ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਮੱਦਦ ਲਈ ਪਹੁੰਚ ਰਹੀ ਰਾਹਤ ਸਮੱਗਰੀ ਸਬੰਧੀ ਵਰਤੋਂ ਲਈ ਡਿਪਟੀ ਕਮਿਸ਼ਨਰ ਵਲੋਂ 7 ਮੈਂਬਰੀ ਕਮੇਟੀ ਗਠਿਤ

ਮੋਗਾ, 24 ਅਗਸਤ (ਜਸ਼ਨ): ਇਲਾਕੇ ਦੇ ਕੁੱਝ ਪਿੰਡਾਂ ਵਿਚ ਆਏ ਹੜ੍ਹ ਨਾਲ ਪ੍ਰਭਾਵਿਤ ਹੋਏ ਲੋਕਾਂ ਲਈ ਆ ਰਹੀ ਰਾਹਤ ਸਮੱਗਰੀ ਨੂੰ ਉਨਾਂ ਤੱਕ ਪਹੁੰਚਾਉਣ ਲਈ ਅੱਜ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸੰਦੀਪ ਹੰਸ ਵਲੋਂ ਇੱਕ ਕਮੇਟੀ ਗਠਿਤ ਕੀਤੀ ਗਈ ਹੈ। ਸ਼੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਵਾਸੀਆਂ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਦਿੱਤੀ ਜਾ ਰਹੀ ਰਾਹਤ ਸਮੱਗਰੀ ਦਾ ਸਹੀ ਇਸਤੇਮਾਲ ਕਰਨ ਲਈ 7 ਮੈਂਬਰੀ ਕਮੇਟੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਰਜਿੰਦਰ ਬੱਤਰਾ ਦੀ ਰਹਿਨੁਮਾਈ ਹੇਠ ਗਠਿਤ ਕੀਤੀ ਹੈ, ਜਿਸ ਵਿਚ ਐਸ.ਡੀ.ਐਮ. ਮੋਗਾ, ਐਸ.ਡੀ.ਐਮ.ਧਰਮਕੋਟ, ਸਹਾਇਕ ਕਮਿਸ਼ਨਰ (ਜਨਰਲ), ਜ਼ਿਲਾ ਮਾਲ ਅਫ਼ਸਰ, ਜ਼ਿਲਾ ਰਜਿਸਟਰਾਰ ਕੋਅਪਰੇਟਿਵ ਸੁਸਾਇਟੀਜ਼ ਅਤੇ ਐਕਸੀਅਨ ਪੰਚਾਇਤੀ ਰਾਜ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਵਾਸੀਆਂ ਵਲੋਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀ ਸਹਾਇਤਾ ਵੱਧ ਚੜ ਕੇ ਵੱਖ-ਵੱਖ ਤਰਾਂ ਨਾਲ ਕੀਤੀ ਜਾ ਰਹੀ ਹੈ ਅਤੇ ਇਸ ਗਠਿਤ ਕਮੇਟੀ ਦੁਆਰਾ ਇਹ ਨਕਦੀ ਜਾਂ ਰਾਸ਼ਨ ਦੇ ਰੂਪ ਵਿਚ ਇਕੱਤਰ ਹੋਈ ਇਹ ਰਾਹਤ ਸਮੱਗਰੀ ਨੂੰ ਹੜ ਪ੍ਰਭਾਵਿਤ ਇਲਾਕਿਆਂ ਵਿਚ ਜ਼ਰੂਰਤ ਦੇ ਹਿਸਾਬ ਨਾਲ ਪਹੰੁਚਾਇਆ ਜਾਵੇਗਾ। ਉਨਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਹੜ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਰਾਹਤ ਸਮੱਗਰੀ ਦਾਨ ਕੀਤੀ ਜਾਵੇ ਤਾਂ ਜੋ ਹੜ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਕੁੱਝ ਰਾਹਤ ਮਿਲ ਸਕੇ। ਸ਼੍ਰੀ ਸੰਦੀਪ ਹੰਸ ਨੇ ਇਹ ਵੀ ਦੱਸਿਆ ਕਿ ਧਰਮਕੋਟ ਦੇ ਇਲਾਕੇ ਤੋਂ ਇਲਾਵਾ, ਜ਼ਰੂਰਤ ਪੈਣ ਤੇ ਜ਼ਿਲੇ ਵਿਚ ਇਕੱਤਰ ਹੋਈ ਇਹ ਰਾਹਤ ਸਮੱਗਰੀ ਜਲੰਧਰ ਅਤੇ ਕਪੂਰਥਲਾ ਜ਼ਿਲਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੀ ਲੋੜਵੰਦਾਂ ਨੂੰ ਭੇਜੀ ਜਾਵੇਗੀ। ਇਸ ਮੌਕੇ ਉਨਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਨ ਲਈ ਸਹਾਇਕ ਕਮਿਸਨਰ (ਜਨਰਲ) ਸ਼ੀ ਲਾਲ ਵਿਸ਼ਵਾਸ ਬੈਂਸ ਨਾਲ ਉਨਾਂ ਦੇ ਮੋਬਾਇਲ ਨੰਬਰ 86996-55302 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।