ਕੈਪਟਨ ਮਦਦ ਦੀ ਬਜਾਏ ਪਾਣੀ ਦੀ ਕੀਮਤ ਵਸੂਲੀ ਦੀ ਕਰਨ ਗੱਲ : ਬੈਂਸ- ਲੋਕ ਇਨਸਾਫ ਪਾਰਟੀ ਹੜ ਪੀੜਤਾਂ ਦੇ ਨਾਲ

ਲੁਧਿਆਣਾ, 23 ਅਗਸਤ ()ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਹੜ ਪੀੜਤਾਂ ਦੀ ਹਰ ਸੰਭਵ ਸਹਾਇਤਾ ਕਰਨ ਅਤੇ ਕੇਂਦਰ ਸਰਕਾਰ ਤੋਂ ਪੰਜਾਬ ਲਈ ਮਦਦ ਮੰਗਣ ਦੀ ਬਜਾਏ ਰਾਜਸਥਾਨ, ਹਰਿਆਣਾ ਅਤੇ ਦਿੱਲੀ ਨੂੰ ਜਾ ਰਹੇ ਪੰਜਾਬ ਦੇ ਪਾਣੀ ਦੀ ਕੀਮਤ ਵਸੂਲੀ ਦੀ ਗੱਲ ਕਰਨ। ਉਨਾਂ ਪੰਜਾਬ ਦੇ ਹੜ ਪੀੜਤਾਂ ਨੂੰ ਵਿਸ਼ਵਾਸ਼ ਦੁਆਇਆ ਕਿ ਲੋਕ ਇਨਸਾਫ ਪਾਰਟੀ ਉਨਾਂ ਦੇ ਹਰ ਦੁੱਖ ਵਿੱਚ ਉਨਾਂ ਦੇ ਨਾਲ ਖੜੀ ਹੈ। ਵਿਧਾਇਕ ਬੈਂਸ ਅੱਜ ਕੋਟ ਮੰਗਲ ਸਿੰਘ ਵਿੱਖੇ ਆਪਣੇ ਮੁੱਖ ਦਫਤਰ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨਾਂ ਪੰਜਾਬ ਵਿੱਚ ਆਈ ਹੜ ਦੀ ਕਰੋਪੀ ਸਬੰਧੀ ਵੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੇ ਪ੍ਰਬੰਧਕਾਂ ਉੱਪਰ ਸਵਾਲ ਖੜੇ ਕਰਦਿਆਂ ਕਿਹਾ ਕਿ ਬੋਰਡ ਨੂੰ ਹੌਲੀ ਹੌਲੀ ਪਾਣੀ ਛੱਡਣਾ ਚਾਹੀਦਾ ਸੀ ਜਦੋਂ ਕਿ ਇੱਕ ਵਾਰ ਹੀ ਪਾਣੀ ਛੱਡਣ ਲਈ ਵੀ ਉਨਾਂ ਹੋਰਨਾਂ ਰਾਜਾਂ ਨੂੰ ਫਾਇਦਾ ਪਹੁੰਚਾਉਣ ਲਈ ਹੀ ਕੀਤਾ। ਵਿਧਾਇਕ ਬੈਂਸ ਨੇ ਕਿਹਾ ਕਿ ਪੰਜਾਬ ਵਿੱਚ ਹੜਾਂ ਕਾਰਣ ਕਰੋੜਾਂ ਅਰਬਾਂ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਕੇਂਦਰ ਸਰਕਾਰ ਤੋਂ ਭੀਖ ਮੰਗ ਰਹੇ ਹਨ, ਜਦੋਂ ਕਿ ਪੰਜਾਬ ਤੋਂ ਹੀ ਰਾਜਸਥਾਨ ਅਤੇ ਹਰਿਆਣਾ ਸਮੇਤ ਦਿੱਲੀ ਨੂੰ ਮੁਫਤ ਵਿੱਚ ਪਾਣੀ ਜਾ ਰਿਹਾ ਹੈ, ਜਿਸ ਸਬੰਧੀ ਸੂਬੇ ਦੇ ਮੁੱਖ ਮੰਤਰੀ ਰਾਜਸਥਾਨ ਨੂੰ ਪਾਣੀ ਦੀ ਕੀਮਤ ਦਾ ਬਿੱਲ ਬਣਾ ਕੇ ਭੇਜਣ, ਜਿਸ ਸਬੰਧੀ 16 ਨਵੰਬਰ 2016 ਨੂੰ ਪੰਜਾਬ ਵਿਧਾਨ ਸਭਾ ਵਿੱਚ ਮਤਾ ਵੀ ਪਾਸ ਹੋ ਚੁੱਕਾ ਹੈ ਅਤੇ ਰਾਜਸਥਾਨ ਤੋਂ ਪੰਜਾਬ ਨੇ ਆਪਣੇ ਹੀ ਪਾਣੀ ਦਾ 16 ਲੱਖ ਕਰੋੜ ਰੁਪਏ ਵਸੂਲ ਕਰਨਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜਸਥਾਨ ਤੋਂ ਆਪਣੇ ਪੈਸੇ ਵਸੂਲ ਕਰਨ ਦੀ ਬਜਾਏ ਕੇਂਦਰ ਸਰਕਾਰ ਦੇ ਹਾੜੇ ਕੱਢ ਰਹੇ ਹਨ, ਜੋ ਠੀਕ ਨਹੀਂ ਹੈ। ਵਿਧਾਇਕ ਬੈਂਸ ਨੇ ਕਿਹਾ ਕਿ ਕਾਂਗਰਸ ਦੇ ਹੀ ਕੁਝ ਆਗੂ ਭੰਬਲਭੂਸਾ ਪਾ ਰਹੇ ਸਨ ਕਿ ਪੰਜਾਬ ਨੂੰ ਹਿਮਾਚਲ ਪ੍ਰਦੇਸ਼ ਤੋਂ ਵੀ ਆ ਰਹੇ ਪਾਣੀ ਦੀ ਕੀਮਤ ਦੇਣੀ ਪਵੇਗੀ ਪਰ ਅੱਜ ਪੰਜਾਬ ਭਰ ਦੇ ਸਮੂਹ ਲੋਕਾਂ ਨੂੰ ਪਤਾ ਲੱਗ ਗਿਆ ਹੈ, ਕਿ ਜਦੋਂ ਹੜ ਆਏ ਤਾਂ ਨੁਕਸਾਨ ਪੰਜਾਬ, ਪੰਜਾਬ ਚ ਵਸਦੇ ਪੰਜਾਬੀਆਂ ਅਤੇ ਪੰਜਾਬੀਆਂ ਦੀ ਜਮੀਨਾਂ ਅਤੇ ਘਰ ਬਾਰ ਦਾ ਹੋਇਆ ਪਰ ਹਰਿਆਣਾ ਦੇ ਲੋਕਾਂ ਨੂੰ ਕੋਈ ਫਰਕ ਨਹੀਂ ਪਿਆ ਜਿਸ ਤੋਂ ਸਾਫ ਹੋ ਗਿਆ ਹੈ ਕਿ ਕੁਦਰਤੀ ਵਗਦੇ ਪਾਣੀ ਦੀ ਕੀਮਤ ਕਦੀ ਨਹੀਂ ਵਸੂਲੀ ਜਾ ਸਕਦੀ ਪਰ ਨਹਿਰ  ਰਾਹੀਂ ਜੇਕਰ  ਪਾਣੀ ਹਰਿਆਣਾ, ਰਾਜਸਥਾਨ ਜਾਂ ਕਿਸੇ ਵੀ ਹੋਰ ਸੂਬੇ ਨੂੰ ਦਿੱਤਾ ਜਾਵੇਗਾ, ਤਾਂ ਉਸ ਦੀ ਕੀਮਤ ਲੈਣ ਦਾ ਪੰਜਾਬ ਕਾਨੂੰਨੀ ਅਧਿਕਾਰ ਰੱਖਦਾ ਹੈ। ਇਸ ਲਈ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਤੋਂ ਭੀਖ ਮੰਗਣ ਦੀ ਬਜਾਏ ਆਪਣੇ ਪਾਣੀ ਦੀ ਕੀਮਤ ਵਸੂਲੀ ਦੀ ਗੱਲ ਕਰਨ ਤਾਂ ਜੋ ਪੰਜਾਬ ਨੂੰ ਆਰਥਿਕ ਪੱਖੋਂ ਮਜਬੂਤ ਕੀਤਾ ਜਾ ਸਕੇ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ