ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ, ਦੋ ਜ਼ਖਮੀ

Tags: 

ਮੋਗਾ/ਧਰਮਕੋਟ, 6 ਅਗਸਤ (ਜਸ਼ਨ):ਬੀਤੀ ਰਾਤ ਮੋਗਾ ਦੇ ਕਸਬੇ ਧਰਮਕੋਟ ਨੇੜੇ ਮੋਗਾ ਜਲੰਧਰ ਰੋਡ ’ਤੇ ਵਾਪਰੇ ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਘਟਨਾ ਉਸ ਸਮੇਂ ਵਾਪਰੀ ਜਦੋਂ ਚਾਰ ਨੌਜਵਾਨਾਂ ਦੀ ਕਾਰ ਅਵਾਰਾ ਪਸ਼ੂ ਨਾਲ ਟਕਰਾ ਗਈ । ਇਹਨਾਂ ਚਾਰਾਂ ਵਿਚੋਂ ਕੋਟਈਸੇ ਖਾਂ ਕਸਬੇ ਤੋਂ ਦੋ ਸਕੇ ਭਰਾ ਅਤੇ ਉਹਨਾਂ ਦਾ ਇਕ ਚਚੇਰਾ ਭਰਾ ਜਦਕਿ ਧਰਮਕੋਟ ਕਸਬੇ ਨਾਲ ਸਬੰਧਤ ਇਕ ਦੋਸਤ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਇਨਾਂ ਨੌਜਵਾਨਾਂ ਦੀ ਕਾਰ ਇਕ ਆਵਾਰਾ ਪਸ਼ੂ ਨਾਲ ਟਕਰਾਉਣ ਤੋਂ ਬਾਅਦ ਸੜਕ ’ਤੇ ਖੜੇ ਟਰੱਕ ਦੇ ਪਿੱਛੇ ਜਾ ਵੜੀ ਅਤੇ ਦੋ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਬਾਕੀ ਦੋਹਾਂ ਨੂੰ ਮੋਗਾ ਦੇ ਸਰਕਾਰੀ ਅਤੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮਿ੍ਰਤਕਾਂ ਦੀ ਪਹਿਚਾਣ ਅਜੇਪਾਲ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਮੂਸੇ ਵਾਲਾ ਅਤੇ ਵਿਕਾਸ ਅਰੋੜਾ ਪੁੱਤਰ ਕੀਮਤੀ ਲਾਲ ਵਾਸੀ ਕੋਟ ਈਸੇ ਖਾਂ ਵਜੋਂ ਹੋਈ ਹੈ, ਜਦਕਿ ਮਿ੍ਰਤਕ ਵਿਕਾਸ ਅਰੋੜਾ ਦਾ ਛੋਟਾ ਭਰਾ ਮੋਹਿਤ ਅਰੋੜਾ ਅਤੇ ਚਚੇਰਾ ਭਰਾ ਮਨੋਜ ਅਰੋੜਾ ਵਾਸੀ ਕੋਟ ਈਸੇ ਖਾਂ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ। ਜਾਣਕਾਰੀ ਮੁਤਾਬਕ ਬੀਤੀ ਰਾਤ 10 ਵਜੇ ਦੇ ਕਰੀਬ ਇਨਾਂ ਨੌਜਵਾਨਾਂ ਦੀ ਕਾਰ ਇੱਕ ਆਵਾਰਾ ਪਸ਼ੂ ਨਾਲ ਟਕਰਾਉਣ ਤੋਂ ਬਾਅਦ ਖੜੇ ਟਰੱਕ ਦੇ ਪਿੱਛੇ ਜਾ ਵੜੀ। ਜ਼ਿਕਰਯੋਗ ਹੈ ਕਿ 2017 ਦੀ 6 ਅਗਸਤ ਨੂੰ ਹੀ ਕੋਟ ਈਸੇ ਖਾਂ ਦੇ 4 ਨੌਜਵਾਨਾਂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਇਤਫ਼ਾਕ ਨਾਲ ਇਹ ਹਾਦਸਾ ਵੀ 6 ਅਗਸਤ ਨੂੰ ਹੀ ਉਸੇ ਸਮੇਂ ਵਾਪਰਨ ਕਾਰਨ ਸ਼ਹਿਰ ਅੰਦਰ ਇੱਕ ਵਾਰ ਫਿਰ ਸੋਗ ਦੀ ਲਹਿਰ ਦੌੜ ਗਈ ਹੈ।   ਚੇਅਰਮੈਨ ਵਿਜੇ ਧੀਰ  ਅਤੇ ਕੌਂਸਲਰ ਸੁਮਿਤ ਕੁਮਾਰ ਬਿੱਟੂ ਮਲਹੋਤਰਾ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਇਸ ਹਾਦਸੇ ਨਾਲ ਕੋਟਈਸੇ ਖਾਂ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਉਹਨਾਂ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਦੁੱਖ ਦੀ ਇਸ ਘੜੀ ਵਿਚ ਸਮੁੱਚੇ ਇਲਾਕਾ ਨਿਵਾਸੀ ਪਰਿਵਾਰਾਂ ਨਾਲ ਖੜੇ ਹਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ