ਹੜਾਂ ਦੀ ਸਥਿਤੀ ਨਾਲ ਨਜਿੱਠਣ ਲਈ ਵਿਧਾਇਕ ਕਾਕਾ ਲੋਹਗੜ ਅਤੇ ਡਿਪਟੀ ਕਮਿਸ਼ਨਰ ਨੇ ਪ੍ਰਬੰਧਾਂ ਦਾ ਲਿਆ ਜਾਇਜ਼ਾ, ਹੜ ਪ੍ਰਭਾਵਿਤ ਇਲਾਕਾ ਵਾਸੀਆਂ ਨੂੰ ਰਾਹਤ ਕੇਦਰਾਂ ਵਿੱਚ ਜਾਣ ਦੀ ਕੀਤੀ ਅਪੀਲ਼

ਮੋਗਾ, 18 ਅਗਸਤ:(ਜਸ਼ਨ): ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਅੱਜ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੇ ਨਾਲ ਰੋਪੜ ਹੈੱਡ ਵਰਕ ਤੋਂ ਭਾਰੀ ਮਾਤਰਾ ਵਿੱਚ ਪਾਣੀ ਛੱਡਣ ਕਾਰਣ ਇਸਦੇ ਪੱਧਰ ਵਿੱਚ ਹੋਏ ਅਚਾਨਕ ਵਾਧੇ ਤੋਂ ਬਾਅਦ ਹਲਕਾ ਧਰਮਕੋਟ ਵਿੱਚ ਪੈਂਦੇ ਹੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਹੜਾਂ ਨਾਲ ਨਜਿੱਠਣ ਦੀ ਸਥਿਤੀ ਦਾ ਜਾਇਜ਼ਾ ਲਿਆ।

ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਹਲਕਾ ਧਰਮਕੋਟ ਦੇ ਸਭ ਤੋ ਵੱਧ ਹੜ ਪ੍ਰਭਾਵਤ ਦੋ ਪਿੰਡਾਂ ਸੰਘੇੜਾ ਅਤੇ ਕੰਬੋ ਖੁਰਦ ਦਾ ਦੌਰਾ ਕੀਤਾ ਅਤੇ ਹੜਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਕੀਤੇ ਪ੍ਰਬੰਧਾਂ ਦਾ ਨਿਰੀਖਣ ਕੀਤਾ। ਉਨਾਂ ਇਹ ਵੀ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਕਿਸੇ ਵੀ ਤਰਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ। ਇਸ ਮੌਕੇ ਉਨਾਂ ਨਾਲ ਉਪ ਮੰਡਲ ਮੈਜਿਸਟਰੇਟ ਧਰਮਕੋਟ ਨਰਿੰਦਰ ਸਿੰਘ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਵਸਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸੁਰੱਖਿਆ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਸਥਾਪਤ ਕੀਤੇ ਚਾਰ ਰਾਹਤ ਕੇਂਦਰਾਂ ਵਿੱਚ ਚਲੇ ਜਾਣ। ਉਨਾਂ ਕਿਹਾ ਕਿ ਚਾਰ ਰਾਹਤ ਕੇਂਦਰ ਧਰਮਕੋਟ,ਕਿਸ਼ਨਪੁਰਾ ਕਲਾਂ,ਖੰਬਾ ਅਤੇ ਫਤਿਹਗੜ ਪੰਜਤੂਰ ਵਿੱਚ ਬਣਾਏ ਗਏ ਹਨ ਜਦਕਿ ਪਿੰਡ ਰਿਹੜਵਾਂ ਵਿਖੇ ਵੀ ਇੱਕ ਐਮਰਜੈਂਸੀ ਕੇਂਦਰ ਸਥਾਪਤ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਰਾਹਤ ਕੇਂਦਰਾਂ ਵਿੱਚ ਖਾਣ ਪੀਣ,ਬੈਠਣ, ਰਹਿਣ, ਪਸ਼ੂਆਂ ਲਈ ਚਾਰੇ, ਮਨੁੱਖਾਂ ਅਤੇ ਪਸ਼ੂਆਂ ਲਈ ਟੀਕਾਕਰਨ ਤੋਂ ਇਲਾਵਾ ਹੋਰ ਸਾਰੇ ਪ੍ਰਬੰਧ ਕੀਤੇ ਗਏ ਹਨ। ਉਨਾਂ ਕਿਹਾ ਕਿ ਇਨਾਂ ਕੇਦਰਾਂ ਵਿੱਚ ਆਉਣ ਵਾਲੇ ਸਾਰੇ ਲੋਕਾਂ ਨੂੰ ਵਧੀਆ ਸਹੂਲਤਾਂ ਦਿਵਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ। ਉਨਾਂ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਰਾਹਤ ਕੇਦਰਾਂ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਤਰਾਂ ਦੀ ਕੋਈ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਣੀ ਚਾਹੀਦੀ।ਜਾਣਕਾਰੀ ਅਨੁਸਾਰ ਹਲਕਾ ਧਰਮਕੋਟ ਵਿਚ ਲਗਭਗ 28 ਪਿੰਡ ਪੈਦੇ ਹਨ ਜਿੰਨਾਂ ਵਿੱਚੋ ਸੰਘੇੜਾ, ਕੰਬੋ ਖੁਰਦ ਅਤੇ ਭੈਣੀ ਤਿੰਨ ਸਭ ਤੋ ਵੱਧ ਹੜ ਪ੍ਰਭਾਵਤ ਪਿੰਡ ਹਨ ਅਤੇ ਜ਼ਿਲਾ ਪ੍ਰਸ਼ਾਸਨ ਨੇ ਲੋਕਾਂ ਨੂੰ ਰਾਹਤ ਕੇਂਦਰਾਂ ਵਿਚ ਤਬਦੀਲ ਕਰਨ ਦਾ ਐਲਾਨ ਕੀਤਾ ਹੈ।

ਜਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਵੱਲੋ ਸੰਭਾਵੀ ਹੜਾਂ ਦੀ ਸਥਿਤੀ ਨੂੰ ਵੇਖਦੇ ਹੋਏ ਉਚਿਤ ਪ੍ਰਬੰਧ ਕਰਨ ਲਈ ਮੋਗਾ ਜਿਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਮੀਟਿੰਗ ਕੀਤੀ ਗਈ। ਉਨਾਂ ਐਨ ਜੀ ਓ ਸੰਸਥਾਵਾਂ ਨੂੰ ਇਸ ਸਥਿਤੀ ਵਿੱਚ ਪੂਰਨ ਸਹਿਯੋਗ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਜਿਨਾਂ ਐਨ ਜੀ ਓ ਮੈਂਬਰਾਂ ਨੇ ਡਿਜਾਸਟਰ ਮੈਨੇਜਮੈਂਟ ਦੀ ਸਿਖਲਾਈ ਹਾਸਿਲ ਕੀਤੀ ਹੈ, ਉਹ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਉਣ ਵਿੱਚ ਮੱਦਦ ਕਰਨ ਅਤੇ ਇਨਸਾਨਾਂ ਲਈ ਭੋਜਨ ਅਤੇ ਪਸ਼ੂਆਂ ਲਈ ਚਾਰਾ ਜੁਟਾਉਣ ਲਈ ਆਪਣੇ ਆਪ ਨੂੰ ਤਿਆਰ ਰੱਖਣ।******* ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ -