ਪਟਿਆਲਾ ਵਿਖੇ ਖੇਡ ਯੂਨੀਵਰਸਿਟੀ ਵਿੱਚ ਦਾਖ਼ਲੇ ਲਈ ਮੈਦਾਨ ਪੱਧਰਾ,ਸੂਬੇ ਦੀ ਪਹਿਲੀ ਖੇਡ ਯੂਨੀਵਰਸਿਟੀ ਲਈ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਮੁੱਖ ਮੰਤਰੀ ਦਾ ਧੰਨਵਾਦ

ਚੰਡੀਗੜ, 23 ਜੁਲਾਈ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਦੇ ਖੇਡ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪਟਿਆਲਾ ਵਿਖੇ ਅਤਿ ਆਧੁਨਿਕ ਖੇਡ ਯੂਨੀਵਰਸਿਟੀ ਦੀ ਸਥਾਪਨਾ ਦੇ ਸੁਪਨਮਈ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਰਾਣਾ ਸੋਢੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਇਹ ਪੰਜਾਬ ਦੀ ਪਹਿਲੀ ਖੇਡ ਯੂਨੀਵਰਸਿਟੀ ਹੋਵੇਗੀ ਸੂਬੇ ਭਰ ਵਿੱਚ ਖੇਡ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਮੀਲ ਪੱਥਰ ਸਾਬਤ ਹੋਵੇਗੀ। ਇਸ ਤੋਂ ਇਲਾਵਾ ਇਹ ਯੂਨੀਵਰਸਿਟੀ ਨਵੇਂ ਉੱਭਰ ਰਹੇ ਖਿਡਾਰੀਆਂ ਲਈ ਕੌਮਾਂਤਰੀ ਮਾਪਦੰਡਾਂ ਮੁਤਾਬਕ ਸਿਖਲਾਈ ਲੈਣ ਵਿੱਚ ਸਹਾਈ ਹੋਵੇਗੀ ਤਾਂ ਜੋ ਖਿਡਾਰੀ ਓਲੰਪਿਕ ਵਰਗੇ ਆਲਮੀ ਈਵੈਂਟਾਂ ਵਿੱਚ ਦੇਸ਼ ਲਈ ਤਮਗੇ ਜਿੱਤ ਸਕਣ। ਜ਼ਿਕਰਯੋਗ ਹੈ ਕਿ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੱਲੋਂ 19 ਜੁਲਾਈ,2019 ਨੂੰ ਭਾਰਤੀ ਸੰਵਿਧਾਨ ਦੇ ਆਰਟੀਕਲ 213 ਦੇ ਕਲਾਜ਼ (1) ਤਹਿਤ ‘ਪੰਜਾਬ ਖੇਡ ਯੂਨੀਵਰਸਿਟੀ ਆਰਡੀਨੈਂਸ-2019’ ਦੀ ਘੋਸ਼ਣਾ ਦੇ ਮੱਦੇਨਜ਼ਰ ਜ਼ਰੂਰੀ ਨੋਟੀਫਿਕੇਸ਼ਨ ਕੱਲ ਜਾਰੀ ਕੀਤਾ ਗਿਆ ਹੈ। ਇਸ ਨਾਲ ਸਤੰਬਰ 2019 ਤੋਂ ਇਸ ਯੂਨੀਵਰਸਿਟੀ ਵਿੱਚ ਦਾਖ਼ਲਾ ਪ੍ਰਕਿਰਿਆ ਸ਼ੁਰੂ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ ਜਿਵੇਂ ਕਿ ਪਿਛਲੇ ਮਹੀਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ  ਸਟੀਰਿੰਗ ਕਮੇਟੀ ਦੀ ਉੱਚ ਪੱਧਰੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਸੀ। ਇਸ ਯੂਨੀਵਰਸਿਟੀ ਦੀ ਸਥਾਪਨਾ ਖੇਡ ਵਿਗਿਆਨ, ਖੇਡ ਤਕਨਾਲੋਜੀ, ਖੇਡ ਮੈਨੇਜਮੈਂਟ ਅਤੇ ਸਪੋਰਟਸ ਕੋਚਿੰਗ ਦੇ ਖੇਤਰਾਂ ਵਿੱਚ ਸਿੱਖਿਆ ਨੂੰ ਹੁਲਾਰਾ ਦੇਣ ਲਈ ਕੀਤੀ ਜਾ ਰਹੀ ਹੈ।  ਇਹ ਖੇਡਾਂ ਨਾਲ ਸਬੰਧਤ ਉੱਚ ਮਿਆਰੀ ਬੁਨਿਆਦੀ ਢਾਂਚੇ ’ਤੇ ਆਧਾਰਤ ਸਿੱਖਿਆ, ਸਿਖਲਾਈ ਅਤੇ ਖੋਜ ਦੇ ਖੇਤਰਾਂ ’ਤੇ ਧਿਆਨ ਕੇਂਦਰਿਤ ਕਰੇਗੀ। ਇਸ ਤੋਂ ਇਲਾਵਾ ਇਹ ਸਰੀਰਕ ਸਿੱਖਿਆ ਅਤੇ ਖੇਡ ਵਿਗਿਆਨ ਦੇ ਖੇਤਰਾਂ ਵਿੱਚ ਹੋਰ ਸੰਸਥਾਵਾਂ ਦੀ  ਪੇਸ਼ੇਵਰ ਅਤੇ ਅਕਾਦਮਿਕ ਅਗਵਾਈ ਕਰੇਗੀ।ਇਹ ਯੂਨੀਵਰਸਿਟੀ ਉੱਚ ਪੱਧਰੀ ਤੇ ਹੋਰ ਹੁਨਰਮੰਦ ਖਿਡਾਰੀਆਂ ਲਈ ਸੈਂਟਰ ਆਫ਼ ਐਕਸੀਲੈਂਸ ਵਜੋਂ ਕਾਰਜ ਕਰੇਗੀ ਅਤੇ ਨਵੀਆਂ ਕਾਢਾਂ ਤੇ ਖੋਜਾਂ ਨੂੰ ਬੜਾਵਾ ਦੇਵੇਗੀ। ਇਹ ਯੂਨੀਵਰਸਿਟੀ ਸਾਰੀਆਂ ਖੇਡਾਂ ਲਈ ਖੇਡ ਤਕਨਾਲੋਜੀ ਅਤੇ ਉੱਚ ਪੱਧਰੀ ਸਿਖਲਾਈ ਦੇ ਖੇਤਰਾਂ ਵਿਚ ਵਿਭਿੰਨ ਪੱਧਰਾਂ ’ਤੇ ਗਿਆਨ ਅਤੇ ਯੋਗਤਾਵਾਂ ਦੇ ਵਿਕਾਸ ਲਈ ਮੌਕੇ ਪ੍ਰਦਾਨ ਕਰੇਗੀ।ਕਾਬਲੇਗੌਰ ਹੈ ਕਿ ਮੁੱਖ ਮੰਤਰੀ ਨੇ 19 ਜੂਨ 2017 ਨੂੰ ਪੰਜਾਬ ਵਿਧਾਨ ਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਖੇਡ ਯੂਨੀਵਰਸਿਟੀ ਸਥਾਪਤ ਕਰਨ ਦਾ ਐਲਾਨ ਕੀਤਾ ਸੀ। ਇਸ ਮੰਤਵ ਲਈ ਅਜਿਹੀ ਅੰਤਰਾਸ਼ਟਰੀ ਪੱਧਰ ਦੀ ਖੇਡ ਯੂਨੀਵਰਸਿਟੀ ਸਥਾਪਤ ਕਰਨ ਲਈ  ਓਲੰਪੀਅਨ ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਮੈਂਬਰ ਰਣਧੀਰ ਸਿੰਘ ਦੀ ਅਗਵਾਈ ਹੇਠ ਇੱਕ ਸਟੀਰਿੰਗ ਕਮੇਟੀ ਗਠਿਤ ਕੀਤੀ ਗਈ। ਪੰਜਾਬ ਮੰਤਰੀ ਮੰਡਲ ਵੱਲੋਂ 6 ਜੂਨ, 2019 ਨੂੰ ਪੰਜਾਬ ਖੇਡ ਯੂਨੀਵਰਸਿਟੀ ਆਰਡੀਨੈਂਸ-2019 ਨੂੰ ਮਨਜ਼ੂਰੀ ਦੇਣ ਨਾਲ ਇਸ ਖੇਡ ਯੂਨੀਵਰਸਿਟੀ ਦੀ ਸਥਾਪਨਾ ਲਈ ਰਾਹ ਪੱਧਰਾ ਹੋ ਗਿਆ।