ਡਰੋਲੀ ਭਾਈ ਵਿਖੇ ਸੰਤ ਬਾਬਾ ਚਰਨ ਸਿੰਘ ਜੀ ਯਾਦਗਾਰੀ ਸ਼ਹੀਦੀ ਸਮਾਗਮ ਹੋਇਆ ,10 ਰੋਜ਼ਾ ਡਾਕਟਰੀ ਕੈਂਪ ‘ਚ 11000 ਤੋਂ ਵੱਧ ਮਰੀਜਾਂ ਦਾ ਨਿਰੀਖਣ

ਮੋਗਾ,21 ਅਗਸਤ (ਜਸ਼ਨ): ਜ਼ਿਲ੍ਹੇ ਦੇ ਇਤਿਹਾਸਕ ਨਗਰ ਡਰੋਲੀ ਭਾਈ ਦੇ ਗੁਰਦੁਆਰਾ ਗੁਰੂ ਕੇ ਮਹਿਲ ਅਟਾਰੀ ਸਾਹਿਬ ਪਾਤਸ਼ਾਹੀ ਛੇਵੀਂ, ਸੱਤਵੀਂ,  ਨੌਵੀਂ ਵਿਖੇ “ਵੀਹਵੀਂ ਸਦੀ ਦੇ ਮਹਾਨ ਸਹੀਦ ਸ੍ਰੀਮਾਨ ਸੰਤ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਵਾਲੇ“ ਮਹਾਂਪੁਰਸ਼ਾਂ ਦੀ ਪਾਵਨ ਯਾਦ ‘ਚ ਮਹਾਨ ਗੁਰਮਤਿ ਸਮਾਗਮ ਹੋਇਆ। ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਅਤੇ ਕਾਰ ਸੇਵਾ ਸੰਸਥਾ ਬੀੜ ਸਾਹਿਬ ਸ੍ਰੀਮਾਨ ਸੰਤ ਬਾਬਾ ਖੜਕ ਸਿੰਘ ਜੀ - ਸੰਤ ਬਾਬਾ ਚਰਨ ਸਿੰਘ ਜੀ ਦੇ ਉਤ੍ਰਾਧਿਕਾਰੀ ਡਾ. ਸੰਤ ਬਾਬਾ ਗੁਰਨਾਮ ਸਿੰਘ ਜੀ ਡਰੋਲੀ ਭਾਈ ਕਾਰ ਸੇਵਾ ਵਾਲੇ ਤੇ ਸੇਵਾਦਾਰਾਂ ਦੀ ਦੇਖ ਰੇਖ ਹੇਠ ਸਜੇ ਗੁਰਮਤਿ ਸਮਾਗਮ ‘ਚ ਭਾਈ ਪਿਆਰਾ ਸਿੰਘ, ਭਾਈ ਜਗਰੂਪ ਸਿੰਘ, ਭਾਈ ਮੇਹਰ ਸਿੰਘ ਦੇ ਜਥਿਆਂ ਵੱਲੋਂ ਰਾਗ ਅਧਾਰਿਤ ਗੁਰਸਬਦ ਕੀਰਤਨ ਕੀਤਾ ਗਿਆ । ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਸਾਬਕਾ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਡਾ ਸੰਤ ਬਾਬਾ ਗੁਰਨਾਮ ਸਿੰਘ ਜੀ ਵੱਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ ।ਉਪਰੰਤ ਪੰਥ ਪ੍ਰਸਿੱਧ ਵਿਦਵਾਨਾਂ ਗਿ: ਹਰਪਾਲ ਸਿੰਘ ਢੰਡ ਦੇ ਢਾਡੀ ਜਥੇ,  ਗਿ:ਮੁਖਤਾਰ ਸਿੰਘ ਸੰਗਵਾਂ ਦੇ ਕਵੀਸਰੀ ਜਥੇ ਵੱਲੋਂ ਸੰਤ ਜੀ ਦੇ ਜੀਵਨ ਬਿ੍ਰਤਾਂਤ ਤੇ ਸਹਾਦਤ ਦੇ ਪ੍ਰਸੰਗ ਢਾਡੀ ਤੇ ਕਵੀਸਰੀ ਵਾਰਾਂ ਦੁਆਰਾ ਸ੍ਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਬਾਬਾ ਰੇਸਮ ਸਿੰਘ ਭਾਈ ਰੂਪਾ, ਨਿਧੜਕ ਸਿੰਘ ਬਰਾੜ ਸੂਚਨਾ ਕਮਿਸਨਰ ਪੰਜਾਬ, ਹਰਜੀਤ ਸਿੰਘ ਲਾਲੂਘੁੰਮਣ ਸਕੱਤਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਹਜਾਰਾਂ ਸੰਗਤਾਂ ਨੇ ਸਤਿਸੰਗਤ ਦਾ ਆਨੰਦ ਮਾਣਿਆ। ਦੇਸੀ ਘਿਓ ਦੀਆਂ ਜਲੇਬੀਆਂ ਸਮੇਤ ਗੁਰੂ ਕੇ ਅਤੁੱਟ ਲੰਗਰ ਵਰਤੇ। 10 ਰੋਜਾ ਮੁਫਤ ਡਾਕਟਰੀ ਕੈਂਪ ‘ਚ 11000 ਤੋਂ ਵੱਧ ਮਰੀਜਾਂ ਦਾ ਨਿਰੀਖਣ ਕਰਕੇ ਮੁਫਤ ਦਵਾਈਆਂ ਦੀ ਸੇਵਾ ਕੀਤੀ ਗਈ ।