ਕੈਪਟਨ ਅਮਰਿੰਦਰ ਸਿੰਘ ਵੱਲੋਂ ਈਦ ਮੌਕੇ ਘਰ ਵਰਗਾ ਅਹਿਸਾਸ ਕਰਵਾਉਣ ਲਈ ਪੰਜਾਬ ਵਿੱਚ ਕਸ਼ਮੀਰੀ ਵਿਦਿਆਰਥੀਆਂ ਦੀ ਮੇਜ਼ਬਾਨੀ

ਚੰਡੀਗੜ, 12 ਅਗਸਤ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :  ਪੰਜਾਬ ਵਿੱਚ ਕਸ਼ਮੀਰੀ ਵਿਦਿਆਰਥੀਆਂ ਲਈ ਅੱਜ ਦਿਲ ਨੂੰ ਛੂਹ ਜਾਣ ਵਾਲੇ ਪਲ ਸਨ। ਉਹ ਇਹ ਉਮੀਦ ਪਾਲੀ ਬੈਠੇ ਸਨ ਕਿ ਇਸ ਸਾਲ ਈਦ-ਉਲ-ਜ਼ੁਹਾ ਦਾ ਤਿਉਹਾਰ ਆਪਣੇ ਪਰਿਵਾਰਾਂ ਤੋਂ ਦੂਰ ਇਕੱਲਿਆਂ ਹੀ ਮਨਾਉਣਗੇ ਕਿਉਂਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਉਹ ਆਪਣੇ ਮਾਪਿਆਂ ਕੋਲ ਨਹੀਂ ਜਾ ਸਕਣਗੇ ਪਰ ਇੱਥੇ ਉਨਾਂ ਨੂੰ ਅਚੰਭਿਤ ਕਰਨ ਵਾਲੀ ਖੁਸ਼ੀ ਮਿਲੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਭਵਨ ਵਿਖੇ ਦੁਪਹਿਰ ਦੇ ਖਾਣੇ ਦਾ ਸੱਦਾ ਪੱਤਰ ਦੇ ਕੇ ਇਸ ਮੌਕੇ ਨੂੰ ਖੁਸ਼ੀਆਂ ਨਾਲ ਭਰ ਦਿੱਤਾ ਅਤੇ ਉਨਾਂ ਨੂੰ ਘਰ ਵਰਗਾ ਅਹਿਸਾਸ ਕਰਵਾਇਆ।
ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਲਗਪਗ 125 ਵਿਦਿਆਰਥੀਆਂ ਨੂੰ ਮੁਹੱਬਤ ਤੇ ਅਪਣੱਤ ਭਰੀ ਮਹਿਕ ਦਾ ਨਿੱਘ ਮਿਲਿਆ ਕਿਉਂਕਿ ਮੁੱਖ ਮੰਤਰੀ ਨੇ ਆਪਣੇ ਕੈਬਨਿਟ ਸਾਥੀਆਂ ਨਾਲ ਇਸ ਪਵਿੱਤਰ ਤਿਉਹਾਰ ਦੇ ਸਤਿਕਾਰ ਵਜੋਂ ਉਨਾਂ ਦੀ ਮੇਜ਼ਬਾਨੀ ਦਾ ਫੈਸਲਾ ਲਿਆ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਕਸ਼ਮੀਰ ਵਿੱਚ ਹਾਲਾਤ ਛੇਤੀ ਸੁਧਾਰ ਜਾਣ ਦਾ ਵਿਸ਼ਵਾਸ ਹੈ। ਉਨਾਂ ਨੇ ਵਾਦੀ ਵਿੱਚ ਸਥਿਤੀ ਆਮ ਵਾਂਗ ਹੋਣ ਦੀ ਕਾਮਨਾ ਨਾਲ ਨੌਜਵਾਨਾਂ ਨੂੰ ਵਧਾਈ ਦਿੱਤੀ। ਪੰਜਾਬ ਵਿੱਚ ਕਸ਼ਮੀਰੀ ਵਿਦਿਆਰਥੀਆਂ ਦੀ ਹਿਫਾਜ਼ਤ ਦਾ ਭਰੋਸਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਬੇਸ਼ਕ ਅਸੀਂ ਤੁਹਾਡੇ ਪਰਿਵਾਰਾਂ ਦੀ ਥਾਂ ਤਾਂ ਨਹੀਂ ਲੈ ਸਕਦੇ ਪਰ ਮੈਨੂੰ ਉਮੀਦ ਹੈ ਕਿ ਤੁਸੀਂ ਸਾਨੂੰ ਆਪਣੇ ਪਰਿਵਾਰ ਹੀ ਸਮਝੋਗੇ।’’
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਉਹ ਆਪਣੇ ਸਿਆਸੀ ਰੁਝੇਵਿਆਂ ਕਾਰਨ ਪਿਛਲੇ ਲੰਮੇ ਸਮੇਂ ਤੋਂ ਕਸ਼ਮੀਰ ਨਹੀਂ ਗਏ ਪਰ ਉਹ ਮੰਨਦੇ ਹਨ ਕਿ ਖੂਬਸੂਰਤ ਵਾਦੀ ਉਨਾਂ ਦਾ ਦੂਜਾ ਘਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਦਿਲੀ ਇੱਛਾ ਸੀ ਕਿ ਇਸ ਤਿਉਹਾਰ ਦੀਆਂ ਖੁਸ਼ੀਆਂ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ ਜਾਣ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਵਿਸ਼ਵਾਸ ਹੈ ਕਿ ਉਨਾਂ (ਵਿਦਿਆਰਥੀਆਂ) ਦੇ ਪਰਿਵਾਰ ਆਪਣੇ ਘਰਾਂ ਵਿੱਚ ਸੁਰੱਖਿਅਤ ਹੋਣਗੇ ਅਤੇ ਆਪਣੇ ਪਰਿਵਾਰਾਂ ਨੂੰ ਉਹ ਛੇਤੀ ਹੀ ਮਿਲਣਗੇ।
ਮੁੱਖ ਮੰਤਰੀ ਦੀਆਂ ਭਾਵਨਾਵਾਂ ਦੇ ਜਵਾਬ ਵਿੱਚ ਵਿਦਿਆਰਥੀਆਂ ਨੇ ਕਿਹਾ ਕਿ ਉਹ ਵੀ ਪੰਜਾਬ ਨੂੰ ਆਪਣਾ ਦੂਜਾ ਘਰ ਮੰਨਦੇ ਹਨ ਜਿੱਥੇ ਉਨਾਂ ਨੇ ਪੁਲਵਾਮਾ ਹਮਲੇ ਤੋਂ ਬਾਅਦ ਵੀ ਆਪਣੇ ਆਪ ਨੂੰ ਹਮੇਸ਼ਾ ਮਹਿਫੂਜ਼ ਸਮਝਿਆ। ਇਸ ਮੌਕੇ ਇਕ ਵਿਦਿਆਰਥੀ ਫੈਕ ਸਲੇਮ ਨੇ ਕਿਹਾ,‘‘ਅਸੀਂ ਇਹ ਦੇਖਿਆ ਕਿ ਪੰਜਾਬੀ ਫਰਾਖ਼ਦਿਲ ਹੁੰਦੇ ਹਨ।’’ ਬਾਕੀ ਵਿਦਿਆਰਥੀਆਂ ਨੇ ਵੀ ਉਨਾਂ ਦੀ ਆਵਾਜ਼ ਸੁਣਨ ਲਈ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।
ਇਕ ਹੋਰ ਵਿਦਿਆਰਥੀ ਫਰਜ਼ਾਨਾ ਹਫ਼ੀਜ਼ ਨੇ ਕਿਹਾ,‘‘ਅੱਜ ਇੱਥੇ ਬੁਲਾਉਣ ’ਤੇ ਸਾਨੂੰ ਸਾਡੇ ਪਰਿਵਾਰਾਂ ਦੀ ਯਾਦ ਦਿਵਾਈ। ਉਨਾਂ ਮੰਨਿਆ ਕਿ ਸੱਦਾ ਮਿਲਣ ਤੱਕ ਉਹ ਈਦ ਮੌਕੇ ਘਰ ਨਾ ਜਾਣ ਕਰਕੇ ਆਪਣੇ ਆਪ ਨੂੰ ਇਕੱਲਿਆ ਮਹਿਸੂਸ ਕਰ ਰਹੇ ਸਨ।
ਇਸ ਮੌਕੇ ਪਿਆਰ ਅਤੇ ਸਤਿਕਾਰ ਵਜੋਂ ਵਿਦਿਆਰਥੀਆਂ ਨੇ ਚੰਡੀਗੜ ਯੂਨੀਵਰਸਿਟੀ ਤੋਂ ਫਾਈਨ ਆਰਟਸ ਦੇ ਕਸ਼ਮੀਰੀ ਵਿਦਿਆਰਥੀ ਅਬਦੁਲ ਆਜ਼ਾਦ ਵੱਲੋਂ ਬਣਾਇਆ ਚਿੱਤਰ ਮੁੱਖ ਮੰਤਰੀ ਨੂੰ ਭੇਟ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਮਠਿਆਈ ਵੰਡ ਕੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਬਲਬੀਰ ਸਿੰਘ ਸਿੱਧੂ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਸਲਾਹਕਾਰ ਬੀ.ਆਈ.ਐਸ. ਚਾਹਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕਿ੍ਰਪਾਲ ਸਿੰਘ, ਡੀ.ਜੀ.ਪੀ. ਦਿਨਕਰ ਗੁਪਤਾ, ਡੀ.ਜੀ.ਪੀ. ਇੰਟੈਲੀਜੈਂਸ ਵੀ.ਕੇ. ਭਾਵੜਾ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸੰਦੀਪ ਸੰਧੂ ਅਤੇ ਮੁੱਖ ਮੰਤਰੀ ਦੇ ਓ.ਐਸ.ਡੀ. ਜਗਦੀਪ ਸਿੰਘ ਸਿੱਧੂ ਹਾਜ਼ਰ ਸਨ।