ਸੜਕ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਦਰਦਨਾਕ ਮੌਤ,ਪੁਲ ਤੋਂ ਹੇਠਾਂ ਜਾ ਡਿੱਗੀ ਕਾਰ

Tags: 

ਜਗਰਾਉਂ ,29 ਜੂਨ:  (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਲੁਧਿਆਣਾ ਮੋਗਾ ਰੋਡ ਤੇ ਪੈਂਦੇ ਸ਼ਹਿਰ ਜਗਰਾਉਂ ਨੇੜੇ ਜੀਟੀ ਰੋਡ ਤੇ ਹੋਏ ਸੜਕ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ । ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਨ੍ਹਾਂ ਦੋਨਾਂ ਨੌਜਵਾਨਾਂ ਦੀ ਕਾਰ ਪੁਲ ਤੋਂ ਹੇਠਾਂ ਜਾ ਡਿੱਗੀ ।ਥਾਣਾ ਸਿਟੀ ਜਗਰਾਉਂ ਦੇ ਐਸ ਐਚ ਓ ਨਿਧਾਨ ਸਿੰਘ ਨੇ ਸਾਡਾ ਮੋਗਾ ਡਾਟ ਕਾਮ ਨਿਊਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਗਾਲਬ ਦੇ ਵਾਸੀ ਮਨਜਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਅਤੇ ਹਰਮਿੰਦਰਪਾਲ ਸਿੰਘ ਪੁੱਤਰ ਜਸਪਾਲ ਸਿੰਘ ਆਪਣੀ ਪੋਲੋ ਕਾਰ ਤੇ ਸਵਾਰ ਹੋ ਕੇ ਚੰਡੀਗੜ੍ਹ ਤੋਂ ਜਗਰਾਉਂ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਕਾਰ ਪਿੰਡ ਅਲੀਗੜ੍ਹ ਨਜ਼ਦੀਕ ਪੁੱਜੀ ਤਾਂ ਗੱਡੀ ਸੜਕ ਤੇ ਬਣੇ ਪੁਲ ਦੇ ਜੰਗਲੇ ਤੋੜ ਕੇ ਹੇਠਾਂ ਜਾ ਡਿੱਗੀ । ਕਾਰ ਦੇ ਪੁਲ ਤੋਂ ਹੇਠਾਂ ਡਿੱਗਣ ਸਾਰ ਦੋਨਾਂ ਨੌਜਵਾਨਾਂ ਦੀ ਮੌਤ ਹੋ ਗਈ ।ਇਹ ਹਾਦਸਾ ਰਾਤ ਬਾਰਾਂ ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾਂਦਾ ਹੈ ।ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ ਐਚ ਓ  ਨਿਧਾਨ ਸਿੰਘ ਅਤੇ ਪੁਲਿਸ ਪਾਰਟੀ ਨੇ ਘਟਨਾ ਸਥਾਨ ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਸਾਡਾ ਮੋਗਾ ਡਾਟਕਾਮ ਨਿਊਜ਼ ਪੋਰਟਲ ਨੂੰ ਪ੍ਰਾਪਤ ਜਾਣਕਾਰੀ ਮੁਤਾਬਕ ਹਾਦਸੇ ਵਿੱਚ ਮਾਰਿਆ ਗਿਆ ਮਨਜਿੰਦਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਜਦ ਕਿ ਦੂਸਰਾ ਮਾਰਿਆ ਜਾਣ ਵਾਲਾ ਉਸ ਦਾ ਸਾਥੀ ਹਰਮਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ।ਅੱਜ ਪਿੰਡ ਗਾਲਬ ਅਤੇ ਲਾਗਲੇ ਪਿੰਡਾਂ ਵਿੱਚ ਇਸ ਘਟਨਾ ਕਾਰਨ ਲੋਕਾਂ ਵਿਚ ਉਦਾਸੀ ਦਾ ਮਾਹੌਲ ਰਿਹਾ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ