‘ਫਿਲਹਾਲ ਤਾਂ ਮੇਰੇ ਕੋਲ ਬਿਜਲੀ ਮੰਤਰੀ ਵੀ ਨਹੀਂ ਹੈ’ : ਕੈਪਟਨ ਅਮਰਿੰਦਰ ਸਿੰਘ,ਪੰਜਾਬ ਵਿੱਚ ਪ੍ਰਮਾਣੂ ਊਰਜਾ ਦੇ ਯੂਨਿਟਾਂ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ ’ਤੇ ਕੀਤੀ ਟਕੋਰ

ਨਵੀਂ ਦਿੱਲੀ, 16 ਜੁਲਾਈ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਠਿੰਡਾ ਅਤੇ ਰੋਪੜ ਦੇ ਥਰਮਲ ਪਲਾਂਟਾਂ ’ਤੇ ਪ੍ਰਮਾਣੂ ਊਰਜਾ ਦੇ ਯੂਨਿਟ ਸਥਾਪਤ ਕਰਨ ਲਈ ਕੇਂਦਰ ਸਰਕਾਰ ਪਾਸੋਂ ਅਜੇ ਤੱਕ ਉਨਾਂ ਨੂੰ ਕੋਈ ਪ੍ਰਸਤਾਵ ਹਾਸਲ ਨਹੀਂ ਹੋਇਆ। ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਪੈਦਾ ਕਰਨ ਲਈ ਪ੍ਰਮਾਣੂ ਊਰਜਾ ਵਰਤਣ ਦੇ ਵਿਸ਼ੇ ’ਤੇ ਬਹੁਤ ਲੰਮੇ ਸਮੇਂ ਤੋਂ ਗੱਲਬਾਤ ਚੱਲ ਰਹੀ ਹੈ ਪਰ ਅਜੇ ਤੱਕ ਇਸ ਸਬੰਧੀ ਕੁਝ ਵੀ ਠੋਸ ਸਾਹਮਣੇ ਨਹੀਂ ਆਇਆ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨਾਲ ਮੀਟਿੰਗ ਤੋਂ ਬਾਅਦ ਉਹ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰ ਰਹੇ ਸਨ। ਇਸ ਮੁੱਦੇ ’ਤੇ ਉਨਾਂ ਦਾ ਪ੍ਰਤੀਕਰਮ ਜਾਣਨ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਬਾਰੇ ਉਦੋਂ ਹੀ ਕੁਝ ਕਹਿਣਗੇ, ਜਦੋਂ ਇਸ ਬਾਰੇ ਉਨਾਂ ਕੋਲ ਪ੍ਰਸਤਾਵ ਆਵੇਗਾ। ਮੁੱਖ ਮੰਤਰੀ ਨੇ ਟਕੋਰ ਕੀਤੀ, ‘‘ਫਿਲਹਾਲ ਤਾਂ ਮੇਰੇ ਕੋਲ ਊਰਜਾ ਮੰਤਰੀ ਵੀ ਨਹੀਂ ਹੈ।’’ ਉਨਾਂ ਦੀ ਇਹ ਟਿੱਪਣੀ ਲੋਕ ਸਭਾ ਚੋਣਾਂ ਮਗਰੋਂ ਮੰਤਰੀ ਮੰਡਲ ਦੇ ਫੇਰਬਦਲ ਮੌਕੇ ਨਵਜੋਤ ਸਿੰਘ ਸਿੱਧੂ ਨੂੰ ਦਿੱਤੇ ਬਿਜਲੀ ਮਹਿਕਮੇ ਨੂੰ ਉਨਾਂ ਵੱਲੋਂ ਪ੍ਰਵਾਨ ਨਾ ਕਰਕੇ ਅਸਤੀਫਾ ਦੇਣ ਦੇ ਸੰਦਰਭ ਵਿੱਚ ਸੀ। ਝੋਨੇ ਦੇ ਸੀਜ਼ਨ ਮੌਕੇ ਬਿਜਲੀ ਦੀ ਨਿਰਵਿਘਨ ਸਪਲਾਈ ਦੀ ਲੋੜ ਦੇ ਮੱਦੇਨਜ਼ਰ ਮੁੱਖ ਮੰਤਰੀ ਬਿਜਲੀ ਵਿਭਾਗ ਦੇ ਕੰਮਕਾਜ ’ਤੇ ਰੋਜ਼ਾਨਾ ਖੁਦ ਨਿਗਰਾਨੀ ਰੱਖ ਰਹੇ ਹਨ। ਸੂਬੇ ਦੇ ਕੁਝ ਹਿੱਸਿਆਂ ਵਿੱਚ ਮੀਂਹ ਘੱਟ ਪੈਣ ਕਰਕੇ ਬਿਜਲੀ ਦੀ ਮੰਗ ਬਹੁਤ ਜ਼ਿਆਦਾ ਵਧ ਗਈ ਸੀ। ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਕੇਂਦਰ ਸਰਕਾਰ ਨਾਲ ਕਦੇ ਵੀ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨਾਂ ਕਿਹਾ ਕਿ ਸੰਘੀ ਢਾਂਚੇ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਦੇ ਸਬੰਧ ਸੁਖਾਵੇਂ ਹੋਣੇ ਜ਼ਰੂਰੀ ਹਨ ਅਤੇ ਉਨਾਂ ਨੂੰ ਪੰਜਾਬ ਦੇ ਹਿੱਤਾਂ ਲਈ ਕੇਂਦਰ ਵਿੱਚ ਕਿਸੇ ਵੀ ਸਰਕਾਰ ਨਾਲ ਕੋਈ ਮੁਸ਼ਕਲ ਪੇਸ਼ ਨਹੀਂ ਆਈ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ