ਕਨੇਡਾ ਦੇ ਲੰਗਾਰਾ ਕਾਲਜ ਦੇ ਨੁਮਾਇੰਦਿਆਂ ਨੇ ਕੀਤਾ ਮਾਊਂਟ ਲਿਟਰਾ ਜ਼ੀ ਸਕੂਲ ਦਾ ਦੌਰਾ

ਮੋਗਾ,29 ਜੁਲਾਈ (ਜਸ਼ਨ): ਕਨੇਡਾ ਦੇ ਵੈਨਕੂਵਰ ਸ਼ਹਿਰ ‘ਚ ਸਥਿਤ ਨਾਮਵਰ ਸਿੱਖਿਆ ਸੰਸਥਾ ‘ਲੰਗਾਰਾ ਕਾਲਜ’ ਦੀ ਟੀਮ ਨੇ ਕਰਨਵੀਰ ਸਿੰਘ ਦੀ ਅਗਵਾਈ ਹੇਠ ਮਾਲਵਾ ਖਿੱਤੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਮਾਊਂਟ ਲਿਟਰਾ ਜ਼ੀ ਸਕੂਲ ਦਾ ਦੌਰਾ ਕੀਤਾ। ਉਹਨਾਂ ਸਕੂਲ ਦਾ ਦੌਰਾ ਕਰਨ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਊਂਟ ਲਿਟਰਾ ਜ਼ੀ ਸਕੂਲ ਮਾਲਵਾ ਖ਼ੇਤਰ ਦਾ ਮਹਿਜ਼ ਇੱਕੋ ਇੱਕ ਸਕੂਲ ਹੈ ਜਿਸ ਦੇ ਵਿਦਿਆਰਥੀ ਕਨੇਡਾ ਅਤੇ ਅਮਰੀਕਾ ਵਿਖੇ ਯੂਨੀਵਰਸਿਟੀ ਵਿਚ ਸਿੱਧਾ ਦਾਖਲਾ ਲੈ ਸਕਦੇ ਹਨ ਕਿਉਂਕਿ ਲੰਗਾਰਾ ਕਾਲਜ ਦਾ ਮਾਊਂਟ ਲਿਟਰਾ ਜ਼ੀ ਸਕੂਲ ਨਾਲ ਸਮਝੌਤਾ ਸਹੀਬੱਧ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਸਕੂਲ ‘ਚ ਹੋਏ ਵਿਸ਼ੇਸ਼ ਸੈਮੀਨਾਰ ਦੌਰਾਨ ਲੰਗਾਰਾ ਕਾਲਜ ਤੋਂ ਆਈ ਟੀਮ ਨੇ ਵਿਦਿਆਰਥੀਆਂ ਨੂੰ ਵਿਦੇਸ਼ਾਂ ‘ਚ ਸਿੱਖਿਆ ਹਾਸਿਲ ਕਰਨ ਦੇ ਨਾਲ ਨਾਲ ਕਾਲਜ ਵਲੋਂ ਮੁਹੱਈਆ ਕਰਵਾਏ ਜਾ ਰਹੇ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ । ਇਸ ਮੌਕੇ ਕਰਨਵੀਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਇਸ ਸੰਸਥਾ ਵਿਚ ਪੜਾਈ ਕਰ ਰਹੇ ਵਿਦਿਆਰਥੀ ਪਹਿਲਾਂ ਵੀ ਅਮਰੀਕਾ ਅਤੇ ਕਨੇਡਾ ਦਾ ਦੌਰਾ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਵਿਦਿਆਰਥੀ ਉੱਚ ਵਿੱਦਿਆ ਪ੍ਰਾਪਤੀ ਉਪਰੰਤ ਵਿਦੇਸ਼ਾਂ ਵਿਚ ਸਥਾਪਿਤ ਹੋ ਸਕਦੇ ਹਨ । ਇਸ ਮੌਕੇ ਮਾਊਂਟ ਲਿਟਰਾ ਜ਼ੀ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਅਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਕਿਹਾ ਕਿ ਮਾਊਂਟ ਲਿਟਰਾ ਜ਼ੀ ਸਕੂਲ ਵਿਚ ਵਿਦਿਆਰਥੀਆਂ ਨੂੰ ਵਿਦੇਸ਼ੀ ਪੱਧਰ ਦੀ ਪੜਾਈ ਕਰਵਾਉਣ ਲਈ ਸਿੱਖਿਆ ਦੇ ਬੁਨਿਆਦੀ ਢਾਂਚੇ ਦੇ ਨਾਲ ਨਾਲ ਆਧੁਨਿਕ ਅਧਿਐਨ ਦੀਆਂ ਵਿਧੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਮੇਂ ਸਮੇਂ ਤੇ ਵਿਦੇਸ਼ ਭੇਜਣ ਲਈ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ ਜਿਸ ਸਦਕਾ ਵਿਦਿਆਰਥੀ ਵਿਦੇਸ਼ ਜਾ ਕੇ ਉੱਚ ਸਿੱਖਿਆ ਲੈਣ ਦਾ ਆਪਣਾ ਸੁਪਨਾ ਸਾਕਾਰ ਕਰ ਰਹੇ ਹਨ।

ਮਾਊਂਟ ਲਿਟਰਾ ਜ਼ੀ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਨੇ ਆਈ ਟੀਮ ਦਾ ਸਕੂਲ ਪੁੱਜਣ ਅਤੇ ਵਿਦਿਆਰਥੀਆਂ ਨੂੰ ਵੱਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ।