ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਧਰਤੀ ਨਾਲ ਜੁੜੇ ਹੋਏ ਲੋਕ ਆਗੂ ਸਨ ਜਿਹਨਾਂ ਦਾ ਨਾਮ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ: ਤਿਰਲੋਚਨ ਸਿੰਘ ਗਿੱਲ

ਮੋਗਾ,7 ਅਗਸਤ (ਜਸ਼ਨ): ਸਾਬਕਾ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਦੇ ਅਚਾਨਕ ਸਦੀਵੀ ਵਿਛੋੜੇ ਨਾਲ ਭਾਰਤੀ ਜਨਤਾ ਪਾਰਟੀ  ਦੇ ਨਾਲ ਨਾਲ ਸਮੁੱਚੇ ਦੇਸ਼ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਸਿਆਸੀ ਖੇਤਰ ਵਿਚ ਪੈਦਾ ਹੋਏ ਖੱਪੇ ਨੂੰ ਸ਼ਾਇਦ ਕਦੇ ਵੀ ਨਾ ਭਰਿਆ ਜਾ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਸਟੇਟ ਕਾਰਜਕਾਰਨੀ ਮੈਂਬਰ ਅਤੇ ਸਾਬਕਾ ਜ਼ਿਲਾ ਪ੍ਰਧਾਨ ਤਿਰਲੋਚਨ ਸਿੰਘ ਗਿੱਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਆਖਿਆ ਕਿ ਮੈਡਮ ਸੁਸ਼ਮਾ ਸਵਰਾਜ ਅਜਿਹੇ ਗਤੀਸ਼ੀਲ ਅਤੇ ਸੰਵੇਦਨਸ਼ੀਲ ਆਗੂ ਸਨ ਜਿਹਨਾਂ ਨੇ ਆਪਣੇ ਵਿਦਿਆਰਥੀ ਜੀਵਨ ਦੌਰਾਨ ਭਾਸ਼ਨ ਮੁਕਾਬਲਿਆਂ ਵਿਚ ਰਾਜ ਪੱਧਰ ਦੀਆਂ ਜਿੱਤਾਂ ਪ੍ਰਾਪਤ ਕਰਨ ਨਾਲ ਇਤਿਹਾਸ ਸਿਰਜਣਾ ਸ਼ੁਰੂ ਕੀਤਾ ਤੇ ਫਿਰ ਭਾਰਤੀ ਰਾਜਨੀਤੀ ਦੇ ਇਤਿਹਾਸ ਵਿਚ ਸੁਨਹਿਰੀ ਪੰਨੇ ਦਰਜ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਤੇ ਭਾਰਤ ਦੇ ਵਿਦੇਸ਼ ਮੰਤਰੀ ਜਾਂ ਫਿਰ ਸੂਚਨਾ ਤੇ ਪ੍ਰਸਾਰਨ ਮੰਤਰੀ ਵਰਗੇ ਅਹੁਦਿਆਂ ਦੀ ਸ਼ਾਨ ਵਧਾਈ । ਉਹਨਾਂ ਆਖਿਆ ਕਿ ਅੱਜ ਜਦੋਂ ਦੇਸ਼ ਸੋਗਵਾਨ ਹੈ ਅਤੇ ਭਾਜਪਾ ਦੇ ਨਾਲ ਨਾਲ ਹੋਰਨਾਂ ਪਾਰਟੀਆਂ ਅਤੇ ਸਮੁੱਚੇ ਦੇਸ਼ ਵਾਸੀਆਂ ਦੇ ਨਾਲ ਨਾਲ ਹੋਰਨਾਂ ਦੇਸ਼ਾਂ ਵੱਲੋਂ ਮੈਡਮ ਸੁਸ਼ਮਾ ਸਵਰਾਜ ਦੇ ਦੇਹਾਂਤ ’ਤੇ  ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹੈ ,ਇਸ ਤੋਂ ਸਪੱਸ਼ਟ ਹੈ ਕਿ ਮੈਡਮ ਸੁਸ਼ਮਾ ਸਵਰਾਜ ਸੱਚਮੁੱਚ ਧਰਤੀ ਨਾਲ ਜੁੜੇ ਹੋਏ ਲੋਕ ਆਗੂ ਸਨ ਜਿਹਨਾਂ ਦਾ ਨਾਮ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ।