ਜਿਗ-ਜੈਗ ਤਕਨਾਲੋਜੀ ਨਾ ਅਪਣਾਉਣ ਵਾਲੇ ਭੱਠੇ 30 ਸਤੰਬਰ ਤੋਂ ਬਾਅਦ ਨਹੀਂ ਭਖ ਸਕਣਗੇ ,ਡਿਫਾਲਟਰਾਂ ਨੂੰ ਕੋਲੇ ਦੀ ਸਪਲਾਈ ਕੀਤੀ ਜਾਵੇਗੀ ਬੰਦ : ਪੰਨੂੰ

ਚੰਡੀਗੜ੍ਹ, 13 ਜੁਲਾਈ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਸੂਬੇ ਵਿਚਲੇ ਸਾਰੇ ਭੱਠਾ ਮਾਲਕਾਂ ਨੂੰ 4 ਮਹੀਨੇ ਦਾ ਸਮਾਂ ਦਿੰਦਿਆਂ ਭੱਠਿਆਂ ਵਿੱਚ ਜਿਗ-ਜੈਗ ਤਕਨਾਲੋਜੀ ਅਪਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਜਾਣਕਾਰੀ ਡਾਇਰੈਕਟਰ ਮਿਸ਼ਨ ਤੰਦਰੁਸਤ ਪੰਜਾਬ ਸ. ਕੇ.ਐਸ. ਪੰਨੂੰ ਨੇ ਦਿੱਤੀ।ਸ. ਪੰਨੂੰ ਨੇ ਦੱÎਸਿਆ ਕਿ ਵਾਤਾਵਰਣ ਸੁਰੱÎਖਿਆ ਐਕਟ 1986 ਦੇ ਸੈਕਸ਼ਨ 5 ਅਧੀਨ ਰਵਾਇਤੀ ਤਕਨਾਲੋਜੀ 'ਤੇ ਅਧਾਰਤ ਇੱਟਾਂ ਬਣਾਉਣ ਵਾਲੇ ਭੱਠਿਆਂ ਦੇ ਕੰਮ-ਕਾਜ 'ਤੇ 30 ਸਤੰਬਰ, 2019 ਤੋਂ ਬਾਅਦ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇਹ ਹੁਕਮ ਮਈ 2019 ਦੌਰਾਨ ਜਾਰੀ ਕੀਤੇ ਗਏ ਸਨ ਅਤੇ ਤੰਦਰੁਸਤ ਪੰਜਾਬ ਮਿਸ਼ਨ ਅਧੀਨ ਇਸ ਸਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਯਾਦ-ਪੱਤਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੱਟਾਂ ਬਣਾਉਣ ਵਾਲੇ ਇਨ੍ਹਾਂ ਭੱਠਿਆਂ ਦੇ ਰਵਾਇਤੀ ਡਿਜ਼ਾਇਨ ਕਾਰਨ ਨਾ ਸਿਰਫ਼ ਊਰਜਾ ਦੀ ਜ਼ਿਆਦਾ ਖ਼ਪਤ ਹੁੰਦੀ ਹੈ ਬਲਕਿ ਇਹ ਵੱਖ ਵੱਖ ਸਿਹਤ ਸਮੱਸਿਆਵਾਂ ਅਤੇ ਵਾਤਾਵਰਣ ਨਾਲ ਸਬੰਧਤ ਮੁੱਦਿਆਂ ਦਾ ਕਾਰਨ ਵੀ ਬਣਦਾ ਹੈ। ਪਰ ਇਸ ਨਵੇਂ ਡਿਜ਼ਾਇਨ ਨਾਲ ਕਾਰਬਨ ਦੇ ਨਿਕਾਸ ਵਿੱਚ ਕਮੀ ਆਏਗੀ ਜਿਸ ਨਾਲ ਵਾਤਾਵਰਣ ਪ੍ਰਦੂਸ਼ਣ ਦੀ ਸਮੱਸਿਆ ਵੀ ਘਟੇਗੀ। ਇਸ ਦੇ ਨਾਲ ਹੀ ਇਸ ਨਵੀਨ ਤਕਨਾਲੋਜੀ ਨੂੰ ਅਪਣਾਉਣ ਨਾਲ ਕੀਮਤੀ ਸ੍ਰੋਤਾਂ (ਮਿੱਟੀ ਅਤੇ ਕੋਲੇ) ਵਿੱਚ 20 ਤੋਂ 30 ਫੀਸਦੀ ਦੀ ਸਿੱਧੀ ਬੱਚਤ ਹੈ। ਇਸ ਦੇ ਨਾਲ ਹੀ ਜਿਗ-ਜੈਗ ਤਕਨਾਲੋਜੀ ਨੂੰ ਅਪਣਾਉਣ ਨਾਲ ਇੰਡਸਟਰੀ ਵੱਲੋਂ ਇੱਕ ਸੀਜ਼ਨ ਦੌਰਾਨ ਪ੍ਰਤੀ ਭੱਠੇ 'ਤੇ ਕੋਲੇ ਦੀ 25 ਫੀਸਦ ਬੱਚਤ ਦਰਜ ਕੀਤੀ ਗਈ ਹੈ ਜੋ ਕਿ 15 ਲੱਖ ਰੁਪਏ ਬਣਦੀ ਹੈ।ਉਨ੍ਹਾਂ ਦੱਸਿਆ ਕਿ ਭੱਠਿਆਂ ਵਿੱਚ ਜਿਗ ਜੈਗ ਤਕਨਾਲੋਜੀ ਅਪਣਾਉਣ ਲਈ ਪ੍ਰਤੀ ਭੱਠਾ 20 ਤੋਂ 25 ਲੱਖ ਰੁਪਏ ਦੀ ਸ਼ੁਰੂਆਤੀ ਲਾਗਤ ਪੈਂਦੀ ਹੈ, ਪਰ ਇੱਟਾਂ ਦੇ ਮਿਆਰ ਵਿੱਚ ਸੁਧਾਰ ਅਤੇ ਕੋਲੇ ਦੀ ਘਟੀ ਖ਼ਪਤ ਦੇ ਪੱਖ ਤੋਂ ਇਹ ਰਾਸ਼ੀ ਆਸਾਨੀ ਨਾਲ ਇੱਕ ਸਾਲ ਦੇ ਅੰਦਰ ਰਿਕਵਰ ਹੋ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਇੱਥੇ ਪੰਜਾਬ ਵਿੱਚ ਇੱਟਾਂ ਬਣਾਉਣ ਵਾਲੇ ਤਕਰੀਬਨ 2854 ਭੱਠੇ ਹਨ ਜਿਨ੍ਹਾਂ ਵਿੱਚੋਂ 1300 ਭੱਠੇ ਆਧੁਨਿਕ ਤਕਨੀਕ ਦੀ ਸ਼ੁਰੂਆਤ ਵੱਲ ਵਧ ਗਏ ਹਨ। ਇਨ੍ਹਾਂ ਵਿੱਚੋਂ 700 ਭੱਠੇ ਜਿਗ-ਜੈਗ ਤਕਨਾਲੋਜੀ ਵੱਲ ਪੂਰੀ ਤਰ੍ਹਾਂ ਤਬਦੀਲ ਹੋ ਗਏ ਹਨ ਜਦਕਿ ਬਾਕੀ ਪ੍ਰਕਿਰਿਆ ਅਧੀਨ ਹਨ। ਪਰ ਲਗਭਗ 1550 ਭੱਠਾ ਮਾਲਕਾਂ ਨੇ ਇਸ ਨਵੀਨ ਤਕਨਾਲੋਜੀ ਵੱਲ ਵਧਣ ਲਈ ਹਾਲੇ ਕੋਈ ਕਦਮ ਨਹੀਂ ਉਠਾਇਆ ਹੈ। ਅਜਿਹੇ ਭੱਠਾ ਮਾਲਕਾਂ ਨੂੰ ਚੇਤਾਵਨੀ ਦਿੰਦਿਆਂ ਪੰਨੂੰ ਨੇ ਸਪੱਸ਼ਟ ਕੀਤਾ ਕਿ ਨਿਰਧਾਰਿਤ ਸਮਾਂ ਸੀਮਾ ਤੋਂ ਬਾਅਦ ਸੂਬੇ ਵਿੱਚ ਅਜਿਹੇ ਕਿਸੇ ਵੀ ਭੱਠੇ ਦੇ ਕੰਮ-ਕਾਜ ਨੂੰ ਠੱਪ ਕੀਤਾ ਜਾਵੇਗਾ। ਸਖ਼ਤ ਚੇਤਾਵਨੀ ਦਿੰਦਿਆਂ ਸ. ਪੰਨੂੰ ਨੇ ਕਿਹਾ ਕਿ ਜੇ ਜ਼ਰੂਰਤ ਪਈ ਤਾਂ 30 ਸਤੰਬਰ ਤੋਂ ਬਾਅਦ ਉਕਤ ਡਿਫਾਲਟਰਾਂ ਨੂੰ ਕੋਲੇ ਦੀ ਸਪਲਾਈ ਬੰਦੀ ਕੀਤੀ ਜਾਵੇਗੀ।ਸ. ਪੰਨੂੰ ਨੇ ਸੁਚੇਤ ਕਰਦਿਆਂ ਕਿਹਾ ਕਿ ਜੇ ਸਰਦੀਆਂ ਦੇ ਮਹੀਨਿਆਂ ਦੌਰਾਨ ਜੇ ਇੱਟਾਂ ਬਣਾਉਣ ਵਾਲੇ 3000 ਭੱਠੇ ਕੋਲੇ ਨਾਲ ਭਖਾਏ ਜਾਂਦੇ ਹਨ ਤਾਂ ਘੱਟ ਤਾਪਮਾਨ ਅਤੇ ਉੱਚ ਨਮੀ ਦੇ ਕਾਰਨ ਪ੍ਰਦੂਸ਼ਿਤ ਹਵਾ ਆਸੇ ਪਾਸੇ ਨਹੀਂ ਖਿੰਡਦੀ। ਅਕਤੂਬਰ ਅਤੇ ਨਵੰਬਰ ਮਹੀਨਿਆਂ ਦੌਰਾਨ ਪਰਾਲੀ ਸੜਨ ਤੋਂ ਪੈਦਾ ਹੌਈਆਂ ਜ਼ਹਿਰੀਲੀਆਂ ਗੈਸਾਂ ਦੇ ਹਵਾ ਵਿੱਚ ਸ਼ਾਮਲ ਹੋਣ ਨਾਲ ਇਹ ਸਮੱÎਸਿਆ ਹੋਰ ਵੀ ਵਧ ਜਾਂਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਸਾਨੂੰ ਜਲਦ ਤੋਂ ਜਲਦ ਵਾਤਾਵਰਨ-ਪੱਖੀ ਤਕਨਾਲੋਜੀ ਅਪਣਾਉਣ ਵੱਲ ਰੁਖ਼ ਕਰ ਲੈਣਾ ਚਾਹੀਦਾ ਹੈ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ