ਨਗਰ ਨਿਗਮ ਕਮਿਸ਼ਨਰ ਅਨੀਤਾ ਦਰਸ਼ੀ ਦੀ ਅਗਵਾਈ ‘ਚ ਨਿਗਮ ਦੇ ਰਿਹਾਇਸ਼ੀ ਕੰਪਲੈਕਸ ਵਿਚ ਪੌਦੇ ਲਗਾਉਣ ਦੀ ਮੁਹਿੰਮ ਆਰੰਭ

ਮੋਗਾ,11 ਅਗਸਤ (ਜਸ਼ਨ): ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਹਰਾ-ਭਰਾ, ਤੰਦਰੁਸਤ ਅਤੇ ਖੁਸ਼ਹਾਲ ਬਣਾਉਣ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਆਮ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਮੋਗਾ ਸ਼ਹਿਰ ਵਿਚ ਜਿੱਥੇ ਵੱਖ ਵੱਖ ਕਲੱਬਾਂ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਪੌਦੇ ਲਗਾਏ ਜਾ ਰਹੇ ਹਨ ਉੱਥੇ ਨਗਰ ਨਿਗਮ ਦੇ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਦੀ ਅਗਵਾਈ ਵਿਚ ਅੱਜ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਰਿਹਾਇਸ਼ੀ ਕੰਪਲੈਕਸ ਵਿਚ ਪੌਦੇ ਲਗਾਉਣ ਦੀ ਮੁਹਿੰਮ ਆਰੰਭ ਕੀਤੀ ਗਈ । ਇਸ ਮੌਕੇ ਕੰਪਲੈਕਸ ਦੀ ਹਦੂਦ ਅੰਦਰ ਅਮਰੂਦ,ਸੁਹੰਝਣਾ, ਔਲੇ ਅਤੇ ਨਿੰਬੂ ਆਦਿ ਦੇ ਪੌਦੇ ਲਗਾਏ ਗਏ । ਇਸ ਮੌਕੇ ਸੰਬੋਧਨ ਕਰਦੇ ਹੋਏ ਏ ਡੀ ਸੀ ਮੈਡਮ ਅਨੀਤਾ ਦਰਸ਼ੀ ਨੇ ਕਿਹਾ ਕਿ ਜੇਕਰ ਆਉਣ ਵਾਲੀਆਂ ਪੀੜੀਆਂ ਨੂੰ ਸ਼ੁੱਧ ਵਾਤਾਵਰਨ ਮੁਹੱਈਆ ਕਰਵਾਉਣਾ ਹੈ ਤਾਂ ਸਾਨੂੰ ਹੁਣ ਤੋਂ ਹੀ ਵੱਧ ਤੋਂ ਵੱਧ ਰੁੱਖ ਲਗਾਉਣੇ ਪੈਣਗੇ ਅਤੇ ਉਨਾਂ ਦੀ ਦੇਖਭਾਲ ਦਾ ਜਿੰਮਾ ਵੀ ਕੌਮੀ ਅਤੇ ਨੈਤਿਕ ਫਰਜ਼ ਸਮਝ ਕੇ ਚੁੱਕਣਾ ਪਵੇਗਾ। ਉਨਾਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਘਰੇਲੂ ਬਗੀਚੀ ਜ਼ਰੂਰ ਬਣਾਉਣ ਤਾਂ ਕਿ ਰੇਹਾਂ ਅਤੇ ਸਪਰੇਆਂ ਤੋਂ ਰਹਿਤ ਸਬਜੀਆਂ ਖਾਣ ਸਦਕਾ ਬੀਮਾਰੀਆਂ ਤੋਂ ਬਚੇ ਰਹਿਣ। ਇਸ ਮੌਕੇ ਇੰਸਪੈਕਟਰ ਗੁਰਚਰਨ ਸਿੰਘ ਮਸਤਾਨਾ ਪੀ ਏ ਟੂ ਕਮਿਸ਼ਨਰ ,ਲੇਖਕ ਪ੍ਰੋ: ਸੁਰਜੀਤ ਸਿੰਘ ਕਾਉਂਕੇ,ਡਾ: ਚਮਨ ਲਾਲ ਸੱਚਦੇਵਾ,ਕੁਲਦੀਪ ਸਿੰਘ ਕੋਮਲ ਸਮਾਜ ਸੇਵੀ,ਸੈਨਟਰੀ ਇੰਸਪੈਕਟਰ ਅਮਰਜੀਤ ਸਿੰਘ ਅਤੇ ਰਜਨੀਸ਼ ਕੁਮਾਰ ਆਦਿ ਹਾਜ਼ਰ ਸਨ।  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ