ਮਾਲਵਾ ਖੇਤਰ ਸਮੇਤ ਰਾਜਸਥਾਨ ਦੇ ਵਸਨੀਕਾਂ ਨੂੰ ਸਾਫ ਸੁਥਰਾ ਪਾਣੀ ਮਿਲਣ ਦੀ ਬੱਝੀ ਆਸ,ਗੰਧਲੇ ਪਾਣੀਆਂ ਸਬੰਧੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨਾਲ ਹੋਈ ਗੱਲਬਾਤ

ਕੋਟਕਪੂਰਾ, 18 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :  ‘ਨਰੋਆ ਪੰਜਾਬ ਮੰਚ’ ਦੇ 41 ਮੈਂਬਰੀ ਪੰਜਾਬ ਅਤੇ ਰਾਜਸਥਾਨ ਨਾਲ ਸਬੰਧਤ ਵਫਦ ਨੇ ਐੱਸ.ਐੱਸ. ਮਰਵਾਹਾ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਵਾਤਾਵਰਣ ਭਵਨ ਪਟਿਆਲਾ ਵਿਖੇ ਕਨਵੀਨਰ ਗੁਰਪ੍ਰੀਤ ਸਿੰਘ ਚੰਦਬਾਜਾ ਦੀ ਪ੍ਧਾਨਗੀ ਹੇਠ ਮਿਲ ਕੇ ਅਨੇਕਾਂ ਪਹਿਲੂਆਂ ਤੋਂ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ’ਚ ਚੇਅਰਮੈਨ ਐਸ.ਐਸ. ਮਰਵਾਹਾ ਤੋਂ ਇਲਾਵਾ ਮੈਂਬਰ ਸਕੱਤਰ ਕਰੁਨੇਸ਼ ਗਰਗ, ਚਰਨਜੀਤ ਸਿੰਘ ਡਿਪਟੀ ਡਾਇਰੈਕਟਰ ਪਬਲਿਕ ਰਿਲੇਸ਼ਨ ਪੰਜਾਬ ਪ੍ਦੂਸ਼ਣ ਕੰਟਰੋਲ ਬੋਰਡ ਵੀ ਹਾਜਰ ਸਨ। ਜਿਕਰਯੋਗ ਹੈ ਕਿ ‘ਨਰੋਆ ਪੰਜਾਬ ਮੰਚ’ ਦੇ ਇੱਕ ਵਫਦ ਵਲੋਂ ਬੀਤੀ 14 ਜੂਨ ਨੂੰ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇੱਕ ਮੰਗ ਪੱਤਰ ਸੌਂਪ ਕੇ ਪੰਜਾਬ ਦੀ ਇੰਡਸਟਰੀ ਅਤੇ ਸੀਵਰੇਜ ਦੇ ਪਾਣੀ ਨੂੰ ਸਤਲੁਜ਼ ਦਰਿਆ ’ਚ ਪੈਣ ਤੋਂ ਰੋਕਣ, ਡਾਇੰਗ ਇੰਡਸਟਰੀ ਦਾ ਪਾਣੀ ਸਿੱਧਾ ਧਰਤੀ ਹੇਠ ਜਾਣ ਤੋਂ ਰੋਕਣ ਅਤੇ ਦੋਸ਼ੀ ਉਦਯੋਗਪਤੀਆਂ ਖਿਲਾਫ ਢੱੁਕਵੀਂ ਕਾਰਵਾਈ ਕਰਨ ਅਤੇ ਪਲਾਸਟਿਕ ਪ੍ਰਦੂਸ਼ਣ ਦਾ ਸਾਰਥਕ ਅਤੇ ਸਮਾਂਬੱਧ ਹੱਲ ਕਰਨ ਦੀ ਮੰਗ ਕੀਤੀ ਸੀ ਅਤੇ ਮੰਗਾਂ ਦਾ ਹੱਲ ਕਰਨ ਲਈ 40 ਦਿਨ ਦਾ ਸਮਾਂ ਦਿੱਤਾ ਗਿਆ ਸੀ ਅਤੇ 22 ਜੁਲਾਈ ਨੂੰ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਖਿਲਾਫ ਪਟਿਆਲਾ ਵਿਖੇ ਧਰਨਾ ਲਾਉਣ ਦਾ ਐਲਾਨ ਕੀਤਾ ਸੀ। ‘ਨਰੋਆ ਪੰਜਾਬ ਮੰਚ ਵਲੋਂ ਧਰਨੇ ਦੀਆਂ ਵੱਡੀ ਪੱਧਰ ’ਤੇ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਦੇਖ ਕੇ ਨਰੋਆ ਪੰਜਾਬ ਮੰਚ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ, ਜਿਸ ’ਤੇ ਗੰਭੀਰ ਵਿਚਾਰ ਕਰਨ ਉਪਰੰਤ ਮੰਚ ਵੱਲੋਂ ਇਸ ਨੂੰ ਸਵੀਕਾਰ ਕੀਤਾ ਗਿਆ ਸੀ ਅਤੇ ਅੱਜ ਇਹ ਮੀਟਿੰਗ ਹੋਈ। ਮੀਟਿੰਗ ’ਚ ਗੁਰਪ੍ਰੀਤ ਸਿੰਘ ਚੰਦਬਾਜਾ, ਡਾ. ਅਮਰ ਸਿੰਘ ਅਜਾਦ, ਡਾ. ਏ.ਐਸ. ਮਾਨ, ਲਖਵੀਰ ਸਿੰਘ ਲੱਖਾ ਸਿਧਾਣਾ, ਇੰਜ: ਜਸਕੀਰਤ ਸਿੰਘ, ਇੰਜ. ਕਪਿਲ ਅਰੋੜਾ, ਸਾਬਕਾ ਵਿਧਾਇਕ ਤਰਸੇਮ ਜੋਧਾ, ਐਮ.ਐਲ.ਏ. ਕੁਲਤਾਰ ਸਿੰਘ ਸੰਧਵਾਂ, ਪ੍ਰੋ: ਭੀਮਇੰਦਰ ਸਿੰਘ, ਡਾ. ਬਲਵੀਰ ਸਿੰਘ, ਮੇਵਾ ਸਿੰਘ ਸਲੇਮਪੁਰਾ, ਕੁਲਦੀਪ ਸਿੰਘ ਚਿਨਾਗਰਾ, ਮਹਿੰਦਰ ਪਾਲ ਲੂੰਬਾ, ਮਹੇਸ਼ ਪੇੜੀਵਾਲ ਰਾਜਸਥਾਨ, ਹਰਦੀਪ ਸਿੰਘ ਡਿਬਡਿਬਾ, ਬਾਬਾ ਹਰਦੇਵ ਸਿੰਘ ਰਾਜਸਥਾਨ, ਜਗਪਾਲ ਸਿੰਘ ਪਾਤੜਾਂ ਵੱਲੋਂ ਬੜੇ ਜੋਰ ਸ਼ੋਰ ਨਾਲ ਪੰਜਾਬ ਦੇ ਪ੍ਰਦੂਸ਼ਿਤ ਹੋ ਰਹੇ ਪਾਣੀਆਂ ਸਮੇਤ ਹੋਰ ਵੀ ਮੁੱਦਿਆਂ ਨੂੰ ਚੁੱਕਿਆ ਗਿਆ, ਜਿਸ ਨੂੰ ਚੇਅਰਮੈਨ ਐਸ.ਐਸ. ਮਰਵਾਹਾ ਨੇ ਬੜੇ ਧਿਆਨ ਅਤੇ ਸੰਜ਼ਮ ਨਾਲ ਸੁਣਨ ਉਪਰੰਤ ਉਨਾ ਕਿਹਾ ਕਿ ਸਾਡੀਆਂ ਸਭ ਦੀਆਂ ਗੈਰ ਜਿੰਮੇਵਾਰੀਆਂ ਕਾਰਨ ਪਾਣੀਆਂ ਦਾ ਮਸਲਾ ਕਾਫੀ ਖਰਾਬ ਹੋ ਚੁੱਕਾ ਹੈ, ਜਿਸ ਨੂੰ ਠੀਕ ਕਰਨ ਲਈ ਕਾਫੀ ਸਮਾਂ ਲੱਗੇਗਾ। ਉਹਨਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੰਜਾਬ ਸਰਕਾਰ ਬੜੀ ਗੰਭੀਰਤਾ ਨਾਲ ਇਸ ਮਸਲੇ ਦੇ ਹੱਲ ਲਈ ਯਤਨਸ਼ੀਲ ਹੈ ਅਤੇ ਇਹਨਾ ਯਤਨਾਂ ਦੇ ਹਾਂਪੱਖੀ ਨਤੀਜੇ ਅਗਲੇ 6 ਮਹੀਨਿਆਂ ਤੱਕ ਦਿਖਣੇ ਸ਼ੁਰੂ ਹੋ ਜਾਣਗੇ ਅਤੇ 31 ਮਾਰਚ 2021 ਤੱਕ ਦਰਿਆਈ ਪਾਣੀਆਂ ਦੇ ਪ੍ਰਦੂਸ਼ਣ ਨੂੰ ਪੂਰੀ ਤਰਾਂ ਖਤਮ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਵਿੱਚ ਪਾਰਦਰਸ਼ਤਾ ਲਿਆਉਣ ਲਈ ਸਾਰੇ ਉਦਯੋਗਾਂ ਦੀਆਂ ਜਾਂਚ ਰਿਪੋਰਟਾਂ ਆਨਲਾਈਨ ਕੀਤੀਆਂ ਜਾਣਗੀਆਂ ਅਤੇ ਪ੍ਰਦੂਸ਼ਣ ਪੁਆਇੰਟਾਂ ’ਤੇ ਸੀ ਸੀ ਟੀ ਵੀ ਕੈਮਰੇ ਲਾਏ ਜਾਣਗੇ, ਜਿਸ ਨੂੰ ਕੋਈ ਵੀ ਨਾਗਰਿਕ ਦੇਖ ਸਕੇਗਾ। ਉਹਨਾ ਪੰਜਾਬ ਪੱਧਰ ਅਤੇ ਜਿਲਾ ਪੱਧਰ ’ਤੇ ਸਾਂਝੀਆਂ ਕਮੇਟੀਆਂ ਬਣਾਉਣ ਦਾ ਵੀ ਐਲਾਨ ਕੀਤਾ, ਜਿਸ ’ਚ ਨਰੋਆ ਪੰਜਾਬ ਮੰਚ ਦੇ ਮੈਂਬਰਾਂ ਨੂੰ ਸ਼ਾਮਲ ਕੀਤਾ ਜਾਵੇਗਾ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ