ ਪੀੜਤਾਂ ਨੂੰ ਦੇਣ ਦਾ ਐਲਾਨ ਕੀਤਾ ਹੈ ਜਿਸ ਦਾ ਖੁਲਾਸਾ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ, ਪਾਰਟੀ ਦੀ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਸਮੇਤ ਕੌਂਸਲਰਾਂ ਨੇ ਪੱਤਰਕਾਰ ਵਾਰਤਾ ਦੌਰਾਨ ਕੀਤਾ। ਇਸ ਦੌਰਾਨ ਹੜ ਪੀੜਤਾਂ ਦੀ ਮਦਦ ਲਈ ਖਾਲਸਾ ਏਡ ਸੰਸਥਾ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਬੈਂਸ ਭਰਾਵਾਂ ਨੇ ਕਿਹਾ ਕਿ ਸਰਕਾਰ ਤੋਂ ਦੋ ਕਦਮ ਅੱਗੇ ਵਧ ਕੇ ਇਸ ਸੰਸਥਾ ਵਲੋਂ ਹੜ ਪੀੜਤਾਂ ਦੀ ਮਦਦ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ ਉਸ ਨੂੰ ਦੇਖਦੇ ਹੋਏ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਅਤੇ ਕੌਂਸਲਰਾਂ ਵਲੋਂ ਆਪਣਾ ਇੱਕ ਮਹੀਨੇ ਦਾ ਮਾਣ ਭੱਤਾ (ਤਨਖਾਹ) ਖਾਲਸਾ ਏਡ ਨੂੰ ਭੇਜੀ ਜਾਵੇਗੀ ਤਾਂ ਜੋ ਸੰਸਥਾ ਵਲੇਂ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਤੇਜੀ ਆ ਸਕੇ ਅਤੇ ਹੋਰ ਚੁਣੇ ਹੋਏ ਨੁਮਾਇੰਦੇ ਅਤੇ ਆਮ ਲੋਕ ਵੀ ਹੜ ਪੀੜਤਾਂ ਦੇ ਮੁੜ ਵਸੇਬੇ ਲਈ ਖਾਲਸਾ ਏਡ ਵਲਂੋਂ ਕੀਤੇ ਜਾ ਰਹੇ ਜੱਗ ਵਿੱਚ ਲੋਕ ਇਨਸਾਫ ਪਾਰਟੀ ਦੀ ਤਰਾਂ ਹੀ ਆਪਣੀ ਆਹੂਤਾ ਪਾ ਸਕਣ।  ਉਨਾਂ ਕਾਂਗਰਸ ਸਰਕਾਰ ਨੂੰ ਕਟਿਹਰੇ ਵਿੱਚ ਖ਼ੜਾ ਕਰਦਿਆਂ ਕਿਹਾ ਕਿ ਕੁਦਰਤੀ ਆਪਦਾ ਜਾਂ ਪਾਣੀ ਨਾਲ ਪੀੜਤ ਹੋਏ ਲੋਕਾਂ ਦੇ ਜਖਮਾਂ ਤੇ ਮੱਲਮ ਲਗਾਉਣ ਦੀ ਬਜਾਏ ਸਰਕਾਰ ਵਲੋਂ ਅਜੇ ਤੱਕ ਮੁੱਢਲੀਆਂ ਸਹੂਲਤਾਂ ਤੱਕ ਦੇਣ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਦ ਕਿ ਮੁੱਖ ਮੰਤਰੀ ਨੂੰ ਇਸ ਲਈ ਜਿੰਮੇਵਾਰ ਆਪਣਿਆਂ ਖਿਲਾਫ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ, ਕਿਉਂਕਿ ਲੁਧਿਆਣਾ ਨੇੜਲੇ ਲੋਹੀਆਂ ਸਮੇਤ 5 ਜਗਾ ਤੇ ਬੰਨ ਟੁੱਟੇ ਹਨ ਉਨਾਂ ਹੀ ਥਾਵਾਂ ਤੇ ਰੇਤ ਦੀ ਨਜਾਇਜ ਮਾਈਨਿੰਗ ਦੇ ਮਾਮਲੇ ਕਈ ਵਾਰ ਉਜਾਗਰ ਹੋ ਚੁੱਕੇ ਹਨ। ਉਸ ਸਮੇਂ ਕਾਰਵਾਈ ਕਰਨ ਦੀ ਬਜਾਏ ਸਰਕਾਰ ਦੀ ਅਜੇ ਵੀ ਉਸ ਮਾਮਲੇ ਵੱਲ ਸਵੱਲੀ ਨਜਰ ਨਹੀਂ ਪੈ ਰਹੀ ਅਤੇ ਹੁਣ ਤੱਕ ਸਰਕਾਰ ਉਨਾਂ 5 ਥਾਵਾਂ ਤੇ ਟੁੱਟੇ ਬੰਨ ਨੂੰ ਮੁੜ ਦੁਬਾਰਾ ਤੋਂ ਸੰਵਾਰ ਨਹੀਂ ਸਕੀ। ਰੇਤ ਦੀ ਨਜਾਇਜ ਮਾਈਨਿੰਗ ਨਾਲ ਇੱਨਾਂ ਥਾਂਵਾਂ ਤੇ ਪਹਿਲਾਂ ਹੀ ਦਰਿਆ ਵਿੱਚ ਵੱਡੇ ਵੱਡੇ ਟੋਏ ਪਏ ਹੋਏ ਸਨ, ਜੋ ਪਿੰਡਾਂ ਦੀ ਬਰਬਾਦੀ ਦਾ ਕਾਰਣ ਬਣੇ। ਉਨਾਂ ਦੱਸਿਆ ਕਿ ਪਿੰਡਾਂ ਵਿੱਚ ਅਨੇਕਾਂ ਘਰ ਢਹਿ ਗਏ, ਹਜਾਰਾਂ ਪਸ਼ੂ ਮਾਰੇ ਗਏ, ਲੱਖਾਂ ਏਕੜ ਫਸਲ ਬਰਬਾਦ ਹੋ ਗਈ, ਜਿਸ ਲਈ ਸਿੱਧੇ ਤੌਰ ਤੇ ਨਜਾਇਜ ਮਾਈਨਿੰਗ ਵਿੱਚ ਲਿਪਤ ਸਿਆਸੀ ਆਕਾ ਜਿੰਮੇਵਾਰ ਹਨ। ਜੋ ਕੈਪਟਨ ਦੇ ਖਾਸਮਖਾਸ ਹਨ, ਇਸ ਲਈ ਕੈਪਟਨ ਨੂੰ ਉਨਾਂ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਕੌਂਸਲਰ ਤੇ ਲਿੱਪ ਦੇ ਵਿਰੋਧੀ ਧਿਰ ਦੇ ਆਗੂ ਸਵਰਨਦੀਪ ਚਾਹਲ ਹਰਵਿੰਦਰ ਸਿੰਘ ਕਲੇਰ, ਸਿਕੰਦਰ ਸਿੰਘ ਪੰਨੂੰ, ਕੁਲਦੀਪ ਸਿੰਘ ਬਿੱਟਾ, ਸੁਖਵੀਰ ਸਿੰਘ ਕਾਲਾ ਲੁਹਾਰਾ, ਪ੍ਰਧਾਨ ਬਲਦੇਵ ਸਿੰਘ, ਜਗਦੀਪ ਸਿੰਘ ਕਾਲਾ ਘਵੱਦੀ ਤੇ ਹੋਰ ਹਾਜਰ ਸਨ।