ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬਾਬਾ ਸਰਬਜੋਤ ਸਿੰਘ ਬੇਦੀ ਨਾਲ ਭੇਟ,ਮੁੱਖ ਮੰਤਰੀ ਤਰਫੋਂ ਸੰਤ ਸਮਾਜ ਨੂੰ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ ਸੇਧ ਤੇ ਸੇਵਾ ਸੰਭਾਲ ਦੀ ਅਪੀਲ ਕੀਤੀ

ਲੁਧਿਆਣਾ, 12 ਅਗਸਤ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :  ਪੰਜਾਬ ਦੇ ਸਹਿਕਾਰਤਾ ਤੇ ਜੇਲ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਥੇ ਮਨਸੂਰਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 16ਵੀਂ ਪੀੜੀ ਚੋਂ ਸੰਤ ਸਮਾਜ ਦੀ ਉਘੀ ਤੇ ਸਤਿਕਾਰਤ ਸ਼ਖ਼ਸੀਅਤ ਬਾਬਾ ਸਰਬਜੋਤ ਸਿੰਘ ਬੇਦੀ ਨਾਲ ਮੁਲਾਕਾਤ ਕਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਸੇਧ ਤੇ ਸੇਵਾ ਸੰਭਾਲ ਲਈ ਅਪੀਲ ਕੀਤੀ।ਇਸ ਮੁਲਾਕਾਤ ਦੇ ਵੇਰਵੇ ਜਾਰੀ ਕਰਦਿਆਂ ਸ. ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਬਣਾਉਣ ਲਈ ਵੱਡੇ ਪੱਧਰ ਉਤੇ ਸਮਾਗਮ ਲਈ ਉਲੀਕੇ ਗਏ ਹਨ ਅਤੇ ਇਨਾਂ ਸਮਾਗਮਾਂ ਨੂੰ ਪੂਰਨ ਗੁਰ ਮਰਿਆਦਾ ਨਾਲ ਨੇਪਰੇ ਚਾੜਨ ਲਈ ਸੰਤ ਸਮਾਜ ਤੋਂ ਸੇਧ ਲਈ ਜਾ ਰਹੀ ਹੈ। ਉਨਾਂ ਕਿਹਾ ਕਿ ਅੱਜ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਰਫ਼ੋਂ ਬਾਬਾ ਬੇਦੀ ਜੀ ਵੱਲੋਂ ਸਮਾਗਮਾਂ ਦੀ ਅਗਵਾਈ ਤੇ ਸੇਵਾ ਸੰਭਾਲ਼ ਲਈ ਅਪੀਲ ਕਰਨ ਆਏ ਹਾਂ ਅਤੇ ਬਾਬਾ ਬੇਦੀ ਜੀ ਵੱਲੋਂ ਇਸ ਕਾਰਜ ਲਈ ਹਾਮੀ ਭਰੀ ਗਈ ਹੈ।ਕੈਬਨਿਟ ਮੰਤਰੀ ਸ ਰੰਧਾਵਾ ਨੇ ਕਿਹਾ ਕਿ ਸਾਡੇ ਸਾਰਿਆਂ ਲਈ ਇਹ ਸੁਭਾਗੀ ਤੇ ਮਾਣ ਵਾਲੀ ਘੜੀ ਹੈ ਜਦੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਮੌਕਾ ਮਿਲਿਆ ਹੈ ਅਤੇ ਪੰਜਾਬ ਸਰਕਾਰ ਸ਼ਤਾਬਦੀ ਜਸ਼ਨਾਂ ਨੂੰ ਯਾਦਗਾਰੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਉਨਾਂ ਕਿਹਾ ਕਿ ਇਨਾਂ ਸਮਾਗਮਾਂ ਵਿੱਚ ਦੇਸ਼ ਵਿਦੇਸ਼ ਤੋਂ ਸੰਗਤ ਵੱਡੀ ਗਿਣਤੀ ਚ ਜੁੜ ਰਹੀ ਹੈ ਅਤੇ ਧਾਰਮਿਕ ਸਖਸ਼ੀਅਤਾਂ ਦੀ ਅਗਵਾਈ ਨਾਲ ਇਹ ਸਮਾਗਮ ਪੂਰਨ ਗੁਰ ਮਰਿਆਦਾ ਨਾਲ ਨੇਪਰੇ ਚਾੜੇ ਜਾਣਗੇ। ਇਸ ਮੌਕੇ ਸੰਤ ਸਮਾਜ ਦੀਆਂ ਹੋਰ ਵੀ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ ਜਿਨਾਂ ਵਿੱਚ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਸੰਤ ਗੁਰਮੀਤ ਸਿੰਘ ਖੋਸਾ ਕੋਟਲਾ ਵਾਲੇ ਤੇ ਭਾਈ ਅਨਮੋਲ ਸਿੰਘ ਸ਼ਾਮਲ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ