ਲੋਕ ਇਨਸਾਫ ਪਾਰਟੀ ਨੇ ਕੀਤਾ ਸੱਤ ਮੈਂਬਰੀ ਤਾਲਮੇਲ ਕਮੇਟੀ ਦਾ ਗਠਨ,ਪੰਜਾਬ ਹਿਤੈਸ਼ੀਆਂ ਨੂੰ ਇੱਕ ਮੰਚ ਤੇ ਇਕੱਤਰ ਕਰਕੇ ਅਕਾਲੀਆਂ ਤੇ ਕਾਂਗਰਸੀਆਂ ਵਲੋਂ ਮਚਾਈ ਲੁੱਟ ਨੂੰ ਪਾਈ ਜਾਵੇਗੀ ਨਕੇਲ : ਬੈਂਸ

ਲੁਧਿਆਣਾ, 22 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਵਿੱਚ ਅੱਜ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂਆਂ ਦੀ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਸੱਤ ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ, ਜੋ ਪੰਜਾਬ ਹਿਤੈਸ਼ੀਆਂ ਨੂੰ ਇੱਕ ਮੰਚ ਤੇ ਇਕੱਤਰ ਕਰਕੇ ਪੰਜਾਬ ਵਿੱਚ ਇੱਕ ਪ੍ਰਧਾਨ, ਇੱਕ ਨਿਸ਼ਾਨ ਅਤੇ ਇੱਕ ਸੰਵਿਧਾਨ ਲਾਗੂ ਕਰੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਰਗੀਆਂ ਰਿਵਾਈਤੀ ਪਾਰਟੀਆਂ ਵਲੋਂ ਕੀਤੀ ਜਾ ਰਹੀ ਲੁੱਟ ਨੂੰ ਨਕੇਲ ਪਾਈ ਜਾਵੇਗੀ। ਸਥਾਨਕ ਸਰਕਟ ਹਾੳੂਸ ਵਿੱਚ ਪਾਰਟੀ ਦੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ। ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਅੱਜ ਤੱਕ ਪੰਜਾਬ ਤੇ ਰਾਜ ਕਰਨ ਵਾਲੀਆਂ ਰਿਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਜਿੱਥੇ ਪੰਜਾਬ ਦੇ ਲੋਕਾਂ ਨਾਲ ਕੁੱਟਮਾਰ ਕੀਤੀ ਉੱਥੇ ਪੰਜਾਬ ਨੂੰ ਦੋਨਾਂ ਹੱਥਾਂ ਦੇ ਨਾਲ ਲੁੱਟਿਆ। ਜਿਸ ਨੂੰ ਨਕੇਲ ਪਾਉਣ ਲਈ ਪਾਰਟੀ ਵਲੋਂ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸੱਤ ਮੈਂਬਰੀ ਕਮੇਟੀ ਵਿੱਚ ਅਮਰੀਕ ਸਿੰਘ ਵਰਪਾਲ, ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਕਰਨਲ ਅਵਤਾਰ ਸਿੰਘ, ਜਤਿੰਦਰ ਪਾਲ ਸਿੰਘ ਭੱਲਾ, ਰਣਧੀਰ ਸਿੰਘ ਸਿਵਿਆ, ਮਨਵਿੰਦਰ ਸਿੰਘ ਗਿਆਸਪੁਰਾ ਸਮੇਤ ਜਗਜੋਤ ਸਿੰਘ ਖਾਲਸਾ ਨੂੰ ਸ਼ਾਮਲ ਕੀਤਾ ਗਿਆ ਹੈ। ਜੋ ਪੰਜਾਬ ਭਰ ਵਿੱਚ ਪੰਜਾਬ ਦੀਆਂ ਹਿਤੈਸ਼ੀ ਪਾਰਟੀਆਂ, ਪੰਜਾਬ ਦੇ ਹਿਤੈਸ਼ੀ ਵੱਖ ਵੱਖ ਸੰਗਠਨਾਂ ਅਤੇ ਪੰਜਾਬ ਹਿਤੈਸ਼ੀ ਵੱਖ ਵੱਖ ਸ਼ਖਸ਼ੀਅਤਾਂ ਨਾਲ ਗੱਲਬਾਤ ਕਰਨਗੇ ਅਤੇ ਪੰਜਾਬ ਵਿੱਚ ਇੱਕ ਪ੍ਰਧਾਨ, ਇੱਕ ਨਿਸ਼ਾਨ, ਇੱਕ ਸੰਵਿਧਾਨ ਲਾਗੂ ਕਰਨ ਸਬੰਧੀ ਵਿਚਾਰ ਵਟਾਂਦਰਾ ਕਰਨਗੇ ਅਤੇ ਪੰਜਾਬ ਨੂੰ ਤਰੱਕੀ ਵੱਲ ਲਿਜਾਉਣ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕਰਨਗੇ। ਉਨਾਂ ਦੱਸਿਆ ਕਿ ਸੂਬੇ ਭਰ ਵਿੱਚ ਪੰਜਾਬ ਹਿਤੈਸ਼ੀਆਂ ਨੂੰ ਇਕੱਤਰ ਕਰਕੇ ਇੱਕ ਪਲੇਟਫਾਰਮ ਤੇ ਲਿਆਂਦਾ ਜਾਵੇਗਾ ਤੇ ਪੰਜਾਬ ਵਿੱਚ ਇੱਕ ਪ੍ਰਧਾਨ, ਇੱਕ ਨਿਸ਼ਾਨ ਅਤੇ ਇੱਕ ਸੰਵਿਧਾਨ ਨੂੰ ਲਾਗੂ ਕੀਤਾ ਜਾਵੇਗਾ ਤਾਂ ਜੋ ਪੰਜਾਬ ਵਿੱਚ ਫ੍ਰੈੋਡਲੀ ਮੈਚ ਖੇਡ ਰਹੀਆਂ ਦੋਨੋਂ ਰਿਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਰਗੀਆਂ ਪਾਰਟੀਆਂ ਵਲੋਂ ਜੋ ਲੁੱਟ ਮਾਰ ਕੀਤੀ ਜਾ ਰਹੀ ਹੈ, ਉਸ ਤੇ ਨਕੇਲ ਪਾਈ ਜਾਵੇ ਅਤੇ ਪੰਜਾਬ ਵਾਸੀਆਂ ਨੂੰ ਇਨਾਂ ਪਾਰਟੀਆਂ ਤੋਂ ਛੁਟਕਾਰਾ ਦੁਆ ਕੇ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਸਥਾਪਿਤ ਕੀਤਾ ਜਾ ਸਕੇ।