ਫੌਜੀ ਭਰਤੀ ਲਈ ਆਏ ਨੌਜਵਾਨਾਂ ’ਤੇ ਡਿੱਗੀ ਕੰਧ ਅਤੇ ਹਾਈ ਵੋਲਟੇਜ ਤਾਰ,27 ਨੌਜਵਾਨ ਜ਼ਖਮੀ, ਮੋਗਾ,ਜਲੰਧਰ,ਹੁਸ਼ਿਆਰਪੁਰ,ਰੂਪਨਗਰ ,ਪਠਾਨਕੋਟ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨੌਜਵਾਨ ਭਾਗ ਲੈਣ ਲਈ ਸਨ ਪਹੁੰਚੇ

Tags: 

ਜਲੰਧਰ,5 ਅਗਸਤ (ਜਸ਼ਨ): ਬੇਰੋਜ਼ਗਾਰੀ ਨਾਲ ਜੂਝ ਰਹੀ ਪੰਜਾਬ ਦੀ ਜਵਾਨੀ ਨੂੰ ਨਿਤ ਨਵੀਆਂ ਚੁਣੌਤੀਆਂ ਨਾਲ ਦੋ ਚਾਰ ਹੋਣਾ ਪੈ ਰਿਹੈ । ਇਹ ਨੌਜਵਾਨ ਪਰੇਸ਼ਾਨੀ ਦੇ ਆਲਮ ਵਿਚ ਕਦੇ ਚਿੱਟੇ ਦੇ ਵਪਾਰੀਆਂ ਦੇ ਸ਼ਿਕਾਰ ਬਣ ਜਾਂਦੇ ਨੇ ਤੇ ਕਦੇ ਸੌੜੀ ਸਿਆਸਤ ਦੀ ਭੇਂਟ ਚੜਦਿਆਂ ਗੈਂਗਸਟਰਾਂ ਦੇ ਗੁਰੁੱਪਾਂ ‘ਚ ਜਾ ਰਲਦੇ ਨੇ। ਰੁਜ਼ਗਾਰ ਦੀ ਤਲਾਸ਼ ਵਿੱਚ ਵਿਦੇਸ਼ੀ ਜਾਣ ਲੱਗਿਆਂ ਕਦੇ ਇਨਾਂ ਦੀਆਂ ਲਾਸ਼ਾਂ ਸਮੁੰਦਰਾਂ ਚ ਪੈਰ ਦੀਆਂ ਮਿਲਦੀਆਂ ਨੇ ਤੇ ਕਦੇ ਵੱਖ ਵੱਖ ਦੇਸ਼ਾਂ ਦੀਆਂ ਜੇਲਾਂ ਵਿੱਚ ਕਈ ਕਈ ਸਾਲ ਬਿਤਾਉਂਦੇ ਦਿੱਸਦੇ ਨੇ ਪੰਜਾਬੀ। ਅੱਜ ਵੀ ਇਹਨਾਂ ਨੌਜਵਾਨਾਂ ਨੂੰ ਨੌਕਰੀ ਮਿਲਣ ਦੀ ਆਸ ਦੀ ਕਿਰਨ ਦਿਖਾਈ ਦਿੱਤੀ ਪਰ ਸਿਸਟਮ ਦੀ ਅਣਗਹਿਲੀ ਕਾਰਨ ਇਹ ਨੌਕਰੀ ਵੀ ਇਹਨਾਂ ਦੀ ਜਾਨ ’ਤੇ ਬਣ ਆਈ । ਦਰਅਸਲ ਹਵਾਈ ਫ਼ੌਜ ਵਿਚ ਭਰਤੀ ਹੋਣ ਲਈ ਜਲੰਧਰ ਦੀ ਪੀ ਏ ਪੀ ‘ਚ ਪਹੁੰਚੇ ਹਜ਼ਾਰਾਂ ਨੌਜਵਾਨਾਂ ਵਿਚੋਂ ਡੇਢ ਦਰਜਨ ਦੇ ਕਰੀਬ ਨੌਜਵਾਨ ਬਿਜਲੀ ਦੀ ਹਾਈ ਵੋਲਟੇਜ ਤਾਰ ਡਿੱਗਣ ਕਾਰਨ ਜ਼ਖਮੀ ਹੋ ਗਏ ਜਿਹਨਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਭਰਤੀ ਪਰਿਕਿਰਿਆ ਲਈ ਮੋਗਾ,ਜਲੰਧਰ,ਹੁਸ਼ਿਆਰਪੁਰ,ਰੂਪਨਗਰ ,ਪਠਾਨਕੋਟ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨੌਜਵਾਨ ਭਾਗ ਲੈਣ ਲਈ ਪਹੁੰਚੇ ਸਨ।  ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਏਅਰ ਫੋਰਸ ਦੀ ਭਰਤੀ ਪਰਿਕਿਰਿਆ ‘ਚ ਭਾਗ ਲੈਣ ਇਹ ਨੌਜਵਾਨ ਵੱਡੀ ਗਿਣਤੀ ਵਿਚ ਪੁੱਜੇ ਹੋਏ ਸਨ । ਇਸ ਘਟਨਾ ਤੋਂ ਬਾਅਦ ਦਹਿਸ਼ਤ ਵਿਚ ਆਏ ਨੌਜਵਾਨਾਂ ਨੇ ਇਲਜ਼ਾਮ ਲਗਾਇਆ ਕਿ ਹਵਾਈ ਫ਼ੌਜ ਵਿਚ ਭਰਤੀ ਹੋਣ ਆਏ ਨੌਜਵਾਨਾਂ ਲਈ ਕੋਈ ਵੀ ਪ੍ਰਬੰਧ ਨਹੀ ਸੀ ਕੀਤਾ ਗਿਆ, ਜਿਸ ਕਾਰਨ ਕੋਈ ਚੌਰਾਹੇ ਵਿਚ ਸੌਂ ਗਿਆ ਤੇ ਕੋਈ ਮੈਦਾਨ ਵਿਚ। ਸੋਸ਼ਲ ਮੀਡੀਆ ਤੇ ਪਈ ਲਿਸਟ ਮੁਤਾਬਿਕ 27 ਨੌਜਵਾਨ ਜ਼ਖਮੀ ਹੋਏ ਹਨ ਜਿਨਾਂ ਵਿੱਚੋਂ ਬਹੁਤਿਆਂ ਨੂੰ ਕਰੰਟ ਲੱਗਾ ਹੈ ਅਤੇ ਕੰਧ ਡਿੱਗਣ ਨਾਲ ਸਿਰ ਲੱਤਾਂ ਬਾਹਵਾਂ ਤੇ ਹੋਰਨਾਂ ਅੰਗਾਂ ਤੇ ਸੱਟਾਂ ਲੱਗੀਆਂ ਹਨ । ਇਨਾਂ ਜਖਮੀਆਂ ਵਿੱਚੋਂ ਦੋ ਨੌਜਵਾਨਾਂ ਨੇ ਸਾਡਾ ਮੋਗਾ’ ਡਾਟ ਕਾਮ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਭਰਤੀ ਦਾ ਸਮਾਂ ਸਵੇਰੇ ਤੜਕੇ ਪੰਜ ਵਜੇ ਹੋਣ ਕਰਕੇ ਬਹੁਤੇ ਨੌਜਵਾਨ ਬੀਤੀ ਰਾਤ ਹੀ ਜਲੰਧਰ ਆ ਗਏ ਸਨ ਅਤੇ ਸੜਕ ਦੇ ਕਿਨਾਰਿਆਂ ਤੇ ਹੀ ਸੁੱਤੇ ਪਰ ਸਵੇਰ ਵੇਲੇ ਫੌਜੀ ਅਧਿਕਾਰੀਆਂ ਨੇ ਲਾਈਨ ਵਿੱਚ ਖੜੇ ਹੋਣ ਲਈ ਕਿਹਾ ਪਰ ਭੀੜ ਜ਼ਿਆਦਾ ਹੋਣ ਕਰਕੇ ਅਤੇ ਲੇਟ ਆਏ ਨੌਜਵਾਨਾਂ ਵੱਲੋਂ ਲਾਈਨ ਵਿੱਚ ਧੁੱਸ ਦੇ ਕੇ ਵੜਨ ਦੀ ਕੋਸ਼ਿਸ਼ ਕਰਨ ਕਰਕੇ ਸਮੁੱਚਾ ਮਾਹੌਲ ਅਸਤਵਿਅਸਤ ਹੋ ਗਿਆ। ਇਸੇ ਦੌਰਾਨ ਧੱਕੇ ਵੱਜਣ ਕਰਕੇ ਪੁਲਿਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ ਜਿਸ ਨਾਲ ਭਾਜੜ ਪੈ ਗਈ ਅਤੇ ਨੌਜਵਾਨ ਪੀਏਪੀ ਕੰਪਲੈਕਸ ਦੀ ਕੰਧ ਨਾਲ ਜਾ ਟਕਰਾਏ ਅਤੇ ਇਸੇ ਦਬਾਅ ਕਾਰਨ ਹੀ ਕੰਧ ਡਿੱਗ ਪਈ ।  ਕੰਧ ਡਿੱਗਦਿਆਂ ਹੀ ਉਸ ਉੱਪਰ ਲੱਗੀ ਸਿਕੋਰਟੀ ਵਾਲੀ  ਬਿਜਲੀ ਦੀ ਹਾਈ ਵੋਲਟੇਜ ਤਾਰ ਵੀ ਨੌਜਵਾਨਾਂ ਉੱਪਰ ਡਿੱਗ ਪਈ। ਹਾਦਸੇ ਤੋਂ ਬਾਅਦ ਜ਼ਖਮੀ ਹੋਏ ਨੌਜਵਾਨਾਂ ਨੂੰ ਸਿਵਲ ਹਸਪਤਾਲ ਅਤੇ ਨਿੱਜੀ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ। ਨੌਜਵਾਨਾਂ ਦਾ ਇਹ ਵੀ ਦੋਸ਼ ਹੈ ਕਿ ਉਨਾਂ ਨੂੰ ਭਰਤੀ ਲਈ ਬੁਲਾ ਤਾਂ ਲਿਆ ਗਿਆ ਪਰ ਉਹਨਾਂ ਦੇ ਰਹਿਣ ਦੀ ਕੋਈ ਵਿਵਸਥਾ ਨਹੀ ਕੀਤੀ ਗਈ, ਜਦਕਿ ਹਾਦਸੇ ਤੋਂ ਬਾਅਦ ਵੀ ਉਨਾਂ ਦੀ ਕੋਈ ਮਦਦ ਨਹੀ ਕੀਤੀ ਗਈ ਤੇ ਭਰਤੀ ਹੋਣ ਆਏ ਹੋਰਨਾਂ ਨੌਜਵਾਨਾਂ ਨੇ ਹੀ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ । ਇਸ ਸਬੰਧੀ ਵਾਇਰਲ ਹੋ ਰਹੀ  ਵੀਡੀਓ ਤੋਂ ਇਹ ਹਾਦਸਾ ਬੇਹੱਦ ਗੰਭੀਰ ਜਾਪ ਰਿਹਾ ਹੈ ਜਿਸ ਕਰਕੇ ਭਰਤੀ ਹੋਣ ਗਏ ਨੌਜਵਾਨਾਂ ਦੇ ਮਾਪਿਆਂ ਵਿਚ ਸਹਿਮ ਦਾ ਮਾਹੌਲ ਹੈ। ਜ਼ਖਮੀਆਂ ਦਾ ਆਖਣਾ ਹੈ ਕਿ ਲਗਾਤਾਰ ਕਰੰਟ ਵੱਜਣ ਕਾਰਨ ਉਹ ਹੁਣ ਤੱਕ ਵੀ ਸੁੰਨ ਮਹਿਸੂਸ ਕਰ ਰਹੇ ਹਨ।  ਗੁਪਤ ਸੂਤਰਾਂ ਮੁਤਾਬਕ ਦੋ ਨੌਜਵਾਨਾਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਸਾਰੇ ਘਟਨਾਕ੍ਰਮ ਦਾ ਦੁਖਦਾਈ ਪਹਿਲੂ ਇਹ ਹੈ ਕਿ ਇਹ ਭਰਤੀ ਜ਼ਿਲਿਆਂ ਦੀ ਵੰਡ ਕਰਕੇ ਕੀਤੀ ਗਈ ਸੀ ਅਤੇ ਪ੍ਰਚਾਰ ਕਰਨ ਕਰਨ ਲਈ ਜ਼ਿਲਾ ਰੁਜ਼ਗਾਰ ਦਫ਼ਤਰਾਂ ਨੂੰ ਕਿਹਾ ਗਿਆ ਸੀ ਪਰ ਡਿਜੀਟਲ ਇੰਡੀਆ ਦਾ ਢਿਡੋਰਾ ਪਿੱਟਣ ਵਾਲੀਆਂ ਸਰਕਾਰਾਂ ਨੇ ਇਸ ਭਰਤੀ ਪ੍ਰਕਿਰਿਆ ਲਈ ਆਨਲਾਈਨ ਅਪਲਾਈ ਨਹੀਂ ਕਰਵਾਇਆ ਇਸੇ ਕਰਕੇ ਕੁੱਲ ਕਿੰਨੇ ਨੌਜਵਾਨ ਭਰਤੀ ਲਈ ਪਹੁੰਚਣਗੇ ਕਿਸੇ ਨੂੰ ਪਤਾ ਨਹੀਂ ਸੀ । ਇੰਜ ਸਰਕਾਰ ਦੀ ਪੂਰੀ ਤਰਾਂ ਅਣਗਹਿਲੀ ਸਾਹਮਣੇ ਆ ਗਈ ਹੈ । ਭਰਤੀ ਹੋਣ ਵਾਲੇ ਨੌਜਵਾਨਾਂ ਨਾਲ ਵਾਪਰੀ ਇਸ ਘਟਨਾ ਨੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਭਵਿੱਖ ਵਿਚ ਜਿੱਥੇ ਫੌਜ ਵੱਲੋਂ ਅਜਿਹੀ ਭਰਤੀ ਪ੍ਰਕਿਰਿਆ ਪ੍ਰਤੀ ਨੌਜਵਾਨਾਂ ਵਿੱਚ ਰੁਚੀ ਘਟੇਗੀ ਉੱਥੇ ਦੇਸ਼ ਵਿੱਚ ਵਾਰ ਵਾਰ ਅਜਿਹੀਆਂ ਘਟਨਾਵਾਂ ਵਾਪਰਨ ਕਰਕੇ ਸਰਕਾਰਾਂ ਦੀ ਅਣਗਹਿਲੀ ਤੋਂ ਵੀ ਲੋਕਾਂ ਅੰਦਰ ਆਕ੍ਰੋਸ਼ ਵਧੇਗਾ  ।   ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ