ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਨੂੰ ਕਰਤਾਰਪੁਰ ਲਾਂਘੇ ਬਾਰੇ ਵਚਨਬੱਧਤਾ ਤੋਂ ਪਿੱਛੇ ਨਾ ਹਟਣ ਦੀ ਅਪੀਲ, ਦੁਵੱਲੇ ਹਿੱਤ ਵਿੱਚ ਅਟਾਰੀ-ਵਾਹਘਾ ਸਰਹੱਦ ’ਤੇ ਵਪਾਰਕ ਸਬੰਧ ਬਹਾਲ ਕਰਨ ਦੀ ਮੰਗ

ਚੰਡੀਗੜ੍ਹ, 11 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :  ਕਰਤਾਰਪੁਰ ਲਾਂਘੇ ਦੇ ਵਿਕਾਸ ਲਈ ਪਾਕਿਸਤਾਨ ਵਿੱਚ ਗਤੀਵਿਧੀਆਂ ਦੀ ਰਫ਼ਤਾਰ ਮੱਠੀ ਹੋਣ ’ਤੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਆਂਢੀ ਮੁਲਕ ਨੂੰ ਇਸ ਅਹਿਮ ਪ੍ਰਾਜੈਕਟ ’ਤੇ ਆਪਣੀ ਵਚਨਬੱਧਤਾ ਤੋਂ ਪਿੱਛੇ ਨਾ ਹਟਣ ਦੀ ਅਪੀਲ ਕੀਤੀ ਹੈ ਜਿਸ ਦੀ ਸਿੱਖ ਭਾਈਚਾਰੇ ਲਈ ਧਾਰਮਿਕ ਤੌਰ ’ਤੇ ਸਭ ਤੋਂ ਵੱਧ ਅਹਿਮੀਅਤ ਹੈ। ਮੁੱਖ ਮੰਤਰੀ ਦਾ ਇਹ ਬਿਆਨ ਕਰਤਾਰਪੁਰ ਲਾਂਘੇ ਬਾਰੇ ਲਏ ਪ੍ਰਮੁੱਖ ਫੈਸਲਿਆਂ ਨੂੰ ਅੰਤਮ ਰੂਪ ਦੇਣ ਲਈ ਮੀਟਿੰਗਾਂ ਕਰਨ ਵਾਸਤੇ ਭਾਰਤ ਵੱਲੋਂ ਪਾਕਿਸਤਾਨ ਨੂੰ ਭੇਜੇ ਯਾਦ ਪੱਤਰ ਦੀਆਂ ਰਿਪੋਰਟਾਂ ਦੇ ਸੰਦਰਭ ਵਿੱਚ ਆਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਨੂੰ ਮਹਿਜ਼ ਤਿੰਨ ਮਹੀਨਿਆਂ ਦਾ ਸਮਾਂ ਬਾਕੀ ਹੈ ਤਾਂ ਇਸ ਸਮੇਂ ਪ੍ਰਾਜੈਕਟ ਦੇ ਵਿਕਾਸ ਦੀ ਰਫ਼ਤਾਰ ਹੌਲੀ ਹੋ ਜਾਣ ਨਾਲ ਇਤਿਹਾਸਕ ਮੌਕੇ ’ਤੇ ਇਹ ਪ੍ਰਾਜੈਕਟ ਅਧੂਰਾ ਰਹਿ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਵੀ ਕਦਮ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਅਤੇ ਖਾਹਿਸ਼ਾਂ ਨੂੰ ਠੇਸ ਪਹੁੰਚੇਗੀ ਜੋ ਇਸ ਪਵਿੱਤਰ ਅਸਥਾਨ ਦਾ ਦੀਦਾਰ ਕਰਨ ਨੂੰ ਲੋਚਦੇ ਹਨ ਜਿੱਥੇ ਪਹਿਲੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਬਹੁਤੇ ਸਾਲ ਗੁਜ਼ਾਰੇ। ਭਾਰਤ ਨਾਲ ਸਫ਼ਾਰਤੀ ਅਤੇ ਵਪਾਰਕ ਸਬੰਧਾਂ ਦਾ ਦਰਜਾ ਘਟਾਉਣ ਦੇ ਫੈਸਲੇ ਦੇ ਮੱਦੇਨਜ਼ਰ ਪਾਕਿਸਤਾਨ ਵੱਲੋਂ ਅਟਾਰੀ-ਵਾਹਘਾ ਸਰਹੱਦ ’ਤੇ ਵਪਾਰ ਰੁਕਣ ਦੇ ਮੁੱਦੇ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿਆਸੀ ਚਿੰਤਾਵਾਂ ਨੂੰ ਕਿਸੇ ਵੀ ਫੈਸਲੇ ਨਾਲ ਘੇਰਿਆ ਨਹੀਂ ਜਾਣਾ ਚਾਹੀਦਾ ਜੋ ਦੋਵਾਂ ਪਾਸਿਆਂ ਦੇ ਲੋਕਾਂ ਲਈ ਹਾਨੀਕਾਰ ਸਿੱਧ ਹੋਵੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਰੋਕ ਪਾਕਿਸਤਾਨ ਵਿੱਚ ਗਰੀਬਾਂ ਲਈ ਟਾਲਣਯੋਗ ਵੱਡਾ ਆਰਥਿਕ ਨੁਕਸਾਨ ਹੋਵੇਗਾ ਕਿਉਂ ਜੋ ਮਾਲ ਨੂੰ ਹੁਣ ਇਰਾਨ ਜਾਂ ਦੁਬਈ ਰਾਹੀਂ ਲੰਮਾ ਸਮੁੰਦਰੀ ਰਸਤਾ ਤੈਅ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਵਪਾਰ ਮੁਅੱਤਲ ਹੋਣ ਨਾਲ ਦੋਵਾਂ ਪਾਸਿਆਂ ’ਤੇ ਵਪਾਰਕ ਬੁਨਿਆਦੀ ਢਾਂਚੇ ’ਤੇ ਤਾਇਨਾਤ ਹਜ਼ਾਰਾਂ ਪੋਰਟਰਾਂ, ਟਰੱਕ/ਰੇਲ ਡਰਾਇਵਰਾਂ, ਸਟਾਫ ਆਦਿ ਦੀਆਂ ਨੌਕਰੀਆਂ ਅਤੇ ਰੋਜ਼ੀ-ਰੋਟੀ ਨੂੰ ਗੰਭੀਰ ਘਾਟਾ ਪਵੇਗਾ।ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਵੱਲੋਂ ਆਪਣੇ ਅੰਦਰੂਨੀ ਮਾਮਲੇ ’ਤੇ ਕੀਤੀ ਗਈ ਕੁਝ ਕਾਰਵਾਈ ਪਿੱਛੋਂ ਪਾਕਿਸਤਾਨ ਦੁਆਰਾ ਇਸ ਦਾ ਬਹਾਨਾ ਬਣਾ ਕੇ ਵਪਾਰ ਰੋਕਣ ਨੂੰ ‘ਸੰਕੀਰਣ’ ਕਦਮ ਕਰਾਰ ਦਿੰਦਿਆਂ ਗੁਆਂਢੀ ਮੁਲਕ ਨੂੰ ਸਰਹੱਦ ਦੇ ਦੋਵੇਂ ਪਾਸਿਆਂ ਦੇ ਲੋਕਾਂ ਦੇ ਹਿੱਤ ਵਿੱਚ ਕਾਰੋਬਾਰ ਦੀ ਮੁਅੱਤਲੀ ਰੱਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ, ਭਾਰਤ-ਪਾਕਿ ਸਰਹੱਦ ’ਤੇ ਅਮਨ-ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਵਿਕਾਸ ਚਾਹੁੰਦਾ ਹੈ ਜਿੱਥੇ ਦੋਵੇਂ ਪਾਸਿਆਂ ਦੇ ਲੋਕਾਂ ਨੂੰ ਲਗਾਤਾਰ ਹਿੰਸਾ ਅਤੇ ਦੁਸ਼ਮਣੀ ਕਾਰਨ ਬਹੁਤ ਨੁਕਸਾਨ ਸਹਿਣਾ ਪਿਆ। ਕਸ਼ਮੀਰ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੂੰ ਇਸ ਮੁੱਦੇ ਨੂੰ ਦੋਵਾਂ ਮੁਲਕਾਂ ਦਰਮਿਆਨ ਕੂਟਨੀਤਿਕ ਅਤੇ ਵਪਾਰਕ ਰਿਸ਼ਤਿਆਂ ਨਾਲ ਨਹੀਂ ਜੋੜਣਾ ਚਾਹੀਦਾ।ਮੁੱਖ ਮੰਤਰੀ ਨੇ ਭਾਰਤ ਸਰਕਾਰ ਨੂੰ ਵਪਾਰਕ ਰਿਸ਼ਤਿਆਂ ਦੀ ਬਹਾਲੀ ਲਈ ਪਾਕਿਸਤਾਨ ’ਤੇ ਦਬਾਅ ਪਾਉਣ ਵਾਸਤੇ ਸਫ਼ਾਰਤੀ ਰਸਤਾ ਖੋਲ੍ਹਣ ਲਈ ਆਖਿਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਰਹੱਦੀ ਸੂਬਿਆਂ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਵਿਕਾਸ ਲਈ ਵਿਸ਼ੇਸ਼ ਆਰਥਿਕ ਪੈਕੇਜ ਐਲਾਨਣ ਦੀ ਅਪੀਲ ਕੀਤੀ ਤਾਂ ਕਿ ਇੱਥੋਂ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਸਿਰਜੇ ਜਾ ਸਕਣ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਰੇ ਸਰਹੱਦੀ ਸੂਬਿਆਂ ਲਈ ਫੌਜ ਵਿੱਚ, ਨੀਮ ਫੌਜੀ ਬਲਾਂ ਅਤੇ ਸੂਬਾ ਪੁਲਿਸ ਵਿੱਚ ਹੋਰ ਬਟਾਲੀਅਨਾਂ ਵਧਾਉਣੀਆਂ ਚਾਹੀਦੀਆਂ ਹਨ।