ਮੋਗਾ ਵਿਖੇ ਜ਼ਿਲਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ‘ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੌਮੀ ਝੰਡਾ ਲਹਿਰਾਇਆ

ਮੋਗਾ 15 ਅਗਸਤ (ਜਸ਼ਨ):  ਦੇਸ਼ ਵਿੱਚੋ ਅਨਪੜਤਾ , ਬੇਰੋਜ਼ਗਾਰੀ ਅਤੇ ਨਸ਼ਿਆਂ ਦੇ ਜੜ ਤੋ ਖਾਤਮੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਸਰਕਾਰ ਨੂੰ ਸਹਿਯੋਗ ਦੇਣ ਦੀ ਜ਼ਰੂਰਤ ਹੈ. ਇਹ ਪ੍ਰਗਟਾਵਾ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਸਥਾਨਕ ਦਾਣਾ ਮੰਡੀ ‘ਚ ਜ਼ਿਲਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨਾਂ ਵੱਲੋ ਕੌਮੀ ਝੰਡਾ ਲਹਿਰਾਇਆ ਗਿਆ ਅਤੇ ਪਰੇਡ ਤੋਂ ਸਲਾਮੀ ਲਈ ਅਤੇ ਨਿਰੀਖਣ ਦੌਰਾਨ  ਉਨਾਂ ਨਾਲ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਅਤੇ ਸੀਨੀਅਰ ਕਪਤਾਨ ਪੁਲਿਸ ਸ੍ਰੀ ਅਮਰਜੀਤ ਸਿੰਘ ਬਾਜਵਾ ਵੀ ਮੌਜੂਦ ਸਨ। 
ਸਮਾਗਮ ਵਿਚ ਵਿਧਾਇਕ ਮੋਗਾ ਡਾ: ਹਰਜੋਤ ਕਮਲ ਸਿੰਘ, ਵਿਧਾਇਕ ਹਲਕਾ ਬਾਘਾਪੁਰਾਣਾ ਦਰਸ਼ਨ ਸਿੰਘ ਬਰਾੜ, ਵਿਧਾਇਕ  ਹਲਕਾ ਧਰਮਕੋਟ ਸੁਖਜੀਤ ਸਿੰਘ ਕਾਕਾ ਲੋਹਗੜ, ਸਾਬਕਾ ਕਾਂਗਰਸ ਮੰਤਰੀ ਡਾ: ਮਾਲਤੀ ਥਾਪਰ,ਸੂਬਾ ਸਕੱਤਰ ਰਵੀ ਗਰੇਵਾਲ, ਕਾਂਗਰਸ ਜ਼ਿਲਾ ਪ੍ਰਧਾਨ ਮਹੇਸ਼ਇੰਦਰ ਸਿੰਘ,ਕਾਂਗਰਸ ਦੇ ਸਿਟੀ ਪ੍ਰਧਾਨ ਵਿਨੋਦ ਬਾਂਸਲ,ਸੂਬਾ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ,ਜ਼ਿਲਾ ਪ੍ਰੀਸ਼ਦ ਮੈਂਬਰ ਜਗਰੂਪ ਤਖਤੂਪੁਰਾ,ਜਨਰਲ ਸਕੱਤਰ ਪੰਜਾਬ ਕਾਂਗਰਸ ਗੁਰਬਚਨ ਸਿੰਘ ਬਰਾੜ,ਸਾਬਕਾ ਜ਼ਿਲਾ ਪ੍ਰਧਾਨ ਕਾਂਗਰਸ ਕਰਨਲ ਬਾਬੂ ਸਿੰਘ, ਡਾ: ਤਾਰਾ ਸਿੰਘ ਸੰਧੂ ਮੁੱਖ ਬੁਲਾਰਾ,
ਹਰੀ ਸਿੰਘ ਖਾਈ ਪ੍ਰਧਾਨ ਜਾਟ ਮਹਾਂਸਭਾ,ਉਪਿੰਦਰ ਸਿੰਘ ਗਿੱਲ,ਮਨਜਿੰਦਰ ਖਹਿਰਾ ਕਪੂਰੇ,ਪਰਮਜੀਤ ਕੌਰ ਕਪੂਰੇ,ਪੰਡਿਤ ਸ਼ਾਮ ਲਾਲ,ਕੇਵਲ ਸਿੰਘ ਸਾਬਕਾ ਐੱਮ ਪੀ ,ਕੁਲਦੀਪ ਸਿੰਘ ਢੋਸ,ਗੁਰਪ੍ਰਤਾਪ ਸਿੰਘ ਖੋਸਾ,ਰਮਨ ਮੱਕੜ,ਵਿੱਕੀ ਸਰਪੰਚ,ਰਾਮਪਾਲ ਧਵਨ,ਡਾ: ਗੁਰਕੀਰਤ ਸਿੰਘ ਗਿੱਲ,ਠਾਣਾ ਸਿੰਘ ਜੌਹਲ,ਵੀਰਪਾਲ ਕੌਰ ਜੌਹਲ ਜ਼ਿਲਾ ਪ੍ਰਧਾਨ ਮਹਿਲਾ ਕਾਂਗਰਸ,ਭੋਲਾ ਸਿੰਘ ਬਰਾੜ,ਚੇਅਰਮੈਨ ਵਿਜੇ ਧੀਰ,Suman Kaushik ,ਕੌਂਸਲਰ ਮਨਜੀਤ ਮਾਨ ਆਦਿ ਹਾਜ਼ਰ ਸਨ । ਇਸ ਮੌਕੇ ਜ਼ਿਲਾ ਤੇ ਸੈਸ਼ਨਜ਼ ਜੱਜ ਮੁਨੀਸ਼ ਜਿੰਦਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਜਿੰਦਰ ਬਤਰਾ,ਵਧੀਕ ਡਿਪਟੀ ਕਮਿਸ਼ਨਰ ਜਰਨਲ ਸ੍ਰੀਮਤੀ ਅਨੀਤਾ ਦਰਸ਼ੀ, ਸਹਾਇਕ ਕਮਿਸ਼ਨਰ ਜਨਰਲ ਲਾਲ ਵਿਸ਼ਵਾਸ਼ ਬੈਸ, ਉਪ ਮੰਡਲ ਮੈਜਿਸਟ੍ਰੇਟ ਮੋਗਾ ਸ੍ਰੀ ਗੁਰਵਿੰਦਰ ਸਿੰਘ ਜੌਹਲ, ਜ਼ਿਲਾ ਸਿੱਖਿਆ ਅਫਸਰ ਜਸਪਾਲ ਸਿੰਘ ਔਲਖ,ਜ਼ਿਲਾ ਖੇਡ ਅਫਸਰ ਬਲਵੰਤ ਸਿੰਘ ਅਤੇ ਹੋਰ ਉੱਘੀਆਂ ਸ਼ਖਸ਼ੀਅਤਾਂ ਸ਼ਾਮਿਲ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਮਿਡ ਡੇ ਕਆਰਡੀਨੇਟਰ ਹਾਜ਼ਰ ਸਨ। ਇਸ ਮੌਕੇ ਸ. ਮਨਪ੍ਰੀਤ ਸਿੰਘ ਬਾਦਲ ਨੇ ਆਜ਼ਾਦੀ ਦੇ 72 ਵਰੇ ਮੁਕੰਮਲ ਕਰ ਲੈਣ ‘ਤੇ ਜ਼ਿਲਾ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਰਤ ਦੇ ਆਜ਼ਾਦੀ ਪ੍ਰਵਾਨਿਆਂ ਵੱਲੋਂ ਸਮੇਂ-ਸਮੇਂ ’ਤੇ ਆਰੰਭੇ ਗਏ ਆਜ਼ਾਦੀ ਸੰਘਰਸ਼ਾਂ ਸਦਕਾ ਹੀ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ। ਉਨਾਂ ਵੱਲੋਂ ਸੁਤੰਤਰਤਾ ਸੰਗਰਾਮੀ ਪ੍ਰੀਵਾਰਾਂ ਅਤੇ ਜ਼ਿਲੇ ਨਾਲ ਸਬੰਧਤ 17 ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿੰਨਾਂ ‘ਚ ਮਿਹਨਤੀ ਕ੍ਰਮਚਾਰੀ, ਖਿਡਾਰੀ ਅਤੇ ਹੋਣਹਾਰ ਵਿਦਿਆਰਥੀ ਸ਼ਾਮਲ ਸਨ। ਸਮਾਗਮ ਦੌਰਾਨ 8 ਲੋੜਵੰਦ ਵਿਅਕਤੀਆਂ ਨੂੰ ਟਰਾਈ-ਸਾਈਕਲ 4 ਵੀਲ ਚੇਅਰ ਅਤੇ 7 ਔਰਤਾਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਵੀ ਕੀਤੀ ਗਈ। ਵਿੱਤ ਮੰਤਰੀ ਵੱਲੋ ਆਪਣੇ ਸੰਬੋਧਨ ਦੌਰਾਨ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ‘ਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸਮੂਹ ਦੇਸ਼ ਭਗਤਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਘੋਲ ਵਿੱਚ ਭਾਵੇਂ ਦੇਸ਼ ਦੇ ਹਰ ਵਰਗ, ਧਰਮ ਤੇ ਇਲਾਕੇ ਦੇ ਲੋਕਾਂ ਨੇ ਹਿੱਸਾ ਲਿਆ, ਪ੍ਰੰਤੂ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੈ ਕਿ ਆਜ਼ਾਦੀ ਪ੍ਰਾਪਤੀ ਲਈ ਚੱਲੇ ਸੰਘਰਸ਼ ਵਿੱਚ 80 ਫੀਸਦੀ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੇ ਹਿੱਸੇ ਆਈਆਂ ਹਨ।
ਉਨਾਂ ਆਜ਼ਾਦੀ ਦੇ ਪਰਵਾਨਿਆਂ ਨੂੰ ਸਲਾਮ ਕਰਦਿਆਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਕਰਤਾਰ ਸਿੰਘ ਸਰਾਭਾ, ਸ਼ਹੀਦ ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ ਅਤੇ ਹੋਰ ਆਜ਼ਾਦੀ ਦੇ ਪਰਵਾਨਿਆਂ ਵੱਲੋਂ ਸਮੇਂ-ਸਮੇਂ ‘ਤੇ ਆਰੰਭੇ ਆਜ਼ਾਦੀ ਸੰਘਰਸ਼ਾਂ ਸਦਕਾ ਹੀ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ। ਇਸ ਮੌਕੇ ਉਨਾਂ ਮੋਗਾ ਜ਼ਿਲੇ ਨਾਲ ਸਬੰਧਤ ਆਜ਼ਾਦੀ ਘੁਲਾਟੀਏ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਅਤੇ ਗਦਰੀ ਬਾਬਾ ਨਿਧਾਨ ਸਿੰਘ ਚੁੱਘਾ ਵਰਗੇ ਯੋਧਿਆਂ ਨੂੰ ਵੀ ਸਜਦਾ ਕੀਤਾ। ਉਨਾਂ ਕਿਹਾ ਕਿ  ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪਿਛਲੇ ਢਾਈ ਸਾਲਾਂ ਵਿੱਚ ਫਸਲਾਂ ਦੀ ਚੁਕਾਈ ਵਿੱਚ ਤੇਜ਼ੀ ਲਿਆ ਕੇ ਅਤੇ ਕਿਸਾਨਾਂ ਨੂੰ ਅੱਠ ਘੰਟੇ ਨਿਰੰਤਰ ਬਿਜਲੀ ਸਪਲਾਈ ਮੁਹੱਈਆ ਕਰਵਾ ਕੇ ਕਿਸਾਨਾਂ ਦਾ ਦਿੱਲ ਜਿੱਤਿਆ ਹੈ। ਉਨਾਂ ਵੱਲੋ ਦੱਸਿਆ ਗਿਆ ਕਿ ਮੇਰੇ  25 ਸਾਲ ਦੇ ਰਾਜਨੀਤੀ ਦੇ ਸਮੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਪ੍ਰਾਈਵੇਟ ਸਕੂਲਾਂ ਨਾਲੋ ਸਰਕਾਰੀ ਸਕੂਲਾਂ ਵਿੱਚ ਬਿਹਤਰ ਸਹੂਲਤਾਂ ਮਿਲ ਰਹੀਆਂ ਹਨ ਅਤੇ ਇਨਾਂ ਦੇ ਨਤੀਜਿਆਂ ਵਿੱਚ ਵੀ ਕਾਫੀ ਸੁਧਾਰ ਹੋਇਆ ਹੈ। ਉਨਾਂ ਵੱਲੋ ਕਿਹਾ ਗਿਆ ਕਿ ਅਗਲੇ ਵਰੇ ਮਨਾਇਆ ਜਾਣ ਵਾਲਾ 15 ਅਗਸਤ ਸਮਾਗਮ ਸਿਰਫ ਰਸਮ ਅਦਾ ਕਰਨ ਲਈ ਨਹੀ ਮਨਾਇਆ ਜਾਣਾ ਚਾਹੀਦਾ ਬਲਕਿ ਮੋਗਾ ਜ਼ਿਲੇ ਦੇ ਹਰ ਪਰਿਵਾਰ ਦਾ ਘੱਟੋ ਘੱਟ ਇੱਕ ਵਿਅਕਤੀ ਇਸ ਸਮਾਗਮ ਵਿੱਚ ਜ਼ਰੂਰ ਸ਼ਾਮਿਲ ਹੋਣਾ ਚਾਹੀਦਾ ਹੈ, ਤਾਂ ਕਿ ਦੇਸ਼ ਦੇ ਸ਼ਹੀਦਾਂ ਨੂੰ ਮੋਗਾ ਜ਼ਿਲੇ ਦਾ ਹਰ ਪਰਿਵਾਰ ਸੱਚੀ ਸ਼ਰਧਾਂਜਲੀ ਦੇ ਸਕੇ ਅਤੇ ਪੰਜਾਬ ਦੀ ਧਰਤੀ ਦਾ ਬੱਚਾ-ਬੱਚਾ 15 ਅਗਸਤ ਨੂੰ ਸੁਤੰਤਰਤਾ ਦਿਵਸ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਕੌਮੀ ਝੰਡੇ ਨੂੰ ਸਲਾਮੀ ਦੇਵੇ। ਜ਼ਿਲੇ ਅੰਦਰ ਮਨਾਏ ਗਏ ਆਜ਼ਾਦੀ ਦਿਵਸ ਸਮਾਰੋਹ ਵਿੱਚ ਵੱਖ ਵੱਖ ਵਿਭਾਗਾਂ ਵੱਲੋ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਸਕੀਮਾਂ ਨੂੰ ਦਰਸਾਉਦੀਆਂ ਝਾਕੀਆਂ ਵੀ ਕੱਢੀਆਂ ਗਈਆਂ।
ਸਮਾਗਮ ਦੀ ਪਹਿਲੀ ਝਾਕੀ ਵਿੱਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਪਿੰਡ ਵਿੱਚ 550 ਪੌਦੇ ਲਗਾਉਣ ਦੀ ਮੁਹਿੰਮ ਸਬੰਧੀ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੀ ਇਸ ਮੁਹਿੰਮ ਤਹਿਤ ਮੋਗਾ ਜ਼ਿਲੇ ਵਿੱਚ 1 ਲੱਖ 23 ਹਜ਼ਾਰ ਪੌਦੇ ਸਪਲਾਈ ਕੀਤੇ ਗਏ ਹਨ  ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪੰਜ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਇੱਕ ਇੱਕ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਸਿਹਤ ਵਿਭਾਗ ਦੀ ਝਾਕੀ ਵਿੱਚ ਦਰਸਾਇਆ ਗਿਆ ਕਿ ਪੰਜਾਬ ਸਰਕਾਰ ਵੱਲੋ ਛੋਟੇ ਵਪਾਰੀਆਂ, ਸਮਾਰਟ ਕਾਰਡ ਧਾਰਕਾਂ, ਜੇ ਫਾਰਮ ਧਾਰਕਾਂ, ਪੰਜੀਕਿ੍ਰਤ ਉਸਾਰੀ ਕਾਮਿਆਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸਰਕਾਰੀ ਅਤੇ ਇੰਮਪੈਨਲਡ ਹਸਪਤਾਲਾਂ ਵਿੱਚ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।ਸਮਾਗਮ ਦੀ ਤੀਜੀ ਝਾਕੀ ਵਿੱਚ ਪੰਜਾਬ ਸਰਕਾਰ ਵੱਲੋ ਵੱਖ ਵੱਖ ਮੈਡਲਿਸਟਾਂ ਦੀ ਇਨਾਮੀ ਰਾਸ਼ੀ ਵਿੱਚ ਕੀਤਾ ਚੋਖਾ ਵਾਧਾ ਦਰਸਾਇਆ ਗਿਆ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਡ ਮੁਕਾਬਲਿਆਂ ਰਾਹੀ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋ ਦੂਰ ਰੱਖਣ ਲਈ ਕੀਤੇ ਉਪਰਾਲਿਆਂ ਨੂੰ ਦਰਸਾਇਆ ਗਿਆ ।
ਸਮਾਗਮ ਦੀ ਚੌਥੀ ਝਾਕੀ ਵਿੱਚ ਪਾਣੀ ਬਚਾਓ ਪੈਸਾ ਕਮਾਓ ਸਕੀਮ ਬਾਰੇ ਦੱਸਿਆ ਗਿਆ ਜਿਸ ਤਹਿਤ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋ ਬਿਜਲੀ ਦੀ ਬੱਚਤ ਦੇ ਹਿਸਾਬ ਨਾਲ ਆਰਥਿਕ ਮੱਦਦ ਮੁਹੱਈਆ ਕਰਵਾਈ ਜਾ ਰਹੀ ਹੈ। ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਿਭਾਗ ਵੱਲੋ ਕੱਢੀ ਗਈ ਝਾਕੀ ਵਿੱਚ ਜ਼ਿਲੇ ਦੇ ਹਰ ਨਾਗਰਿਕ ਨੂੰ ਨਿਆਂ ਦਿਵਾਉਣ ਲਈ ਜ਼ਿਲੇ ਵਿੱਚ ਸਥਾਪਿਤ ਕੀਤੇ ਫਰੰਟ ਆਫਿਸ ਅਤੇ ਸਥਾਈ ਲੋਕ ਅਦਾਲਤਾਂ ਦਾ ਜਿਕਰ ਕੀਤਾ ਗਿਆ। ਝਾਕੀ ਵਿੱਚ ਦੱਸਿਆ ਗਿਆ ਕਿ ਇਨਾਂ ਫਰੰਟ ਆਫਿਸ ਅਤੇ ਸਥਾਈ ਲੋਕ ਅਦਾਲਤਾਂ ਦਾ ਮੁੱਖ ਮੰਤਵ ਆਰਥਿਕ, ਸਰੀਰਿਕ ਅਤੇ ਸਮਾਜਿਕ ਤੌਰ ਤੇ ਪਛੜੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਕੀਤਾ ਗਿਆ ਹੈ। ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਜਨਰੇਸ਼ਨ ਵਿਭਾਗ ਵੱਲੋ ਕੱਢੀ ਗਈ ਝਾਕੀ ਵਿੱਚ ਸਰਕਾਰ ਵੱਲੋ ਲਗਾਏ ਗਏ ਅਤੇ ਭਵਿੱਖ ਵਿੱਚ ਲਗਾਏ ਜਾਣ ਵਾਲੇ ਰੋਜ਼ਗਾਰ ਮੇਲਿਆਂ ਦਾ ਜਿਕਰ ਕੀਤਾ ਗਿਆ। ਇਸ ਵਿੱਚ ਦੱਸਿਆ ਗਿਆ ਕਿ ਪੰਜਾਬ ਸਰਕਾਰ ਪੜੇ ਲਿਖੇ ਬੇਰੋਜ਼ਗਾਰ ਨੌਜਵਾਨਾਂ ਦੇ ਸੁਨਹਿਰੇ ਭਵਿੱਖ ਲਈ ਫਿਕਰਮੰਦ ਹੈ। ਸਮਾਗਮ ਦੀ ਅਖੀਰਲੀ ਝਾਕੀ ਜੋ ਕਿ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ ਤੋ ਸੀ ਵਿੱਚ ਮਹਾਤਮਾਂ ਗਾਧੀ ਸਰਬੱਤ ਵਿਕਾਸ ਯੋਜਨਾ ਦਾ ਜਿਕਰ ਕੀਤਾ ਗਿਆ, ਜਿਸ ਤਹਿਤ ਸਰਕਾਰ ਦੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਨੂੰ ਂਜੋੜਿਆ ਗਿਆ ਹੈ ਤਾਂ ਕਿ ਕੋਈ ਵੀ ਯੋਗ ਲਾਭਪਾਤਰੀ ਸਰਕਾਰ ਦੀ ਕਿਸੇ ਵੀ ਲੋਕ ਭਲਾਈ ਸਕੀਮ ਤੋ ਵਾਝਾ ਨਾ ਰਹੇ।  ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਦੇਣ ਦੀ ਨੀਤੀ ਤਹਿਤ ਨੌਜਵਾਨਾਂ ਨੂੰ ਨੌਕਰੀਆਂ ਅਤੇ ਸਵੈ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਰੋਜ਼ਗਾਰ ਮੇਲੇ ਵੀ ਲਗਾਏ ਜਾ ਰਹੇ ਹਨ। ਸਮਾਗਮ ਦੌਰਾਨ ਵਿੱਤ ਮੰਤਰੀ ਵੱਲੋ ਘਰ-ਘਰ ਰੋਜ਼ਗਾਰ ਸਕੀਮ ਤਹਿਤ 14 ਵਿਅਕਤੀਆਂ ਨੂੰ ਨਿਯੁੱਕਤੀ ਪੱਤਰ ਵੀ ਸੌਪੇ ਗਏ।
ਬਾਅਦ ‘ਚ ਵਿੱਤ ਮੰਤਰੀ ਵੱਲੋਂ ਪਰੇਡ ਵਿੱਚ ਹਿੱਸਾ ਲੈਣ ਵਾਲੇ ਪਰੇਡ ਕਮਾਂਡਰਾਂ ਅਤੇ ਵੱਖ-ਵੱਖ ਆਈਟਮਾਂ ‘ਚ ਭਾਗ ਲੈਣ ਵਾਲੇ ਸਕੂਲ ਮੁਖੀਆਂ ਤੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਬੱਚਿਆਂ ਨੂੰ ਸਨਮਾਨਿਤ ਕਰਨ ਮੌਕੇ ਉਨਾਂ ਵੱਲੋ ਬੱਚਿਆਂ ਨਾਲ ਗੱਲ ਬਾਤ ਕੀਤੀ ਅਤੇ ਉਨਾਂ ਦੀ ਹੌਸਲਾ ਅਫਜਾਈ ਵੀ ਕੀਤੀ। ਇਸ ਮੌਕੇ ਡੀ.ਐਸ.ਪੀ. ਕੁਲਜਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ, ਪੰਜਾਬ ਮਹਿਲਾ ਪੁਲਿਸ, ਪੰਜਾਬ ਹੋਮਗਾਰਡ ਅਤੇ ਐਨ.ਸੀ.ਸੀ ਦੇ ਵਿਦਿਆਰਥੀਆਂ ਦੀਆਂ ਪਰੇਡ ਟੁਕੜੀਆਂ ਨੇ ਮਾਰਚ ਪਾਸਟ ‘ਚ ਹਿੱਸਾ ਲਿਆ ਅਤੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪੀ.ਟੀ.ਸ਼ੋਅ ਵੀ ਪੇਸ਼ ਕੀਤਾ ਗਿਆ। ਇਸ ਜ਼ਿਲਾ ਪੱਧਰੀ ਆਜ਼ਾਦੀ ਦਿਵਸ ਸਮਾਗਮ ‘ਚ ਵੱਖ-ਵੱਖ ਸਕੂਲਾਂ ਅਤੇ ਡੀ.ਐਮ.ਕਾਲਜ ਮੋਗਾ ਦੇ 1500 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਇਸ ਤੋਂ ਇਲਾਵਾ ਜ਼ਿਲੇ ‘ਚ ਸਬ-ਡਵੀਜ਼ਨ ਪੱਧਰ ‘ਤੇ ਵੀ ਉਪ ਮੰਡਲ ਮੈਜਿਸਟ੍ਰੇਟ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਸਟੇਜ ਸੰਚਾਲਨ ਬਲਵਿੰਦਰ ਸਿੰਘ ਲੈਕ ਅਤੇ ਜਗਜੀਵਨ ਕੌਰ ਨੇ ਬਾਖੂਬਪ ਨਿਭਾਇਆ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ