ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਨਵ ਨਿਯੁਕਤ ਕੋਆਪਰੇਟਿਵ ਇੰਸਪੈਕਟਰਾਂ ਨੂੰ ਸਹਿਕਾਰੀ ਸੁਸਾਇਟੀਆਂ ਨੂੰ ਮਜ਼ਬੂਤ ਕਰਨ ਦਾ ਸੱਦਾ

ਚੰਡੀਗੜ੍ਹ, 22 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਸਹਿਕਾਰਤਾ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਭਾਗ ਵਿੱਚ ਨਵ ਨਿਯੁਕਤ ਕੋਆਪਰੇਟਿਵ ਇੰਸਪੈਕਟਰਾਂ ਨੂੰ ਸਹਿਕਾਰੀ ਸੁਸਾਇਟੀਆਂ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੰਦਿਆ ਸਹਿਕਾਰਤਾ ਲਹਿਰ ਖੜ੍ਹੀ ਕਰਨ ਲਈ ਪ੍ਰੇਰਿਆ।ਸ ਰੰਧਾਵਾ ਅੱਜ ‘ਦੀ ਪੰਜਾਬ ਇੰਸਟੀਚਿਊਟ ਆਫ ਕੋਆਪਰੇਟਿਵ ਟ੍ਰੇਨਿੰਗ’ ਵੱਲੋਂ ਇੱਥੇ ਸੈਕਟਰ 35 ਸਥਿਤ ਪੰਜਾਬ ਮਿਉਂਸਪਲ ਭਵਨ ਦੇ ਆਡੀਟੋਰੀਅਮ ਵਿਖੇ ਕਰਵਾਈ ਨਵ ਨਿਯੁਕਤ ਇੰਸਪੈਕਟਰਾਂ ਨਾਲ ਕਰਵਾਈ ‘ਅਨੁਭਵ ਸਾਂਝ ਗੋਸ਼ਟੀ’ ਦੌਰਾਨ ਸੰਬੋਧਨ ਕਰ ਰਹੇ ਸਨ।

ਸਹਿਕਾਰਤਾ ਮੰਤਰੀ ਨੇ ਹਾਲ ਹੀ ਵਿੱਚ ਨਵੇਂ ਭਰਤੀ ਹੋਏ ਇੰਸਪੈਕਟਰਾਂ ਤੋਂ ਫੀਲਡ ਵਿੱਚ ਕੀਤੀ ਟ੍ਰੇਨਿੰਗ ਦੌਰਾਨ ਹਾਸਲ ਹੋਈਆਂ ਜ਼ਮੀਨੀ ਹਕੀਕਤਾਂ ਦੀ ਫੀਡਬੈਕ ਹਾਸਲ ਕੀਤੀ। ਉਨ੍ਹਾਂ ਇੰਸਪੈਕਟਰਾਂ ਕੋਲੋਂ ਘਾਟੇ ਵਾਲੀਆਂ ਸਹਿਕਾਰੀਆਂ ਸੁਸਾਇਟੀਆਂ ਦੀ ਸਥਿਤੀ, ਸੁਸਾਇਟੀਆਂ ਦੀ ਕੰਮ-ਕਾਜ ਵਿੱਚ ਪਾਈਆਂ ਜਾਂਦੀਆਂ ਖਾਮੀਆਂ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਇਨ੍ਹਾਂ ਨੂੰ ਦੂਰ ਕਰਨ ਦੇ ਸੁਝਾਅ ਪੁੱਛੇ ਗਏ ਜਿਸ ‘ਤੇ ਸਾਰੇ ਇੰਸਪੈਕਟਰਾਂ ਨੇ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਸਹਿਕਾਰਤਾ ਵਿਭਾਗ ਸਿੱਧੇ ਤੌਰ ਉਤੇ ਪਿੰਡਾਂ ਤੇ ਕਿਸਾਨੀ ਨਾਲ ਜੁੜਿਆ ਹੈ ਜੋ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਨੂੰ ਸੰਕਟ ਵਿੱਚੋਂ ਕੱਢਣ ਲਈ ਨਵੇਂ ਨਿਯੁਕਤ ਇੰਸਪੈਕਟਰਾਂ ਨੂੰ ਆਪਣੀ ਪ੍ਰਤਿਭਾ, ਲਿਆਕਤ ਤੇ ਜੋਸ਼ ਨੂੰ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ ਤਾਂ ਜੋ ਕਿਸਾਨੀ ਖੁਸ਼ਹਾਲ ਹੋ ਸਕੇ।  ਸ ਰੰਧਾਵਾ ਨੇ ਕਿਹਾ ਕਿ ਸਹਿਕਾਰੀ ਸੁਸਾਇਟੀਆਂ ਨੂੰ ਬਹੁਮੰਤਵੀ ਬਣਾਉਣ ਲਈ ਕਿਹਾ ਜਿੱਥੇ ਕਿਸਾਨਾਂ ਤੇ ਪਿੰਡ ਵਾਸੀਆਂ ਦੀ ਹਰ ਲੋੜ ਪੂਰੀ ਹੋਵੇ।ਉਨ੍ਹਾਂ ਕਿਹਾ ਕਿ ਸੁਸਾਇਟੀਆਂ ਦੀ ਖਾਲ਼ੀ ਪਈ ਜਗ੍ਹਾਂ ਉਤੇ ਪੰਪ ਵੀ ਲਗਾਏ ਜਾ ਰਹੇ ਹਨ। ਮਹਿਲਾ ਇੰਸਪੈਕਟਰਾਂ ਵੱਲੋਂ ਫੀਲਡ ਟ੍ਰੇਨਿੰਗ ਦੌਰਾਨ ਹਾਸਲ ਹੋਏ ਤਜ਼ਰਬਿਆਂ ਨੂੰ ਸਾਂਝਾ ਕਰਦਿਆਂ ਜਦੋਂ ਦੱਸਿਆ ਗਿਆ ਕਿ ਫੀਲਡ ਵਿੱਚ ਡਰਾਇਆ ਜਾਂਦਾ ਹੈ ਕਿ ਇਹ ਵਿਭਾਗ ਮਹਿਲਾਵਾਂ ਲਈ ਨਹੀਂ ਤਾਂ ਸਹਿਕਾਰਤਾ ਮੰਤਰੀ ਸ ਰੰਧਾਵਾ ਨੇ ਤੁਰੰਤ ਕਿਹਾ ਕਿ ਉਹ ਖ਼ੁਦ ਅਜਿਹੀ ਥਾਂ ਉਤੇ ਮਹਿਲਾ ਇੰਸਪੈਕਟਰ ਨੂੰ ਜੁਆਇਨ ਕਰਵਾਉਣਗੇ ਤਾਂ ਜੋ ਉਨ੍ਹਾਂ ਨੂੰ ਕੋਈ ਦਿੱਕਤ ਨਾ ਆਵੇ।ਅੰਤ ਵਿੱਚ ਉਨ੍ਹਾਂ ਸਾਰੇ ਨਵੇਂ ਭਰਤੀ ਇੰਸਪੈਕਟਰਾਂ ਨੂੰ ਵਿਭਾਗ ਵਿੱਚ ਜੁਆਨਿੰਗ ਉਤੇ ਵਧਾਈ ਤੇ ਸਵਾਗਤ ਕਰਦਿਆਂ ਕਿਹਾ ਕਿ ਇਹ ਸਾਲ ਵੈਸੇ ਵੀ ਭਾਗਾਂ ਵਾਲਾ ਹੈ ਜਦੋਂ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ।ਇਸ ਤੋਂ ਪਹਿਲਾ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ ਨੇ ਸਹਿਕਾਰਤਾ ਮੰਤਰੀ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਹ ਖ਼ੁਦ ਨਵੇਂ ਭਰਤੀ ਹੋਏ ਅਧਿਕਾਰੀਆਂ ਨੂੰ ਹੱਲਾਸ਼ੇਰੀ ਦੇਣ ਆਏ ਹਨ। ਉਨ੍ਹਾਂ ਨਵੇਂ ਸਟਾਫ਼ ਦਾ ਵਿਭਾਗ ਵਿੱਚ ਆਉਣ ਉਤੇ ਸਵਾਗਤ ਕਰਦਿਆਂ ਕਿਹਾ ਕਿ ਇਹ ਵਿਭਾਗ ਸੱਚੇ ਦਿਲੋਂ ਲੋਕਾਂ ਦੀ ਸੇਵਾ ਕਰਨ ਵਾਲਾ ਹੈ। ਉਨ੍ਹਾਂ ਨਵੇਂ ਭਰਤੀ ਸਟਾਫ ਨੂੰ ਸੱਦਾ ਦਿੱਤਾ ਕਿ ਕੋਈ ਵੀ ਦਿੱਕਤ ਆਉਂਦੀ ਹੈ ਜਾਂ ਕੋਈ ਨਵਾਂ ਕਦਮ ਚੁੱਕਣਾ ਹੈ ਤਾਂ ਉਹ ਕਿਸੇ ਵੇਲੇ ਵੀ ਆ ਕੇ ਮਿਲ ਸਕਦੇ ਹਨ।ਮਿਲਕਫੈਡ ਦੇ ਐਮ.ਡੀ. ਸ੍ਰੀ ਕਮਲਦੀਪ ਸਿੰਘ ਸੰਘਾ ਜੋ ਕਿਸੇ ਵੇਲੇ ਸਹਿਕਾਰਤਾ ਵਿਭਾਗ ਵਿੱਚ ਵਧੀਕ ਰਜਿਸਟਰਾਰ ਰਹੇ ਹਨ, ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਜੇਕਰ ਕੋਈ ਪੰਜਾਬ ਜਾਂ ਕਿਸਾਨੀ ਦੀ ਸੇਵਾ ਕਰਨੀ ਚਾਹੁੰਦਾ ਹੈ ਤਾਂ ਸਹਿਕਾਰਤਾ ਵਿਭਾਗ ਤੋਂ ਵਧੀਆ ਕੋਈ ਮੰਚ ਨਹੀਂ।ਉਨ੍ਹਾਂ ਕਿਹਾ ਕਿ ਸਹਿਕਾਰਤਾ ਵਿਭਾਗ ਸਭ ਤੋਂ ਵੱਧ ਸਮਰੱਥਾ ਵਾਲਾ ਹੈ ਜਿਸ ਨੂੰ ਪਛਾਣਨ ਦੀ ਲੋੜ ਹੈ। ਸ੍ਰੀ ਸੰਘਾ ਨੇ ਇਮਾਨਦਾਰੀ ਨਾਲ ਕੰਮ ਕਰਨ ਦੀ ਨਸੀਹਤ ਦਿੰਦਿਆਂ ਕਿਹਾ ਕਿ ਇਸ ਵਿਭਾਗ ਵਿੱਚ ਸਿਰਫ ਕੰਮ ਬੋਲਦਾ ਹੈ ਨਾ ਕਿ ਚਾਪਲੂਸੀ ਜਾਂ ਸਿਫ਼ਾਰਸ਼।ਇਸ ਮੌਕੇ ਨਵੇਂ ਸਟਾਫ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੀ। ‘ਦੀ ਪੰਜਾਬ ਇੰਸਟੀਚਿਊਟ ਆਫ ਕੋਆਪਰੇਟਿਵ ਟ੍ਰੇਨਿੰਗ’ ਦੇ ਐਮ.ਡੀ. ਸ੍ਰੀ ਮਨਜੀਤ ਸਿੰਘ ਨੇ ਦੱਸਿਆ ਕਿ ਸਹਿਕਾਰਤਾ ਵਿਭਾਗ ਵੱਲੋਂ 150 ਨਵੇਂ ਇੰਸਪੈਕਟਰ ਭਰਤੀ ਕੀਤੇ ਗਏ ਹਨ ਜਿਨ੍ਹਾਂ  1 ਅਪਰੈਲ ਤੋਂ 30 ਜੂਨ ਤੱਕ ਟ੍ਰੇਨਿੰਗ ਦਿੱਤੀ ਗਈ। ਉਨ੍ਹਾਂ ਕਿਹਾ ਕਿ ਨਵੇਂ ਭਰਤੀ ਹੋਏ ਅਧਿਕਾਰੀਆਂ ਨੂੰ ਟ੍ਰੇਨਿੰਗ ਵਿੱਚ ਪ੍ਰੈਕਟੀਕਲ ਸਿੱਖਿਆ ਵੀ ਦਿੱਤੀ ਗਈ।ਇਕ ਮਹੀਨਾ ਉਹ ਫੀਲਡ ਟ੍ਰੇਨਿੰਗ ਲੈਣਗੇ ਜਿਸ ਤੋਂ ਬਾਅਦ ਉਨ੍ਹਾਂ ਦੀ ਤਾਇਨਾਤੀ ਹੋਵੇਗੀ। ਮੰਚ ਸੰਚਾਲਨ ਪੰਜਾਬ ਕੋਆਪਰੇਸ਼ਨ ਦੇ ਸੰਪਾਦਕ ਸ੍ਰੀ ਸਤਪਾਲ ਸਿੰਘ ਘੁੰਮਣ ਨੇ ਕੀਤਾ।