ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਲੀ ਵਿੱਚ ਸ੍ਰੀ ਗੁਰੂ ਰਵਿਦਾਸ ਮੰਦਰ ਢਾਹੁਣ ਨਾਲ ਪੈਦਾ ਹੋਏ ਤਣਾਅ ਨੂੰ ਸੁਲਝਾਉਣ ਲਈ ਪ੍ਰਧਾਨ ਮੰਤਰੀ ਦੇ ਨਿੱਜੀ ਦਖ਼ਲ ਦੀ ਮੰਗ, ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਵੀ ਕੀਤੀ ਗੱਲ

ਚੰਡੀਗੜ, 11 ਅਗਸਤ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਕਿ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਦਿੱਲੀ ਦੇ ਪਿੰਡ ਤੁਗਲਕਾਬਾਦ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਅਤੇ ਸਮਾਧੀ ਨੂੰ ਹਾਲ ਹੀ ਵਿਚ ਢਾਹ ਦੇਣ ਨਾਲ ਰਵਿਦਾਸ ਭਾਈਚਾਰੇ ਵਿਚ ਪੈਦਾ ਹੋਏ ਤਣਾਅ ਨੂੰ ਹੱਲ ਕਰਨ ਲਈ ਉਹ ਨਿੱਜੀ ਤੌਰ ’ਤੇ ਦਖਲ ਦੇਣ। 
ਮੁੱਖ ਮੰਤਰੀ ਨੇ ਇਹ ਅਪੀਲ ਗੁਰੂ ਰਵਿਦਾਸ ਜੈਅੰਤੀ ਸਮਾਰੋਹ ਸਮਿਤੀ ਦੇ ਬੈਨਰ ਹੇਠ ਭਾਈਚਾਰੇ ਦੇ ਮੈਂਬਰਾਂ ਵੱਲੋਂ ਕੀਤੇ ਸੂਬਾ ਪੱਧਰੀ ਪ੍ਰਦਰਸ਼ਨਾਂ ਤੋਂ ਬਾਅਦ ਕੀਤੀ ਜਿਨਾਂ ਨੇ 13 ਅਗਸਤ ਨੂੰ ਦੇਸ਼ ਬੰਦ ਦਾ ਸੱਦਾ ਦਿੱਤਾ ਅਤੇ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਐਲਾਨ ਕੀਤਾ। 
ਪ੍ਰਦਰਸ਼ਨਾਂ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਹ ਸੁਪਰੀਮ ਕੋਰਟ ਦੇ ਫੈਸਲੇ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਜੋ ਇਸ ਧਾਰਮਿਕ ਢਾਂਚੇ ਨੂੰ ਢਾਹੁਣ ਦਾ ਕਾਰਨ ਬਣਿਆ ਪਰ ਉਹ ਨਿੱਜੀ ਤੌਰ ’ਤੇ ਇਤਿਹਾਸਕ ਮਹੱਤਤਾ ਵਾਲੇ ਕਿਸੇ ਵੀ ਸਮਾਰਕ ਜਾਂ ਢਾਂਚੇ ਨੂੰ ਢਾਹੁਣ ਦੇ ਹੱਕ ਵਿਚ ਨਹੀਂ ਹਨ ਜਿਸ ਨਾਲ ਕਿਸੇ ਵੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਦੀ ਹੋਵੇ। 
ਮੁੱਖ ਮੰਤਰੀ ਨੇ ਭਾਈਚਾਰੇ ਨੂੰ ਆਪਣੇ ਪ੍ਰਦਰਸ਼ਨ ਬੰਦ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਉਨਾਂ ਦੀ ਸਰਕਾਰ ਕੇਂਦਰ ਸਰਕਾਰ ਨਾਲ ਇਸ ਮਸਲੇ ਦਾ ਸੁਖਾਵਾਂ ਹੱਲ ਕੱਢਣ ਲਈ ਭਾਈਚਾਰੇ ਨੂੰ ਪੂਰਾ ਸਹਿਯੋਗ ਦੇਣ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੂੰ ਇਸ ਸੰਵੇਦਨਸ਼ੀਲ ਮੁੱਦੇ ਦੇ ਹੱਲ ਲਈ ਦਖਲ ਦੇਣ ਦੀ ਅਪੀਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਨਿੱਜੀ ਤੌਰ ’ਤੇ ਗੱਲਬਾਤ ਕਰਕੇ ਇਹ ਜਗਾ ਮੁੜ ਅਲਾਟ ਕਰਨ ਦੀ ਮੰਗ ਕੀਤੀ ਤਾਂ ਕਿ ਭਾਈਚਾਰੇ ਵੱਲੋਂ ਸਰੋਵਰ ਸਮੇਤ ਮੰਦਰ ਦਾ ਮੁੜ ਨਿਰਮਾਣ ਕੀਤਾ ਜਾ ਸਕੇ ਜਿਸ ਨੂੰ ਢਾਹ ਦਿੱਤਾ ਗਿਆ ਸੀ। ਇਹ ਜਗਾ ਦਿੱਲੀ ਵਿਕਾਸ ਅਥਾਰਟੀ ਨਾਲ ਸਬੰਧਤ ਹੈ। 
ਸ੍ਰੀ ਗੁਰੂ ਰਵਿਦਾਸ ਜੀ ਨਾਲ ਜੁੜੀਆਂ ਕਥਾਵਾਂ ਇਹ ਦਰਸਾਉਂਦੀਆਂ ਹਨ ਕਿ ਉਹਨਾਂ ਨੇ ਸਾਲ 1509 ਦੇ ਲਗਭਗ ਸਿਕੰਦਰ ਲੋਧੀ ਦੀ ਹਕੂਮਤ ਦੌਰਾਨ ਇਸ ਪਵਿੱਤਰ ਸਥਾਨ ਦੀ ਯਾਤਰਾ ਕੀਤੀ ਸੀ। 
ਇਸ ਮਾਮਲੇ ਦੀ ਪੈਰਵੀ ਕਰਨ ਅਤੇ ਢਾਹੇ ਗਏ ਢਾਂਚੇ ਦਾ ਉਸੇ ਜਗਾ ’ਤੇ ਮੁੜ ਨਿਰਮਾਣ ਕਰਨ ਲਈ ਭਾਈਚਾਰੇ ਨੂੰ ਕਾਨੂੰਨੀ ਅਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਨੇ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਭਾਈਚਾਰੇ ਦੇ ਧਾਰਮਿਕ ਤੇ ਸਿਆਸੀ ਨੁਮਾਇੰਦਿਆਂ ਨੂੰ ਮਿਲਣ ਤੋਂ ਇਲਾਵਾ ਕੇਂਦਰ ਨਾਲ ਇਸ ਮਸਲੇ ਨੂੰ ਸੁਲਝਾਉਣ ਲਈ ਵਿਆਪਕ ਰਣਨੀਤੀ ਵੀ ਘੜੇਗੀ। ਇਹ ਕਮੇਟੀ ਚੌਧਰੀ ਸੰਤੋਖ ਸਿੰਘ, ਚਰਨਜੀਤ ਸਿੰਘ ਚੰਨੀ, ਰਾਜ ਕੁਮਾਰ ਚੱਬੇਵਾਲ, ਅਰੁਣਾ ਚੌਧਰੀ ਅਤੇ ਸੁਸ਼ੀਲ ਕੁਮਾਰ ਰਿੰਕੂ ’ਤੇ ਅਧਾਰਤ ਹੈ। 
ਮੁੱਖ ਮੰਤਰੀ ਨੇ ਇਸ ਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਜੋ ਨਾ ਸਿਰਫ ਰਵਿਦਾਸ ਭਾਈਚਾਰੇ ਲਈ ਸਗੋਂ ਦੁਨੀਆ ਭਰ ’ਚ ਵਸਦੇ ਸਿੱਖਾਂ ਅਤੇ ਪੰਜਾਬੀਆਂ ਲਈ ਵੀ ਮਹੱਤਵਪੂਰਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮੰਦਰ ਨੂੰ ਢਾਹੇ ਜਾਣ ਨਾਲ ਨਾ ਸਿਰਫ ਪੰਜਾਬ ਸਗੋਂ ਹੋਰ ਥਾਵਾਂ ’ਚ ਵੀ ਭਾਈਚਾਰੇ ਵਿਚ ਗੰਭੀਰ ਬੇਚੈਨੀ ਪੈਦਾ ਹੋ ਸਕਦੀ ਹੈ। ਇਸ ਕਰਕੇ ਸ੍ਰੀ ਗੁਰੂ ਰਵਿਦਾਸ ਜੀ ਨਾਲ ਸਬੰਧਤ ਇਸ ਪਵਿੱਤਰ ਸਥਾਨ ਦੇ ਇਤਿਹਾਸਕ ਤੇ ਧਾਰਮਿਕ ਸਬੰਧਾਂ ਬਾਰੇ ਸਬੂਤ ਅਤੇ ਕਾਨੂੰਨੀ ਪ੍ਰਮਾਣ ਦੇ ਸੰਦਰਭ ਵਿਚ ਦਿੱਲੀ ਵਿਕਾਸ ਅਥਾਰਟੀ ਸਮੇਤ ਹੋਰ ਸਬੰਧਤ ਪਾਰਟੀਆਂ ਨੂੰ ਵਿਸ਼ਵਾਸ ਵਿਚ ਲੈ ਕੇ ਇਸ ਮਸਲੇ ਨੂੰ ਫੌਰੀ ਤੌਰ ’ਤੇ ਸੁਲਝਾਉਣਾ ਜ਼ਰੂਰੀ ਹੈ। 
ਮੁੱਖ ਮੰਤਰੀ ਨੇ ਕਿਹਾ ਕਿ ਮਸਲੇ ਦੀ ਸੰਵੇਦਨਸ਼ੀਲਤਾ ਅਤੇ ਗੰਭੀਰਤਾ ਨੂੰ ਸਮਝਦੇ ਹੋਏ ਇਹ ਬਹੁਤ ਜ਼ਰੂਰੀ ਹੈ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਕੇਂਦਰ ਸਰਕਾਰ ਵੱਲੋਂ ਇਸ ਸਥਾਨ ਦੇ ਮੂਲ ਢਾਂਚੇ ਅਤੇ ਰੂਪ-ਰੇਖਾ ਨੂੰ ਬਹਾਲ ਕਰਨ ਲਈ ਸਾਰੇ ਸੰਭਵ ਕਦਮ ਚੁੱਕੇ ਜਾਣ। 
ਇਸੇ ਦੌਰਾਨ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਦਲਿਤ ਭਾਈਚਾਰੇ ਵੱਲੋਂ ਲੁਧਿਆਣਾ, ਜਲੰਧਰ, ਫਗਵਾੜਾ, ਗੁਰਦਾਸਪੁਰ ਅਤੇ ਅੰਮਿ੍ਰਤਸਰ ਵਿਖੇ ਕੀਤੇ ਪ੍ਰਦਰਸ਼ਨਾਂ ਦਰਮਿਆਨ ਮਾਮਲੇ ਦਾ ਨੋਟਿਸ ਲਿਆ ਜਿੱਥੇ ਵੱਖ ਵੱਖ ਸੂਬਾਈ ਮਾਰਗਾਂ ਨੂੰ ਰੋਕਿਆ ਗਿਆ ਜਿਸ ਨਾਲ ਰਾਹਗੀਰਾਂ ਨੂੰ ਪ੍ਰੇਸ਼ਾਨੀ ਹੋਈ। 
ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਏ ਸੁਸਾਇਟੀ ਦੇ ਚੇਅਰਮੈਨ ਸੰਤ ਮਹਿੰਦਰ ਪਾਲ ਪੰਡਵਾ ਦੀ ਅਗਵਾਈ ਵਿਚ ਪ੍ਰਦਰਸ਼ਨਕਾਰੀਆਂ ਨੇ ਜਲੰਧਰ-ਫਗਵਾੜਾ ਰੋਡ ’ਤੇ ਪਿੰਡ ਚੱਕ ਹਕੀਮ ਨੇੜੇ ਸ਼੍ਰੋਮਣੀ ਗੁਰੂ ਰਵਿਦਾਸ ਮੰਦਰ ਦੇ ਸਾਹਮਣੇ ਕੌਮੀ ਮਾਰਗ-1 ’ਤੇ ਵੀ ਆਵਾਜਾਈ ਰੋਕੀ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ