ਬੰਜਰ ਹੋਣ ਜਾ ਰਹੀ ਪੰਜਾਬ ਦੀ ਜਰਖ਼ੇਜ਼ ਧਰਤੀ ਨੂੰ ਬਚਾਉਣ ਦਾ ਦਿੱਤਾ ਹੋਕਾ,ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਨੂੰ ਝੋਨੇ ਹੇਠਲੇ ਰਕਬੇ ’ਚੋਂ ਕੱਢਣ ਲਈ ਸਰਕਾਰ ਤੋਂ ਕੀਤੀ ਮੰਗ

ਜੈਤੋ, 27 ਜੂਨ (ਮਨਜੀਤ ਸਿੰਘ ਢੱਲਾ)ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਦੇ ਬੰਜਰ ਹੋਣ ਵੱਲ ਤੇਜ਼ੀ ਨਾਲ ਵਧਦੇ ਕਦਮਾਂ ਦੀ ਆਹਟ ਹਕੂਮਤ ਦੇ ਕੰਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਜਥੇਬੰਦੀ ਨੇ ਝੋਨੇ ਦੀ ਫ਼ਸਲ ਵਿਚ ਬਦਲਾਅ ਦੀ ਵਕਾਲਤ ਕਰਦਿਆਂ ਸਰਕਾਰਾਂ ਨੂੰ ਖ਼ਬਰਦਾਰ ਕੀਤਾ ਹੈ ਕਿ ਝੋਨੇ ਨੂੰ ਪੰਜਾਬ ਦੀ ਫ਼ਸਲ ਕਦੇ ਵੀ ਮੰਨਿਆ ਨਹੀਂ ਜਾ ਸਕਦਾ ਕਿਉਂਕਿ ਇਹ ਪੰਜਾਬੀਆਂ ਦੀ ਮਨਭਾਉਂਦੀ ਖ਼ੁਰਾਕ ਨਹੀਂ। ਪੰਜਾਬ ਵਿਚ ਫ਼ਸਲੀ ਵਿਭਿੰਨਤਾ ਦੀ ਝੰਡਾ ਬਰਦਾਰ ਬਣਨ ਜਾ ਰਹੀ ਇਸ ਜਥੇਬੰਦੀ ਨੇ ਲੋਕਾਈ ਅਤੇ ਹਾਕਮਾਂ ਨੂੰ ਸੁਚੇਤ ਕੀਤਾ ਹੈ ਕਿ ਜੇ ਵਕਤ ਰਹਿੰਦਿਆਂ ਇਸ ਪਾਸੇ ਕਦਮ ਨਾ ਚੁੱਕਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਜ਼ਮੀਨ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣੇ ਹਥਿਆ ਲਿਜਾਣਗੇ।ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸਰਬਜੀਤ ਸਿੰਘ ਅਜਿੱਤਗਿੱਲ ਦੀ ਪ੍ਰਧਾਨਗੀ ਵਿਚ ਇਕੱਠੇ ਹੋਏ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਸਰਦੂਲ ਸਿੰਘ ਕਾਸਿਮਭੱਟੀ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਜ਼ੋਰ ਦੇ ਕੇ ਆਖਿਆ ਕਿ ਪੰਜਾਬ ਦੀ ਕਿਸਾਨੀ ਸਿਰ ਕਰਜ਼ੇ ਦਾ ਵੱਡਾ ਕਾਰਨ ਹਕੂਮਤਾਂ ਵੱਲੋਂ ਧੱਕੇ ਨਾਲ ਥੋਪਿਆ ਗਿਆ ਖੇਤੀ ਮਾਡਲ ਹੈ। ਉਨ੍ਹਾਂ ਆਖਿਆ ਕਿ ਝੋਨੇ ਦੀ ਕਾਸ਼ਤ ਕਰਨ ਨਾਲ ਕਿਸਾਨਾਂ ਨੂੰ ਬਿਜਲੀ ਦੀ ਲੋੜ, ਧਰਾਤਲੀ ਪਾਣੀ ਦੇ ਡੂੰਘੇ ਹੋ ਰਹੇ ਪੱਧਰ, ਪਰਾਲੀ ਸਾਂਭਣ ਲਈ ਖੇਤੀ ਸੰਦਾਂ ਦੀ ਜ਼ਰੂਰਤ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰੇ ਇਨਕਲਾਬ ਦੇ ਖੇਤੀ ਮਾਡਲ ਨੂੰ ਬਦਲ ਕੇ ਹੰਢਣਸਾਰ, ਕੁਦਰਤ ਤੇ ਕਿਸਾਨ ਪੱਖੀ ਮਾਡਲ ਮਾਡਲ ਤਿਆਰ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਫ਼ਸਲੀ ਵਿਭਿੰਨਤਾ ਤਹਿਤ ਝੋਨੇ ਦੇ ਬਦਲ ਵਜੋਂ ਸਰਕਾਰਾਂ ਨੂੰ ਅਜਿਹੀਆਂ ਫ਼ਸਲਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਜਿਨ੍ਹਾਂ ਦੀ ਉਪਜ ਨਾਲ ਕਿਸਾਨ ਦੀ ਆਰਥਕਿਤਾ ਪੈਰਾਂ ਸਿਰ ਹੋਵੇ। ਇਹ ਵੀ ਯਕੀਨੀ ਬਣਾਇਆ ਜਾਵੇ ਕਿ ਸਰਕਾਰੀ ਏਜੰਸੀਆਂ ਅਜਿਹੀਆਂ ਫ਼ਸਲਾਂ ਦਾ ਦਾਣਾ-ਦਾਣਾ ਖੁਦ ਖ਼ਰੀਦਣ।ਸਰਬਜੀਤ ਅਜਿੱਤਗਿੱਲ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਕੈਪਟਨ ਸਰਕਾਰ ਵੱਲੋਂ ਕਰਜ਼ਾ ਮੁਆਫ਼ੀ ਮਾਮਲੇ ’ਚ ਪੈਰ ਪਿਛਾਂਹ ਖਿੱਚੇ ਜਾਣ ਉਪਰੰਤ ਸਰਕਾਰ ਨੂੰ ਵਾਅਦਾ ਯਾਦ ਕਰਾਉਣ ਲਈ 23 ਜੁਲਾਈ ਨੂੰ ਜਥੇਬੰਦੀ ਵੱਲੋਂ ਜ਼ਿਲ੍ਹਾ ਮੁਕਾਮਾਂ ’ਤੇ ਧਰਨੇ ਦੇਣ ਦੇ ਪ੍ਰੋਗਰਾਮ ਨੂੰ ਸਫ਼ਲ ਬਣਾਇਆ ਜਾਵੇ।ਇਸ ਮੌਕੇ ਜ਼ਿਲ੍ਹਾ ਆਗੂ ਇਕਬਾਲ ਸਿੰਘ ਬਿਸ਼ਨੰਦੀ, ਇਕਾਈ ਜੈਤੋ ਦੇ ਪ੍ਰਧਾਨ ਰਛਪਾਲ ਸਿੰਘ, ਜਗਜੀਤ ਸਿੰਘ, ਹਰਵਿੰਦਰ ਸਿੰਘ, ਜਸਵੀਰ ਸਿੰਘ, ਹਰਦਿਆਲ ਸਿੰਘ ਅਤੇ ਜਗਤਾਰ ਸਿੰਘ ਨੇ ਵੀ ਵਿਚਾਰ ਰੱਖੇ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ