ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਲਾਂਘੇ ਰਾਹੀਂ ਪਰਮਿਟ ਦੀ ਸ਼ਰਤ ਹਟਾਉਣ ਸਬੰਧੀ ਉਨ੍ਹਾਂ ਦੀ ਮੰਗ ਪ੍ਰਵਾਨ ਕਰਨ ’ਤੇ ਪਾਕਿਸਤਾਨ ਦੇ ਫੈਸਲੇ ਦੀ ਸ਼ਲਾਘਾ

ਚੰਡੀਗੜ੍ਹ, 14 ਜੁਲਾਈ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :   ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਵੱਲੋਂ ਕੀਤੀ ਮੰਗ ਮੁਤਾਬਕ ਇਤਿਹਾਸਕ ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਲਈ ਵੱਖਰੇ ਪਰਮਿਟ ਸਿਸਟਮ ਦੀ ਜ਼ਰੂਰਤ ਨੂੰ ਹਟਾਉਣ ਲਈ ਪਾਕਿਸਤਾਨ ਵੱਲੋਂ ਕੀਤੇ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਸਪੋਰਟ ਦੀ ਸ਼ਰਤ ਵੀ ਹਟਾਉਣ ਦੀ ਅਪੀਲ ਕੀਤੀ ਤਾਂ ਕਿ ਸੂਬੇ ਦੇ ਪੇਂਡੂ ਇਲਾਕਿਆਂ ਤੋਂ ਵੀ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਸਹੂਲਤ ਹਾਸਲ ਹੋ ਸਕੇ। ਇੱਥੋਂ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਉਨ੍ਹਾਂ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਕੀਤੀਆਂ ਜਾ ਰਹੀਆਂ ਹੋਰ ਮੰਗਾਂ ਨੂੰ ਵੀ ਪ੍ਰਵਾਨ ਕਰਵਾਉਣ ਲਈ ਭਾਰਤ ਸਰਕਾਰ ਵੱਲੋਂ ਪਾਕਿਸਤਾਨ ’ਤੇ ਜ਼ੋਰ ਪਾਇਆ ਜਾਵੇਗਾ। ਇਨ੍ਹਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤ ਲਈ ‘ਖੁੱਲ੍ਹੇ ਦਰਸ਼ਨ ਦੀਦਾਰੇ’ ਕਰਨ ਵਾਸਤੇ ਪਾਕਿਸਤਾਨ ਵੱਲੋਂ ਸ਼ਰਧਾਲੂਆਂ ਦੀ ਰੋਜ਼ਾਨਾ ਦੀ ਗਿਣਤੀ ਵਧਾਉਣ ਦੀ ਮੰਗ ਵੀ ਸ਼ਾਮਲ ਹੈ। ਮੁੱਖ ਮੰਤਰੀ ਨੇ ਕਿਹਾ ਇਹ ਮੰਗ ਇਸ ਕਰਕੇ ਅਹਿਮ ਹੈ ਤਾਂ ਕਿ ਨਵੰਬਰ ਮਹੀਨੇ ਵਿੱਚ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮਹੱਤਵਪੂਰਨ ਦਿਨਾਂ ਮੌਕੇ ਸ਼ਰਧਾਲੂਆਂ ਦੇ ਬਿਨਾਂ ਕਿਸੇ ਦਿੱਕਤ ਤੋਂ ਆਉਣ-ਜਾਣ ਨੂੰ ਯਕੀਨੀ ਬਣਾਇਆ ਜਾ ਸਕੇ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੇਸ਼ੱਕ ਆਪਣੇ ਮੂਲ ਪ੍ਰਸਤਾਵ ਮੁਤਾਬਕ 500 ਸ਼ਰਧਾਲੂਆਂ ਨੂੰ ਜਾਣ ਦੀ ਇਜ਼ਾਜਤ ਦੇਣ ਦੀ ਥਾਂ ਪਾਕਿਸਤਾਨ ਨੇ ਹੁਣ ਇਕ ਦਿਨ ਵਿੱਚ 5000 ਸ਼ਰਧਾਲੂਆਂ ਦੇ ਜਾਣ ਨੂੰ ਸਹਿਮਤੀ ਦੇ ਦਿੱਤੀ ਹੈ ਪਰ ਦੁਨੀਆ ਭਰ ਤੋਂ ਦਰਸ਼ਨਾਂ ਲਈ ਆਉਣ ਵਾਲੇ ਸਿੱਖਾਂ ਅਤੇ ਹੋਰ ਸ਼ਰਧਾਲੂਆਂ ਦੀ ਵੱਡੀ ਮੰਗ ਦੀ ਆਸ ਦੇ ਮੱਦੇਨਜ਼ਰ ਘੱਟੋ-ਘੱਟ ਵਿਸ਼ੇਸ਼ ਮੌਕਿਆਂ ’ਤੇ ਸ਼ਰਧਾਲੂਆਂ ਦੇ ਜਾਣ ਦੀ ਗਿਣਤੀ ਵਧਾਉਣ ਦੀ ਲੋੜ ਹੈ। ਮੁੱਖ ਮੰਤਰੀ ਨੇ ਪਾਕਿਸਤਾਨ ਵੱਲੋਂ ਓ.ਸੀ.ਆਈ. ਅਤੇ ਪੀ.ਆਈ.ਓ. ਕਾਰਡ ਹੋਲਡਰਾਂ ਨੂੰ ਇਜ਼ਾਜਤ ਦੇਣ ਦੇ ਫੈਸਲੇ ਦੀ ਵੀ ਸ਼ਲਾਘਾ ਕੀਤੀ ਅਤੇ ਇਸ ਬਾਰੇ ਉਨ੍ਹਾਂ ਨੇ ਪਹਿਲਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਸੀ। ਇਹ ਦੱਸਣਯੋਗ ਹੈ ਕਿ ਇਨ੍ਹਾਂ ਦੇ ਐਮ.ਓ.ਯੂ. ਵਿੱਚ ਪਾਕਿਸਤਾਨ ਨੇ ਸਿਰਫ਼ ਭਾਰਤੀ ਯਾਤਰੀਆਂ ਨੂੰ ਇਜ਼ਾਜਤ ਦੇਣ ਦਾ ਸੁਝਾਅ ਦਿੱਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਹਫ਼ਤੇ ਦੇ ਸੱਤੇ ਦਿਨ ਸ਼ਰਧਾਲੂਆਂ ਨੂੰ ਜਾਣ ਲਈ ਉਨ੍ਹਾਂ ਵੱਲੋਂ ਕੀਤੀ ਅਪੀਲ ਪ੍ਰਤੀ ਪਾਕਿਸਤਾਨ ਨੂੰ ਸਹਿਮਤ ਕਰਨ ਲਈ ਕੀਤੇ ਯਤਨਾਂ ਵਾਸਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ।ਮੁੱਖ ਮੰਤਰੀ ਨੇ ਕਿਹਾ ਕਿ ਇਹ ਇਤਿਹਾਸਕ ਲਾਂਘਾ ਉਦੋਂ ਤੱਕ ਆਪਣਾ ਉਦੇਸ਼ ਪੂਰਾ ਨਹੀਂ ਕਰ ਸਕੇਗਾ ਜਦੋਂ ਤੱਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਸਹੂਲਤ ਦੇਣ ਲਈ ਉਨ੍ਹਾਂ ਵੱਲੋਂ ਉਠਾਏ ਵੱਖ-ਵੱਖ ਮੁੱਦਿਆਂ ਪ੍ਰਤੀ ਪਾਕਿਸਤਾਨ ਹੋਰ ਨਰਮ ਰਵੱਈਆ ਅਪਣਾਉਣ ’ਤੇ ਸਹਿਮਤ ਨਹੀਂ ਹੁੰਦਾ। ਮੁੱਖ ਮੰਤਰੀ ਨੇ ਪਾਕਿਸਤਾਨ ਵੱਲੋਂ ਰਾਵੀ ਦਰਿਆ ’ਤੇ ਪੁਲ ਦੀ ਉਸਾਰੀ ਕਰਨ ਲਈ ਭਾਰਤ ਦੀ ਮੰਗ ’ਤੇ ਸਹਿਮਤੀ ਪ੍ਰਗਟਾਉਣ ਦੀ ਸ਼ਲਾਘਾ ਕਰਦਿਆਂ ਇਸ ਨੂੰ ਅਗਾਂਹ ਵਧੂ ਕਦਮ ਦੱਸਿਆ ਪਰ ਨਾਲ ਹੀ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਵੱਲੋਂ ਰੱਖੀਆਂ ਗਈਆਂ ਹੋਰ ਮੰਗਾਂ ’ਤੇ ਸਹਿਮਤੀ ਬਣਾਉਣ ਲਈ ਪਾਕਿਸਤਾਨ ਨਾਲ ਨੇੜਲਾ ਤਾਲਮੇਲ ਅਤੇ ਸੰਪਰਕ ਬਣਾਇਆ ਜਾਵੇ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ